- Home
-
ਖ਼ਬਰਾਂ
-
ਪੰਜਾਬ
Farmers Protest LIVE Updates: ਅੰਦੋਲਨ ਦਾ 40ਵਾਂ ਦਿਨ, ਕਿਸਾਨਾਂ ਦੀ ਸਰਕਾਰ ਨਾਲ ਅਹਿਮ ਮੀਟਿੰਗ
Farmers Protest LIVE Updates: ਅੰਦੋਲਨ ਦਾ 40ਵਾਂ ਦਿਨ, ਕਿਸਾਨਾਂ ਦੀ ਸਰਕਾਰ ਨਾਲ ਅਹਿਮ ਮੀਟਿੰਗ
ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 40ਵਾਂ ਦਿਨ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਜਾਣੋ ਪਲ-ਪਲ ਦਾ ਹਾਲ ਏਬੀਪੀ ਸਾਂਝਾ 'ਤੇ
ਏਬੀਪੀ ਸਾਂਝਾ
Last Updated:
05 Jan 2021 09:54 AM
ਅੱਜ ਮੰਤਰੀਆਂ ਨੇ ਕਿਸਾਨਾਂ ਨਾਲ ਲੰਗਰ ਨਹੀਂ ਛਕਿਆ। ਪਿਛਲੀ ਵਾਰ ਮੰਤਰੀਆਂ ਨੇ ਆਪਣੀ ਸ਼ਾਹੀ ਭੋਜ ਖਾਣ ਦੀ ਬਜਾਏ ਕਿਸਾਨਾਂ ਨਾਲ ਸਾਦਾ ਲੰਗਰ ਛਕਿਆ ਸੀ। ਇਸ ਨਾਲ ਸਰਕਾਰ ਨੇ ਨਰਮੀ ਦਾ ਸੰਕੇਤ ਦਿੱਤਾ ਸੀ।
ਕੇਂਦਰ ਸਰਕਾਰ ਅਜੇ ਵੀ ਕਾਨੂੰਨ ਵਾਪਸ ਲੈਣ ਦੇ ਮੂਡ ਵਿੱਚ ਨਹੀਂ ਹੈ। ਅੱਜ ਕਿਸਾਨਾਂ ਤੇ ਮੰਤਰੀਆਂ ਵਿਚਾਲੇ ਮੀਟਿੰਗ ਵਿੱਚੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ। ਮੀਟਿੰਗ ਵਿੱਚ ਮੰਤਰੀਆਂ ਨੇ ਜ਼ੋਰ ਦਿੱਤਾ ਕਿ ਸਰਕਾਰ ਕਾਨੂੰਨ ਵਾਪਸ ਲੈਣ ਲਈ ਤਿਆਰ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਮੀਟਿੰਗ ਵਿੱਚ ਕਾਫੀ ਬਹਿਸ ਤੇ ਤਲਖੀ ਵਾਲਾ ਮਾਹੌਲ ਵੀ ਰਿਹਾ।
ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ 8ਵੇਂ ਦੌਰ ਦੀ ਗੱਲਬਾਤ ਵਿਗਿਆਨ ਭਵਨ ਤੋਂ ਸ਼ੁਰੂ ਹੋ ਗਈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਕੇਂਦਰੀ ਮੰਤਰੀ ਪਿਯੂਸ਼ ਗੋਇਲ ਤੇ ਸੋਮ ਪ੍ਰਕਾਸ਼ ਮੀਟਿੰਗ ਵਿੱਚ ਮੌਜੂਦ ਹਨ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਸਾਰੇ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਇਸ ਦੌਰਾਨ ਮੰਤਰੀ ਵੀ ਮੌਜੂਦ ਸਨ।
ਅੰਦੋਲਨਕਾਰੀ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਗੱਲਬਾਤ ਦਾ ਅੱਠਵਾਂ ਦੌਰ ਸ਼ੁਰੂ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਵਿਗਿਆਨ ਭਵਨ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅੱਜ ਸਰਕਾਰ ਨੂੰ ਕਿਸਾਨਾਂ ਨਾਲ ਸਕਾਰਾਤਮਕ ਗੱਲਬਾਤ ਦੀ ਉਮੀਦ ਹੈ। ਅਸੀਂ ਉਮੀਦ ਕਰ ਰਹੇ ਹਾਂ ਕਿ ਕਿਸਾਨ ਸਰਕਾਰ ਦੀ ਗੱਲ ਸੁਣਨਗੇ ਤੇ ਆਪਣਾ ਅੰਦੋਲਨ ਖਤਮ ਕਰਨਗੇ।
ਕਿਸਾਨ ਲੀਡਰ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਅਗਲੇ ਗੇੜ ਲਈ ਵਿਗਿਆਨ ਭਵਨ ਪਹੁੰਚ ਗਏ ਹਨ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਤੇ ਹੋਰ ਮੰਤਰੀ ਵੀ ਵਿਗਿਆਨ ਭਵਨ ਪਹੁੰਚ ਰਹੇ ਹਨ।
ਕਿਸਾਨ ਅੰਦੋਲਨ ਦੀ ਵੱਡੀ ਮਾਰ ਕਾਰਪੋਰੇਟ ਘਰਾਣਿਆਂ ਨੂੰ ਵੀ ਝੱਲਣੀ ਪੈ ਰਹੀ ਹੈ। ਪੰਜਾਬ ਤੇ ਹਰਿਆਣਾ 'ਚ ਲਗਾਤਾਰ ਕਿਸਾਨਾਂ ਦੇ ਸਮਰਥਨ 'ਚ ਲੋਕਾਂ ਵੱਲੋਂ ਰਿਲਾਇੰਸ ਜੀਓ ਦੇ ਟਾਵਰਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਹਨ ਜਾਂ ਫਿਰ ਜੀਓ ਦੀਆਂ ਸਿਮ ਬੰਦ ਕਰਕੇ ਅੰਬਾਨੀਆਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਪੰਜਾਬ ਤੇ ਹਰਿਆਣਾ ਵਿੱਚ ਜੀਓ ਦੇ ਮੋਬਾਈਲ ਟਾਵਰਾਂ ‘ਤੇ ਟੈਲੀਫ੍ਰੇਮਡ ਤੇ ਸੰਚਾਰ ਸੇਵਾਵਾਂ ਨੂੰ ਰੋਕਣ ਦਾ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ।
ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਉਨ੍ਹਾਂ ਕਿਸਾਨਾਂ ਲਈ ਇਨਸਾਫ਼ ਮੰਗਿਆ ਹੈ। ਸੋਮਵਾਰ ਨੂੰ ਧਰਮਿੰਦਰ ਨੇ ਟਵਿੱਟਰ 'ਤੇ ਕਿਸਾਨਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਅੱਜ ਮੇਰੇ ਕਿਸਾਨ ਭਰਾਵਾਂ ਨੂੰ ਇਨਸਾਫ਼ ਮਿਲ ਜਾਵੇ। ਜੀ ਜਾਨ ਤੋਂ ਅਰਦਾਸ ਕਰਦਾ ਹਾਂ। ਹਰ ਇੱਕ ਨੇਕ ਰੂਹ ਨੂੰ ਸਕੂਨ ਮਿਲ ਜਾਵੇਗਾ।'
ਕਿਸਾਨ ਥੋੜ੍ਹੀ ਦੇਰ ਵਿੱਚ ਮੰਤਰੀਆਂ ਨਾਲ ਮੀਟਿੰਗ ਲਈ ਰਵਾਨਾ ਹੋਣਗੇ। 8ਵੇਂ ਦੌਰ ਦੀ ਮੀਟਿੰਗ ਅੱਜ ਦੁਪਹਿਰ 2 ਵਜੇ ਹੋਵੇਗੀ। ਕਿਸਾਨ ਨੇਤਾਵਾਂ ਨੇ ਬੱਸ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ ਹੈ। ਥੋੜ੍ਹੀ ਦੇਰ ਵਿੱਚ, ਕਿਸਾਨ ਸਿੰਘੂ ਹੱਦ ਤੋਂ ਬੈਠਕ ਲਈ ਰਵਾਨਾ ਹੋਣਗੇ।
ਰਿਲਾਇੰਸ ਕੰਪਨੀ ਦਾ ਕਹਿਣਾ ਹੈ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਤੋਂ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ ਤੇ ਇਨ੍ਹਾਂ ਕਾਨੂੰਨਾਂ ਤੋਂ ਕੰਪਨੀ ਨੂੰ ਕਿਸੇ ਤਰ੍ਹਾਂ ਦਾ ਕੋਈ ਫ਼ਾਇਦਾ ਹੋਣ ਵਾਲਾ ਨਹੀਂ। ਕੰਪਨੀ ਨੇ ਕਦੇ ਵੀ ਕਾਰਪੋਰੇਟ ਜਾਂ ਕੰਟਰੈਕਟ ਖੇਤੀ ਨਹੀਂ ਕੀਤੀ ਹੈ ਤੇ ਨਾ ਹੀ ਭਵਿੱਖ ’ਚ ਇਸ ਕਾਰੋਬਾਰ ਵਿੱਚ ਉੱਤਰਨ ਦਾ ਕੋਈ ਇਰਾਦਾ ਹੈ। ਉਹ ਸਿੱਧੇ ਤੌਰ ਉੱਤੇ ਕਿਸਾਨਾਂ ਤੋਂ ਕੋਈ ਖ਼ਰੀਦ ਨਹੀਂ ਕਰਦੀ।
ਨਵੇਂ ਖੇਤੀ ਕਾਨੂੰਨਾਂ ਵਿਰੁੱਧ ਰੋਸ ਮੁਜ਼ਾਹਰੇ ਤੇ ਧਰਨੇ ਦੇ ਪ੍ਰਮੁੱਖ ਸਥਾਨ 'ਤੇ ਦਿੱਲੀ ਦੀ ਹੱਦ ਉੱਤੇ ਸਥਿਤ ਸਿੰਘੂ ਬਾਰਡਰ ਐਤਵਾਰ ਨੂੰ ਮਹਿਲਾ ਕਬੱਡੀ ਮੁਕਾਬਲੇ ਦੇ ਇੱਕ ਮੈਦਾਨ ’ਚ ਤਬਦੀਲ ਹੋ ਗਿਆ। ਦੱਸ ਦੇਈਏ ਕਿ ਇੱਥੇ ਸਖ਼ਤ ਠੰਢ ਦੌਰਾਨ ਪਿਆ ਮੀਂਹ ਵੀ ਇਹ ਜਜ਼ਬਾ ਘੱਟ ਨਾ ਕਰ ਸਕਿਆ। ਕੁੱਲ 12 ਮਹਿਲਾ ਟੀਮਾਂ ਨੇ ਇਸ ਮੁਕਾਬਲੇ ’ਚ ਹਿੱਸਾ ਲਿਆ, ਜੋ ਸਵੇਰੇ 11 ਵਜੇ ਸ਼ੁਰੂ ਹੋਇਆ।
30 ਦਸੰਬਰ ਨੂੰ ਹੋਈ ਗੱਲਬਾਤ 'ਚ ਸਰਕਾਰ ਨੇ ਕਿਸਾਨਾਂ ਦੀਆਂ ਦੋ ਮੁੱਦਿਆਂ ਦੇ ਸਹਿਮਤੀ ਜਤਾਈ ਸੀ। ਇਸ 'ਚ ਪਹਿਲਾ ਸੀ ਕਿ ਪਰਾਲੀ ਸਾੜਨ ਤੇ ਕੇਸ ਦਰਜ ਨਹੀਂ ਹੋਣਗੇ। ਇਸ 'ਚ 1 ਕਰੋੜ ਰੁਪਏ ਜੁਰਮਾਨਾ ਤੇ 5 ਸਾਲ ਦੀ ਕੈਦ ਦਾ ਪ੍ਰਬੰਧ ਸੀ ਪਰ ਹੁਣ ਸਰਕਾਰ ਨੇ ਇਸ ਨੂੰ ਹਟਾਉਣ ਤੇ ਸਹਿਮਤੀ ਜਤਾਈ ਹੈ। ਇਸ ਦੇ ਨਾਲ ਹੀ ਦੂਜਾ ਮੁੱਦਾ ਬਿਜਲੀ ਸੋਧ ਕਾਨੂੰਨ ਦਾ ਸੀ, ਕਿਸਾਨਾਂ ਨੂੰ ਸ਼ੰਕਾ ਸੀ ਕਿ ਇਸ ਨਾਲ ਬਿਜਲੀ ਸਬਸਿਡੀ ਬੰਦ ਹੋ ਜਾਏਗੀ ਪਰ ਸਰਕਾਰ ਹੁਣ ਇਹ ਕਾਨੂੰਨ ਨਾ ਬਣਾਏਗੀ।
ਨਿਊਜ਼ ਏਜੰਸੀ ਦੇ ਸੂਤਰਾਂ ਮੁਤਾਬਕ ਅੱਜ ਦੀ ਬੈਠਕ 'ਚ ਕਿਸਾਨਾਂ ਦੇ ਵੱਡੇ ਮੁੱਦੇ ਵੀ ਹੱਲ ਹੋ ਸਕਦੇ ਹਨ। ਸਰਕਾਰ ਘੱਟੋ-ਘੱਟ ਸਮਰਥਨ ਮੁੱਲ (MSP) ਤੇ ਖੇਤੀਬਾੜੀ ਉਤਪਾਦਨ ਮਾਰਕੀਟ ਕਮੇਟੀ (APMC) ਦੇ ਮੁੱਦਿਆਂ ਉੱਤੇ ਲਿਖਤੀ ਭਰੋਸਾ ਦੇ ਸਕਦੀ ਹੈ। ਇਸ ਨਾਲ ਅਜਿਹੇ ਪ੍ਰਬੰਧ ਕੀਤੇ ਜਾ ਸਕਦੇ ਹਨ ਕਿ ਨਿੱਜੀ ਕੰਪਨੀਆਂ MSP ਤੋਂ ਘੱਟ ਕੀਮਤ ‘ਤੇ ਮੰਡੀਆਂ ਵਿੱਚ ਫਸਲਾਂ ਨਹੀਂ ਖਰੀਦ ਸਕਦੀਆਂ।
ਸੰਸਦ ਦੇ ਆਖ਼ਰੀ ਸੈਸ਼ਨ ਵਿੱਚ ਪਾਸ ਕੀਤੇ ਖੇਤੀਬਾੜੀ ਕਾਨੂੰਨਾਂ (Farm Laws) ਨੂੰ ਹਟਾਉਣ ਲਈ ਅੰਦੋਲਨ (Farmers Protest) ਕਰ ਰਹੇ ਕਿਸਾਨ ਸੰਗਠਨਾਂ (Farmer Unions) ਅਤੇ ਸਰਕਾਰ ਲਈ ਸੋਮਵਾਰ ਦਾ ਦਿਨ ਬਹੁਤ ਅਹਿਮ ਹੈ। ਸੋਮਵਾਰ ਨੂੰ ਦੋਵੇਂ ਧਿਰਾਂ ਸਰਬਸੰਮਤੀ ਨਾਲ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ। ਦੱਸ ਦਈਏ ਕਿ ਇਹ ਗੱਲਬਾਤ ਦਾ ਸੱਤਵਾਂ ਦੌਰ ਹੋਵੇਗਾ ਜਿਸ ਵਿੱਚ ਕਿਸਾਨ ਜਥੇਬੰਦੀਆਂ ਨੂੰ ਭੜਕਾਉਣ ਵਾਲੇ ਕੁਝ ਨੇਤਾ ਅਤੇ ਗੈਰ ਸਰਕਾਰੀ ਸੰਗਠਨ ਗੱਲਬਾਤ ਦੀ ਸਫਲਤਾ ਵਿੱਚ ਰੁਕਾਵਟ ਬਣ ਸਕਦੇ ਹਨ।
ਅੱਜ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਸਾਨਾਂ ਦੇ ਸਮਰਥਨ ਵਿੱਚ ਬਿਆਨ ਜਾਰੀ ਕਰਕੇ ਕੇਂਦਰ ਸਰਕਾਰ ‘ਤੇ ਜ਼ੋਰਦਾਰ ਹਮਲਾ ਕੀਤਾ ਹੈ। ਸੋਨੀਆ ਗਾਂਧੀ ਨੇ ਆਪਣੇ ਬਿਆਨ ਵਿੱਚ ਕਿਹਾ, "ਹੱਡ ਕੰਬਾਉਣ ਵਾਲੀ ਠੰਢ ਤੇ ਬਰਸਾਤੀ ਮੌਸਮ ਵਿੱਚ ਦਿੱਲੀ ਦੀਆਂ ਹੱਦਾਂ 'ਤੇ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ 39 ਦਿਨਾਂ ਤੋਂ ਸੰਘਰਸ਼ ਕਰ ਰਹੇ ਅੰਨਦਾਤਾ ਦੀ ਸਥਿਤੀ ਨੂੰ ਵੇਖਦਿਆਂ ਮੇਰਾ ਦਿਲ ਵੀ ਦੇਸ਼ ਵਾਸੀਆਂ ਵਾਂਗ ਦੁਖੀ ਹੈ। ਅੰਦੋਲਨ ਪ੍ਰਤੀ ਸਰਕਾਰ ਦੀ ਅਣਦੇਖੀ ਕਾਰਨ ਹੁਣ ਤੱਕ 50 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕੁਝ ਨੇ ਤਾਂ ਸਰਕਾਰ ਦੀ ਅਣਗਹਿਲੀ ਕਾਰਨ ਖ਼ੁਦਕੁਸ਼ੀ ਵਰਗੇ ਕਦਮ ਵੀ ਚੁੱਕੇ ਹਨ ਪਰ ਅੱਜ ਤੱਕ ਬੇਰਹਿਮ ਮੋਦੀ ਸਰਕਾਰ ਦਾ ਨਾ ਤਾਂ ਦਿਲ ਪਸੀਜਿਆ ਤੇ ਨਾ ਹੀ ਪ੍ਰਧਾਨ ਮੰਤਰੀ ਤੋਂ ਲੈ ਕੇ ਕਿਸੇ ਮੰਤਰੀ ਕੋਲ ਦਿਲਾਸੇ ਦੇ ਦੋ ਸ਼ਬਦ ਨਿਕਲੇ।"
ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਤੇ ਐਮਐਸਐਮਈ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਦਾਅਵਾ ਕੀਤਾ ਹੈ। ਨਿਤਿਨ ਗਡਕਰੀ ਨੇ ਦੱਸਿਆ ਹੈ ਕਿ ਦੇਸ਼ ਭਰ 'ਚ ਕਿਸਾਨ ਅੰਦੋਲਨ ਕਿਸੇ ਦੇ ਫੈਲਾਏ ਹੋਏ ਭਰਮ ਕਰਕੇ ਕਰ ਰਹੇ ਹਨ। ਗਡਕਰੀ ਨੇ ਕਿਹਾ ਕਿ ਸਾਡੇ ਕਾਰਨ ਬਹੁਤ ਸਾਰੇ ਲੋਕ ਰਾਜਨੀਤੀ ਵਿੱਚ ਬੇਰੁਜ਼ਗਾਰ ਹੋ ਚੁੱਕੇ ਹਨ। ਉਹ ਲੋਕਾਂ ਨੂੰ ਭਰਮਾ ਰਹੇ ਹਨ। ਮੈਂ ਪੁੱਛਦਾ ਹਾਂ ਕਿ ਕਾਨੂੰਨਾਂ 'ਚ ਕਿਸਾਨੀ ਦੇ ਵਿਰੁੱਧ ਕੀ ਹੈ, ਤਾਂ ਫਿਰ ਕੋਈ ਕੁਝ ਨਹੀਂ ਕਹਿੰਦਾ। ਜੇ ਕੋਈ ਸਮੱਸਿਆ ਹੈ, ਤਾਂ ਤੁਸੀਂ ਇਸ ਨੂੰ ਠੀਕ ਕਰਨ ਲਈ ਤਿਆਰ ਹੋ।
ਕਾਂਗਰਸੀ ਦੇ ਸਾਬਕਾ ਮੰਤਰੀ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਇਸ਼ਾਰਾ ਕੀਤਾ ਹੈ ਕਿ ਪੰਜਾਬ ਵਿੱਚ ਰਾਸ਼ਟਰਪਤੀ ਸਾਸ਼ਨ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਤਾਜ਼ਾ ਟਵੀਟ ਵਿੱਚ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਸਰਕਾਰ ਰਿਲਾਇੰਸ ਦੇ ਵਪਾਰਕ ਹਿੱਤ ਬਚਾਉਣ ਤੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਉਣ ਦਾ ਬਹਾਨਾ ਲੱਭ ਰਹੀ ਹੈ।
ਬੀਜੇਪੀ ਪੰਜਾਬ ਵਿੱਚ ਸਰਗਰਮ ਹੋਈ ਹੈ ਪਰ ਕਿਸਾਨਾਂ ਸਾਹਮਣੇ ਲੀਡਰਾਂ ਦੀ ਕੋਈ ਪੇਸ਼ ਨਹੀਂ ਚੱਲ ਰਹੀ। ਅੱਜ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਮੋਗਾ ਵਿੱਚ ਬੇਹੱਧ ਵਿਰੋਧ ਹੋਇਆ।
ਅੱਜ ਸਵੇਰੇ ਮੀਂਹ ਪੈਣ ਕਾਰਨ ਕਿਸਾਨਾਂ ਦੇ ਟੈਂਟਾਂ ਵਿੱਚ ਪਾਣੀ ਭਰ ਗਿਆ। ਫਿਲਹਾਲ, ਕਿਸਾਨਾਂ ਨੇ ਆਪਣੇ ਤੰਬੂਆਂ ਦਾ ਪਾਣੀ ਕੱਢ ਦਿੱਤਾ ਹੈ। ਇੱਕ ਕਿਸਾਨ ਨੇ ਕਿਹਾ, ‘ਮੀਂਹ ਸਾਡੀਆਂ ਫਸਲਾਂ ਲਈ ਚੰਗਾ ਹੈ। ਜਦੋਂ ਅਸੀਂ ਆਪਣੇ ਖੇਤਾਂ ਵਿੱਚ ਕੰਮ ਕਰਦੇ ਹਾਂ, ਅਸੀਂ ਭਿੱਜ ਜਾਂਦੇ ਹਾਂ, ਇਹ ਮਾਇਨੇ ਨਹੀਂ ਰੱਖਦਾ ਕਿ ਅਸੀਂ ਇੱਥੇ ਬਾਰਸ਼ ਦਾ ਸਾਹਮਣਾ ਕਰ ਰਹੇ ਹਾਂ।
ਕਿਸਾਨ ਅੰਦੋਲਨ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਬੀਜੇਪੀ ਲੀਡਰਾਂ ਦੀ ਸ਼ਾਮਤ ਆ ਗਈ ਹੈ। ਹੁਣ ਕਿਸਾਨਾਂ ਨੇ ਅਜਿਹੇ ਲੀਡਰਾਂ ਉੱਪਰ ਕਾਨੂੰਨੀ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਹੈ। ਪੰਜਾਬ ਦੇ ਕਿਸਾਨਾਂ ਨੇ ਤਿੰਨ ਲੀਡਰਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਨ੍ਹਾ ਵਿੱਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਤੇ ਬੀਜੇਪੀ ਲੀਡਰ ਰਾਮ ਮਾਧਵ ਸ਼ਾਮਲ ਹਨ। ਕਿਸਾਨਾਂ ਨੇ ਨੋਟਿਸ ਭੇਜ ਕੇ ਬੀਜੇਪੀ ਲੀਡਰਾਂ ਨੂੰ ਇਤਰਾਜ਼ਯੋਗ ਟਿੱਪਣੀਆਂ ਲਈ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਕਿਹਾ ਹੈ।
ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਅੱਜ 40ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਉਧਰ, ਰਿਕਾਰਡ ਤੋੜ ਠੰਢ ਦੇ ਨਾਲ ਨਾਲ ਹੁਣ ਮੀਂਹ ਨੇ ਠੰਢ ਨੂੰ ਹੋਰ ਵੱਧਾ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਬੀਤੇ ਸ਼ੁਕਰਵਾਰ ਦਿੱਲੀ 'ਚ ਠੰਢ ਦਾ 15 ਸਾਲਾਂ ਦਾ ਰਿਕਾਰਡ ਟੁੱਟਾ ਹੈ। ਇਸ ਮਗਰੋਂ ਸ਼ਨੀਵਾਰ ਅਤੇ ਐਤਵਾਰ ਨੂੰ ਪਏ ਮੀਂਹ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੱਧਾ ਦਿੱਤੀਆਂ ਹਨ।
ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨ ਦਿੱਲੀ 'ਚ ਮੀਂਹ ਜਾਰੀ ਰਹੇਗਾ। ਸੋਮਵਾਰ ਨੂੰ ਦਿੱਲੀ 'ਚ ਗੜ੍ਹੇਮਾਰੀ ਦੀ ਵੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਤਾਪਮਾਨ 7 ਤੋਂ 8 ਡਿਗਰੀ ਦੇ ਨੇੜੇ ਰਹਿਣ ਦੀ ਉਮੀਦ ਹੈ। ਦਿੱਲੀ ਦੇ ਐਨਸੀਆਰ ਇਲਾਕੇ 'ਚ ਐਤਵਾਰ ਨੂੰ ਹੀ ਗੜ੍ਹੇਮਾਰੀ ਹੋ ਸਕਦੀ ਹੈ।
ਕੇਂਦਰ ਵੱਲੋਂ ਲਿਆਂਦੇ ਗਏ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰਦੇ ਸ਼ਨੀਵਾਰ ਰਾਤ ਨੂੰ ਟਿਕਰੀ ਬਾਰਡਰ 'ਤੇ ਦੋ ਹੋਰ ਕਿਸਾਨਾਂ ਦੀ ਮੌਤ ਹੋ ਗਈ। ਦੋਵੇਂ ਕਿਸਾਨ ਬਠਿੰਡਾ (ਪੰਜਾਬ) ਤੇ ਜੀਂਦ (ਹਰਿਆਣਾ) ਦੇ ਸੀ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾਂਦਾ ਹੈ। ਟਿੱਕਰੀ ਹੱਦ 'ਤੇ ਹੁਣ ਤਕ ਲਗਪਗ 13 ਪ੍ਰਦਰਸ਼ਨਕਾਰੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। 13 ਵਿੱਚੋਂ 11 ਦੀ ਮੌਤ ਦਿਲ ਦਾ ਦੌਰ ਪੈਣ ਕਾਰਨ ਹੋਈ ਹੈ।
ਹਾਸਲ ਜਾਣਕਾਰੀ ਅਨੁਸਾਰ ਹੁਣ ਤੱਕ 50 ਕਿਸਾਨਾਂ ਦੀ ਮੌਤ ਦਿੱਲੀ ਦੀਆਂ ਹੱਦਾਂ 'ਤੇ ਖੇਤ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਕਰਦਿਆਂ ਹੋ ਚੁੱਕੀ ਹੈ। ਪਹਿਲੇ 15 ਦਿਨਾਂ ਵਿੱਚ, ਠੰਢੇ ਮੌਸਮ ਜਾਂ ਹਾਦਸਿਆਂ ਕਾਰਨ 15 ਦੇ ਕਰੀਬ ਕਿਸਾਨ ਮਾਰੇ ਗਏ ਸੀ। ਉਸ ਤੋਂ ਬਾਅਦ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਦਸੰਬਰ ਨੂੰ ਜਾਰੀ ਸੂਚੀ ਮੁਤਾਬਕ ਕੁੱਲ੍ਹ 30 ਕਿਸਾਨਾਂ ਦੀ ਮੌਤ ਪ੍ਰਦਰਸ਼ਨ ਦੌਰਾਨ ਹੋਈ। ਉਸ ਮਗਰੋਂ 20 ਦੇ ਕਰੀਬ ਹੋਰ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ।
ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਨਵੇਂ ਸਾਲ 'ਚ ਵੀ ਜਾਰੀ ਹੈ। ਕਿਸਾਨ ਲਗਾਤਾਰ ਦਿੱਲੀ ਦੀਆਂ ਹੱਦਾਂ ਤੇ ਬੈਠੇ ਧਰਨਾ ਦੇ ਰਹੇ ਹਨ। ਇਸੇ ਦੌਰਾਨ ਅੱਜ ਤਰਨ ਤਾਰਨ 'ਚ ਹਜ਼ਾਰਾਂ ਕਿਸਾਨਾਂ ਤੇ ਬੀਬੀਆਂ ਵਲੋਂ ਭਾਜਪਾ ਆਗੂਆਂ ਦੇ ਕੰਮਕਾਜ ਵਾਲੇ ਅਦਾਰਿਆਂ ਦੇ ਬਾਹਰ ਧਰਨੇ ਲੱਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ।
ਪੰਜਾਬ ਦੇ ਸਾਬਕਾ ਕੇਂਦਰੀ ਮੰਤਰੀ ਤੇ ਬੀਜੇਪੀ ਲੀਡਰ ਤੀਕਸ਼ਣ ਸੂਦ ਨੂੰ ਕਿਸਾਨਾਂ ਖ਼ਿਲਾਫ਼ ਬਿਆਨਬਾਜ਼ੀ ਕਰਨੀ ਮਹਿੰਗੀ ਪੈ ਗਈ ਹੈ। ਅੱਜ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ ਹੁਸ਼ਿਆਰਪੁਰ ਦੇ ਬਾਹਰ ਗੋਹਾ ਸੁੱਟ ਦਿੱਤਾ, ਜਿਸ ਤੋਂ ਬਾਅਦ ਉੱਥੇ ਹੰਗਾਮਾ ਹੋ ਗਿਆ।
ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਸਿੰਘੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਲੋਂ ਅੱਜ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਦਿੱਲੀ ਦੇ ਸਿੰਘੂ ਬਾਰਡਰ ਤੋਂ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਦੀ ਛਤਰ ਛਾਇਆ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਸਿੰਘੂ ਬਾਰਡਰ ਵਿਖੇ ਸਮਾਪਤ ਹੋਵੇਗਾ।
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਦੇ ਘਰਾਂ ਦਾ ਘਿਰਾਓ ਕਰਨ ਸਬੰਧੀ ਦਿੱਤੇ ਸੱਦੇ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਤੇ ਵਿਰੋਧ ਕਰਦੇ ਹੋਏ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ, ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ, " ਇਹ ਰੇਲ ਰੋਕੋ ਅੰਦੋਲਨ ਆਪਣੇ ਆਪ ਵਿੱਚ ਇੱਕ ਇਤਿਹਾਸ ਹੈ , ਅਜੇ ਤੱਕ ਰੇਲ ਟਰੈਕ ਤੇ ਪਸੈਂਨਜਰ ਗੱਡੀ ਨਹੀਂ ਚੱਲਣ ਦਿੱਤੀ , ਦਿੱਲੀ ਅੰਦੋਲਨ ਨਵੇਂ ਵਰੇ ਵਿੱਚ ਦਾਖਿਲ ਹੋਇਆ ਤੇ ਕੇਂਦਰ ਦੀ ਨੀਤੀ ਤੇ ਨੀਅਤ ਮੁਤਾਬਿਕ ਨਵੇਂ ਵਰੇ ਵਿੱਚ ਮੋਦੀ ਸਰਕਾਰ ਧਰਨਾਕਾਰੀਆਂ ਦਾ ਪੂਰਾ ਦਮਖਮ ਪਰਖੇਗੀ।"
ਉਨ੍ਹਾਂ ਕਿਹਾ, "ਤਿੰਨ ਖੇਤੀ ਕਾਨੂੰਨਾਂ ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਕਾਨੂੰਨ ਲਿਆਉਣ ਬਾਰੇ ਸਰਕਾਰ ਦਾ ਰੁਖ ਬਹੁਤ ਹੀ ਸਖਤ ਹੈ । ਇਸ ਲਈ ਲੰਬੇ ਸੰਘਰਸ਼ਾਂ ਦੀ ਤਿਆਰੀ ਕਰਨੀ ਚਾਹੀਦੀ ਹੈ , ਅੰਦੋਲਨ ਦੀ ਹਕੀਕੀ ਮਾਇਨਿਆਂ ਵਿੱਚ ਤੇਜ ਕਰਨ ਦੀ ਲੋੜ ਹੈ।"
ਸਿੰਘੂ ਦੀ ਸਰਹੱਦ 'ਤੇ ਅੱਜ ਦੁਪਹਿਰ 2 ਵਜੇ ਕਿਸਾਨਾਂ ਦੀ ਮੀਟਿੰਗ ਹੋ ਰਹੀ ਹੈ। ਇਸ ਬੈਠਕ ਵਿੱਚ ਸਰਕਾਰ ਨਾਲ ਗੱਲਬਾਤ ਦੇ ਅਗਲੇ ਦੌਰ ਤੇ ਅੰਦੋਲਨ ਦੀ ਅਗਲੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਹੋਏਗਾ। ਇਸ ਤੋਂ ਬਾਅਦ ਕਿਸਾਨ ਸੰਗਠਨਾਂ ਦੇ ਲੀਡਰ ਸ਼ਾਮ ਪੰਜ ਵਜੇ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ।
ਤੀ ਮੰਤਰੀ ਨੇ ਕਿਸਾਨ ਸੰਗਠਨਾਂ ਤੋਂ ਤਿੰਨੇ ਕਾਨੂੰਨ ਰੱਦ ਕਰਨ ਤੋਂ ਇਲਾਵਾ ਹੋਰ ਵਿਕਲਪ ਮੰਗੇ ਹਨ। ਸਰਕਾਰ ਚਾਹੁੰਦੀ ਹੈ ਕਿ ਕਿਸਾਨ ਸੰਗਠਨ ਕਾਨੂੰਨ ਰੱਦ ਕਰਨ ਬਦਲੇ ਕਾਨੂੰਨ ਦੀਆਂ ਉਨ੍ਹਾਂ ਵਿਵਸਥਾਵਾਂ ਉੱਤੇ ਚਰਚਾ ਕਰਨ, ਜਿਸ ਤੋਂ ਉਨ੍ਹਾਂ ਨੂੰ ਸਮੱਸਿਆ ਹੈ। ਸੱਤਵੇਂ ਗੇੜ ਦੀ ਮੀਟਿੰਗ ’ਚ ਵੀ ਸਰਕਾਰ ਆਪਣੇ ਇਸੇ ਸਟੈਂਡ ਉੱਤੇ ਕਾਇਮ ਰਹੇਗੀ।
ਸਰਕਾਰ ਦੇ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਜੇ ਐਮਐਸਪੀ ਉੱਤੇ ਕੋਈ ਠੋਸ ਪਹਿਲ ਕੀਤੀ ਜਾਵੇ, ਤਾਂ ਕਿਸਾਨ ਜਥੇਬੰਦੀਆਂ ਨੂੰ ਤਿੰਨੇ ਕਾਨੂੰਨ ਰੱਦ ਕਰਨ ਦੀ ਮੰਗ ਪ੍ਰਤੀ ਰੁਖ਼ ਨਰਮ ਕਰਨ ਲਈ ਸਹਿਮਤ ਕੀਤਾ ਜਾ ਸਕਦਾ ਹੈ। ਸਰਕਾਰ ਦੇ ਪੱਧਰ ਉੱਤੇ ਇਸ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ। ਸਰਕਾਰ ਇਸ ਬਾਰੇ ਲਿਖਤੀ ਭਰੋਸਾ ਪਹਿਲਾਂ ਦੇ ਚੁੱਕੀ ਹੈ।
ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਨਵੇਂ ਸਾਲ ਮੌਕੇ ਵੀ ਜਾਰੀ ਹੈ। ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਦਿੱਲੀ ਦੀਆਂ ਸੀਮਾਵਾਂ ’ਤੇ ਡਟੇ ਹੋਏ ਹਨ। ਕਿਸਾਨਾਂ ਦੀ ਸਰਕਾਰ ਨਾਲ ਦੋ ਦਿਨ ਪਹਿਲਾਂ ਗੱਲਬਾਤ ਦੌਰਾਨ ਕੁਝ ਨੁਕਤਿਆਂ ਉੱਤੇ ਸਹਿਮਤੀ ਤਾਂ ਜ਼ਰੂਰ ਹੋਈ ਹੈ ਪਰ ਕਿਸਾਨ ਹਾਲੇ ਵੀ ਨਵੇਂ ਕਾਨੂੰਨ ਰੱਦ ਕਰਵਾਉਣ ਦੀ ਮੰਗ ਉੱਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਐਮਐਸਪੀ ਲਈ ਕਾਨੂੰਨੀ ਗਰੰਟੀ ਤੇ ਨਵੇਂ ਖੇਤੀ ਕਾਨੂੰਨ ਰੱਦ ਕਰਨ ਦਾ ਕੋਈ ਵਿਕਲਪ ਨਹੀਂ।
ਪਿਛੋਕੜ
ਕੇਂਦਰ ਸਰਕਾਰ ਨੇ ਅੰਦੋਲਨਕਾਰੀ ਕਿਸਾਨਾਂ ਨਾਲ ਜੁੜੇ ਅੱਧੇ ਮਸਲੇ ਹੱਲ ਕਰਨ ਦਾ ਦਾਅਵਾ ਕੀਤਾ ਹੈ; ਜਦਕਿ ਹਕੀਕਤ ਇਹ ਹੈ ਕਿ ਇਸ ਮਾਮਲੇ ’ਚ ਹਾਲੇ ਹਾਥੀ ਦੀ ਪੂੰਛ ਹੀ ਨਿਕਲਾ ਹੈ। ਜਿਹੜੇ ਦੋ ਮੁੱਖ ਮੁੱਦਿਆਂ ਤਿੰਨੇ ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਤੇ ਘੱਟੋ-ਘੱਟ ਸਮਰਥਨ ਮੁੱਲ ਭਾਵ ਐਮਐਸਪੀ ਉੱਤੇ ਕਾਨੂੰਨੀ ਗਰੰਟੀ ’ਤੇ ਗਰਾਰੀ ਫਸੀ ਹੋਈ ਹੈ, ਉਨ੍ਹਾਂ ਮਾਮਲਿਆਂ ’ਚ ਕੋਈ ਵਿਚਕਾਰਲਾ ਰਾਹ ਕੱਢਣਾ ਸਰਕਾਰ ਲਈ ਸੁਖਾਲਾ ਨਹੀਂ। ਇਨ੍ਹਾਂ ਦੋਵੇਂ ਮਸਲਿਆਂ ਦਾ ਹੱਲ ਕੱਢਣ ਲਈ ਸਰਕਾਰ ਵਿੱਚ ਅੱਜ ਸ਼ੁੱਕਰਵਾਰ ਤੋਂ ਵਿਚਾਰ-ਚਰਚਾ ਦਾ ਦੌਰ ਸ਼ੁਰੂ ਹੋਵੇਗਾ।
ਚਾਰ ਜਨਵਰੀ ਨੂੰ ਕਿਸਾਨ ਸੰਗਠਨਾਂ ਨਾਲ ਹੋਣ ਵਾਲੀ 7ਵੇਂ ਗੇੜ ਦੀ ਗੱਲਬਾਤ ਦੇ ਕੁਝ ਮਾਮਲਿਆਂ ’ਚ ਸਰਕਾਰ ਦਾ ਰੁਖ਼ ਹਾਲੇ ਤੋਂ ਸਪੱਸ਼ਟ ਹੈ। ਸਰਕਾਰ ਕਾਨੂੰਨ ਵਾਪਸੀ ਦੀ ਮੰਗ ਪ੍ਰਵਾਨ ਨਹੀਂ ਕਰੇਗੀ। ਇਸ ਤੋਂ ਇਲਾਵਾ ਐਮਐਸਪੀ ਉੱਤੇ ਖ਼ਰੀਦ ਵਿਵਸਥਾ ਜਾਰੀ ਰੱਖਣ ਬਾਰੇ ਕਾਨੂੰਨੀ ਗਰੰਟੀ ਦੇਣ ਲਈ ਸਮਾਂ ਦਿੱਤੇ ਜਾਣ ਦੀ ਮੰਗ ਕਰੇਗੀ। ਇਸ ਤੋਂ ਪਹਿਲਾਂ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਇਸ ਵਿਵਾਦ ਦੇ ਨਿਬੇੜੇ ਲਈ ਕਮੇਟੀ ਦੇ ਗਠਨ ਸਬੰਧੀ ਪ੍ਰਸਤਾਵ ਨੂੰ ਪ੍ਰਵਾਨ ਕਰਨ ਲਈ ਸਹਿਮਤ ਕਰੇਗੀ।
ਖੇਤੀ ਮੰਤਰੀ ਨੇ ਕਿਸਾਨ ਸੰਗਠਨਾਂ ਤੋਂ ਤਿੰਨੇ ਕਾਨੂੰਨ ਰੱਦ ਕਰਨ ਤੋਂ ਇਲਾਵਾ ਹੋਰ ਵਿਕਲਪ ਮੰਗੇ ਹਨ। ਸਰਕਾਰ ਚਾਹੁੰਦੀ ਹੈ ਕਿ ਕਿਸਾਨ ਸੰਗਠਨ ਕਾਨੂੰਨ ਰੱਦ ਕਰਨ ਬਦਲੇ ਕਾਨੂੰਨ ਦੀਆਂ ਉਨ੍ਹਾਂ ਵਿਵਸਥਾਵਾਂ ਉੱਤੇ ਚਰਚਾ ਕਰਨ, ਜਿਸ ਤੋਂ ਉਨ੍ਹਾਂ ਨੂੰ ਸਮੱਸਿਆ ਹੈ। ਸੱਤਵੇਂ ਗੇੜ ਦੀ ਮੀਟਿੰਗ ’ਚ ਵੀ ਸਰਕਾਰ ਆਪਣੇ ਇਸੇ ਸਟੈਂਡ ਉੱਤੇ ਕਾਇਮ ਰਹੇਗੀ।