ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਿਨਾਮ ਸਿੰਘ ਪੰਨੂ ਮੁਤਾਬਕ ਮਾਝੇ ਤੇ ਮਾਲਵੇ ਦੇ ਨੌਂ ਜ਼ਿਲ੍ਹਿਆਂ ਵਿੱਚ ਕਿਸਾਨ ਜਥੇ ਗ੍ਰਿਫਤਾਰੀਆਂ ਲਈ ਪੇਸ਼ ਹੋਏ ਪਰ ਸਰਕਾਰ ਨੇ ਗ੍ਰਿਫ਼ਤਾਰ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਔਰਤਾਂ ਲੰਗਰ ਲੈ ਕੇ ਮੋਰਚਿਆਂ ਵਿੱਚ ਪੁੱਜ ਰਹੀਆਂ ਹਨ। ਸਰਕਾਰ ਇਸ ਗੱਲੋਂ ਫਿਕਰਮੰਦ ਹੋਈ ਹੈ ਕਿ ਕਿਸਾਨ ਇਕੱਠਾਂ ਵਿੱਚ ਹੁਣ ਨੌਜਵਾਨਾਂ ਤੇ ਔਰਤਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ। ਅਗਸਤ ਦੇ ਅਖੀਰਲੇ ਹਫਤੇ ਵਿੱਚ ਮਾਲਵੇ ਦੇ 600 ਪਿੰਡਾਂ ਵਿੱਚ ‘ਪਿੰਡ ਜਗਾਓ ਮੋਰਚਾ’ ਚੱਲਿਆ ਹੈ, ਜਿਸ ਵਿੱਚ ਇੱਕ ਦਿਨ ਔਰਤਾਂ ਦਾ ਇਕੱਠ ਹੋਇਆ ਜਿਸ ਵਿੱਚ 26 ਹਜ਼ਾਰ ਔਰਤਾਂ ਜੁੜੀਆਂ।
ਉਧਰ, ਬੀਕੇਯੂ (ਡਕੌਂਦਾ) ਤੇ ਹੋਰਨਾਂ ਧਿਰਾਂ ਨੇ 14 ਸਤੰਬਰ ਨੂੰ ਪੰਜ ਜ਼ਿਲ੍ਹਿਆਂ ਵਿਚ ਵੰਗਾਰ ਰੈਲੀਆਂ ਕਰਨ ਦਾ ਫੈਸਲਾ ਕੀਤਾ ਹੈ ਜਦੋਂਕਿ ਬੀਕੇਯੂ (ਰਾਜੇਵਾਲ) ਤੇ ਲੱਖੋਵਾਲ ਤੋਂ ਇਲਾਵਾ 11 ਕਿਸਾਨ ਧਿਰਾਂ ਨੇ 15 ਸਤੰਬਰ ਨੂੰ ਦੋ ਘੰਟੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਬੀਕੇਯੂ (ਉਗਰਾਹਾਂ) ਨੇ ਪਿੰਡ ਬਾਦਲ ਤੇ ਪਟਿਆਲਾ ਵਿੱਚ 15 ਤੋਂ 20 ਸਤੰਬਰ ਤੱਕ ਮੋਰਚਾ ਲਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਅਹਿਮ ਹੈ ਕਿ ਦੇਸ਼ ਦੀਆਂ 250 ਕਿਸਾਨ ਜਥੇਬੰਦੀਆਂ ਨਾਲ ਰਲ ਕੇ ਜਿਥੇ ਪੰਜਾਬ ਦੀਆਂ ਸੰਘਰਸ਼ੀਲ 10 ਕਿਸਾਨ ਜਥੇਬੰਦੀਆਂ ਪਹਿਲਾਂ ਹੀ ਕਿਸਾਨ ਮੁੱਦਿਆਂ ਬਾਰੇ ਸੰਘਰਸ਼ ਕਰ ਰਹੀਆਂ ਹਨ, ਉੱਥੇ ਪੰਜਾਬ ਦੀਆਂ 11 ਹੋਰ ਕਿਸਾਨ ਜਥੇਬੰਦੀਆਂ ਨੇ ਵੀ ‘ਕਿਸਾਨ ਕੋਆਰਡੀਨੇਸ਼ਨ ਕਮੇਟੀ’ ਦੇ ਬੈਨਰ ਹੇਠ ਇੱਕ ਵੱਖਰਾ ਤੇ ਨਵਾਂ ਸੰਗਠਨ ਖੜ੍ਹਾ ਕੀਤਾ ਹੈ।
ਖਾਸ ਕਰਕੇ ਖੇਤੀ ਵਿਰੋਧੀ ਆਰਡੀਨੈਂਸਾਂ ਤੇ ਬਿਜਲੀ ਐਕਟ-2020 ਖ਼ਿਲਾਫ਼ ਬਣੀ ਇਸ ਕੋਆਰਡੀਨੇਸ਼ਨ ਕਮੇਟੀ ਵੱਲੋਂ 15 ਸਤੰਬਰ ਨੂੰ ਪਲੇਠਾ ਤੇ ਵੱਡਾ ਐਕਸ਼ਨ ਕਰਕੇ ਕੇਂਦਰ ਖ਼ਿਲਾਫ਼ ਸਾਂਝੇ ਸੰਘਰਸ਼ ਦਾ ਪਿੜ ਬੰਨ੍ਹਿਆ ਜਾ ਰਿਹਾ ਹੈ। ਉਸ ਦਿਨ ਪੰਜਾਬ ’ਚ ਪੰਦਰਾਂ ਥਾਵਾਂ ’ਤੇ ਧਰਨੇ ਦੇ ਕੇ ਕੌਮੀ ਮਾਰਗ ਜਾਮ ਕੀਤੇ ਜਾਣਗੇ, ਜਿਸ ਦੀਆਂ ਤਿਆਰੀਆਂ ਵਜੋਂ ਅੱਜ ਪੰਜਾਬ ਦੇ ਸਮੂਹ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਮੀਟਿੰਗਾਂ ਕੀਤੀਆਂ ਗਈਆਂ।