Farmer Protest: ਕੇਂਦਰ ਸਰਕਾਰ ਖਿਲਾਫ ਅੰਦੋਲਨ ਖਤਮ ਕਰਨ ਤੋਂ ਬਾਅਦ ਪੰਜਾਬ ਦੇ ਕਿਸਾਨ ਲੀਡਰਾਂ ਨੇ ਚਰਨਜੀਤ ਚੰਨੀ ਦੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਚਰਨਜੀਤ ਚੰਨੀ ਦੀ ਸਰਕਾਰ ’ਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਏ ਹਨ। ਰਾਜੇਵਾਲ ਨੇ ਕਿਹਾ ਹੈ ਕਿ ਹੁਣ ਉਹ ਚਰਨਜੀਤ ਚੰਨੀ ਵੱਲੋਂ ਬੁਲਾਈ ਗਈ ਕਿਸੇ ਵੀ ਮੀਟਿੰਗ ਦਾ ਹਿੱਸਾ ਨਹੀਂ ਬਣਨਗੇ। ਕਿਸਾਨ ਆਗੂ ਨੇ ਚੰਨੀ ਸਰਕਾਰ ’ਤੇ ਡਰਾਮੇਬਾਜ਼ੀ ਕਰਨ ਦਾ ਦੋਸ਼ ਲਾਇਆ ਹੈ।  



ਦਰਅਸਲ ਕਿਸਾਨਾਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਲਈ ਚਰਨਜੀਤ ਸਿੰਘ ਚੰਨੀ ਵੱਲੋਂ 17 ਦਸੰਬਰ ਨੂੰ ਮੀਟਿੰਗ ਸੱਦੀ ਗਈ ਸੀ ਪਰ ਬਾਅਦ ਵਿੱਚ ਇਹ ਮੀਟਿੰਗ 17 ਦੀ ਬਜਾਏ 20 ਦਸੰਬਰ ਵਿੱਚ ਤਬਦੀਲ ਕਰ ਦਿੱਤੀ ਗਈ। ਪੰਜਾਬ ਸਰਕਾਰ ਦੀ ਤਰਫੋਂ ਕਿਹਾ ਗਿਆ ਕਿ 17 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਕਿਸਾਨਾਂ ਦੀਆਂ ਕੁਝ ਜਥੇਬੰਦੀਆਂ ਨਹੀਂ ਪਹੁੰਚ ਸਕਦੀਆਂ ਸੀ। ਕਿਸਾਨ ਆਗੂਆਂ ਵੱਲੋਂ ਮੀਟਿੰਗ ਮੁਲਤਵੀ ਕਰਨ ’ਤੇ ਇਤਰਾਜ਼ ਪ੍ਰਗਟਾਇਆ ਗਿਆ ਹੈ।

ਬਲਵੀਰ ਰਾਜੇਵਾਲ ਨੇ ਕਿਹਾ, “ਜੇਕਰ ਕੁਝ ਜਥੇਬੰਦੀਆਂ ਨਹੀਂ ਆ ਸਕਦੀਆਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਮੀਟਿੰਗ ਨੂੰ ਹੀ ਮੁਲਤਵੀ ਕਰ ਦਿਓਗੇ। ਚਰਨਜੀਤ ਚੰਨੀ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਹੁਣ ਅਸੀਂ ਸ਼ਾਮਲ ਨਹੀਂ ਹੋਵਾਂਗੇ ਤੇ ਇਸ ਦਾ ਬਾਈਕਾਟ ਕੀਤਾ ਜਾਵੇਗਾ।

ਚੰਨੀ ਸਰਕਾਰ 'ਤੇ ਡਰਾਮਾ ਕਰਨ ਦਾ ਦੋਸ਼
ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਚੰਨੀ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਨਹੀਂ ਮਿਲਿਆ ਹੈ। ਮੀਟਿੰਗ ਦਾ ਸਮਾਂ ਵਾਰ-ਵਾਰ ਬਦਲਿਆ ਜਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਚੋਣਾਂ ਨੇੜੇ ਹਨ, ਇਸ ਲਈ ਇਹ ਲੋਕ ਸੁਣਨਾ ਨਹੀਂ ਚਾਹੁੰਦੇ ਅਤੇ ਡਰਾਮਾ ਕਰ ਰਹੇ ਹਨ।

ਦੱਸ ਦੇਈਏ ਕਿ ਪੰਜਾਬ ਦੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜੇਕਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਅਗਲੇ ਦਿਨਾਂ ਵਿੱਚ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਇਸ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ ਜਾ ਸਕਦਾ ਹੈ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ