Farmers Protest LIVE Updates: ਅੰਦੋਲਨ ਦਾ 43ਵਾਂ ਦਿਨ, ਦਿੱਲੀ ਦੁਆਲੇ ਟਰੈਕਟਰਾਂ ਦਾ ਘੇਰਾ, ਸਖਤ ਸੁਰੱਖਿਆ ਪ੍ਰਬੰਧ

farmer protest live updates: ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 43ਵਾਂ ਦਿਨ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਜਾਣੋ ਪਲ-ਪਲ ਦਾ ਹਾਲ ਏਬੀਪੀ ਸਾਂਝਾ 'ਤੇ, ਕਿਸਾਨ ਅੰਦੋਲਨ ਬਾਰੇ ਲਾਈਵ ਅਪਡੇਟ

ਏਬੀਪੀ ਸਾਂਝਾ Last Updated: 07 Jan 2021 04:59 PM
ਦੇਸ਼ ’ਚ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ 43 ਦਿਨਾਂ ਤੋਂ ਲਗਾਤਾਰ ਅੰਦੋਲਨ ਕਰ ਰਹੇ ਹਨ। ਕਿਸਾਨਾਂ ਨੂੰ ਨਾ ਤਾਂ ਸਖ਼ਤ ਠੰਢ ਰੋਕ ਸਕੀ ਹੈ ਤੇ ਨਾ ਹਾ ਮੀਂਹ। ਕਿਸਾਨ ਲਗਾਤਾਰ ਡਟੇ ਹੋਏ ਹਨ ਪਰ ਸਰਕਾਰ ਕੋਈ ਖ਼ਾਸ ਕਦਮ ਨਹੀਂ ਚੁੱਕ ਰਹੀ ਹੈ। ਪਿੱਛੇ ਜਿਹੇ ਹਾਈਵੇਅ ਜਾਮ ਕਰਨ ਦੇ ਬਾਅਦ ਤੋਂ ਕਿਸਾਨਾਂ ਨੇ 60,000 ਟ੍ਰੈਕਟਰਾਂ ਨਾਲ ਦਿੱਲੀ ’ਚ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਦਿੱਲੀ ਦੀਆਂ ਸਾਰੀਆਂ ਸੀਮਾਵਾਂ ਉੱਤੇ ਰੱਜ ਕੇ ਪ੍ਰਦਰਸ਼ਨ ਕਰ ਰਹੇ ਹਨ।

ਕਿਸਾਨਾਂ ਦੇ ਲੀਡਰ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਕਿਸਾਨ ਮਈ 2024 ਤੱਕ ਅੰਦੋਲਨ ਲਈ ਤਿਆਰ ਹਨ। ਕੇਂਦਰ ਸਰਕਾਰ ਨੂੰ ਇੱਕ ਵਾਰ ਫਿਰ ਸੋਚਣ ਦਿਓ। ਟਿਕੈਤ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀ ਮੰਗ ਨੂੰ ਨਹੀਂ ਮੰਨ ਲੈਂਦੀ ਅਸੀਂ ਇੱਥੇ ਅੰਦੋਲਨ ਨੂੰ ਖਤਮ ਨਹੀਂ ਕਰਾਂਗੇ। ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਉਹ ਕੇਂਦਰ ਦਾ ਵਿਰੋਧ ਕਰਦੇ ਰਹਿਣਗੇ। ਕੇਂਦਰ ਸਰਕਾਰ ਨੂੰ ਜਾਂ ਤਾਂ ਸਾਡੀਆਂ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ ਜਾਂ ਹਰ 16 ਘੰਟਿਆਂ ਵਿੱਚ ਮਰ ਰਹੇ ਕਿਸਾਨਾਂ ਨੂੰ ਜਵਾਬਦੇਹੀ ਦੇਣੀ ਚਾਹੀਦੀ ਹੈ।
ਖੇਤੀ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਅੰਦੋਲਨਕਾਰੀ ਜਥੇਬੰਦੀਆਂ ਕਿਸਾਨਾਂ ਦੇ ਹਿਤਾਂ ਉੱਤੇ ਧਿਆਨ ਕੇਂਦ੍ਰਿਤ ਕਰਨਗੀਆਂ ਤੇ ਹਾਂਪੱਖੀ ਗੱਲਬਾਤ ਰਾਹੀਂ ਕਿਸੇ ਹੱਲ ਉੱਤੇ ਪੁੱਜਣ ਵਿੱਚ ਸਰਕਾਰ ਦੀ ਮਦਦ ਕਰਨਗੀਆਂ। ਕਾਨੂੰਨਾਂ ਦੀ ਹਮਾਇਤ ਕਰਨ ਵਾਲੇ ਇੱਕ ਸਮੂਹ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਦੇਸ਼ ਦੇ ਕਿਸਾਨਾਂ ਤੇ ਉਨ੍ਹਾਂ ਦੇ ਹਿਤਾਂ ਲਈ ਪ੍ਰਤੀਬੱਧ ਹੈ। ਪੂਰੇ ਦੇਸ਼ ਵਿੱਚ ਵੱਡੀ ਗਿਣਤੀ ’ਚ ਕਿਸਾਨ ਕਾਨੂੰਨਾਂ ਦੀ ਹਮਾਇਤ ਕਰ ਰਹੇ ਹਨ। ‘ਸਾਨੂੰ ਅਜਿਹੇ ਕਿਸਾਨਾਂ ਦੀਆਂ ਚਿੱਠੀਆਂ ਵੀ ਆ ਰਹੀਆਂ ਹਨ ਤੇ ਉਨ੍ਹਾਂ ਦੇ ਫ਼ੋਨ ਵੀ ਆ ਰਹੇ ਹਨ। ਅਸੀਂ ਉਨ੍ਹਾਂ ਦਾ ਸੁਆਗਤ ਤੇ ਸ਼ੁਕਰੀਆ ਅਦਾ ਕਰਦੇ ਹਾਂ।’
ਸੁਪਰੀਮ ਕੋਰਟ ਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ 'ਚ ਸ਼ਾਮਲ ਕਿਸਾਨਾਂ ਨੂੰ ਲੈ ਕੇ ਕੋਰੋਨਾ ਤੋਂ ਬਚਾਅ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਅਦਾਲਤ ਨੇ ਕਿਹਾ ਹੈ ਕਿ ਸਰਕਾਰ ਨੂੰ ਵਿਸ਼ਾਲ ਇਕੱਠ ਸਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਅਦਾਲਤ ਨੇ ਇਹ ਗੱਲ ਮਾਰਚ ਮਹੀਨੇ ਵਿੱਚ ਤਬਲੀਗੀ ਮਰਕਜ਼ ਵਿੱਚ ਲੋਕਾਂ ਦੀ ਮੌਜੂਦਗੀ ਕਾਰਨ ਬਿਮਾਰੀ ਫੈਲਣ ਦੀ ਉਦਾਹਰਣ ਦਿੰਦੇ ਹੋਏ ਕਹੀ ਹੈ।
ਕੱਲ੍ਹ ਅੱਠ ਜਨਵਰੀ ਨੂੰ ਕਿਸਾਨ ਲੀਡਰਾਂ ਨਾਲ ਹੋ ਰਹੀ ਅੱਠਵੇਂ ਗੇੜ ਦੀ ਮੀਟਿੰਗ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਤੋਮਰ ਨੇ ਦਾਅਵਾ ਕੀਤਾ ਹੈ ਕਿ ਦੇਸ਼ ਭਰ ’ਚ ਵੱਡੀ ਗਿਣਤੀ ’ਚ ਕਿਸਾਨ ਤਿੰਨ ਨਵੇਂ ਖੇਤੀ ਕਾਨੂੰਨਾਂ ਦੀ ਹਮਾਇਤ ਕਰਨ ਲਈ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਮੰਤਰੀ ਨੇ ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਨੂੰ ਤਿੰਨ ਕਾਨੂੰਨਾਂ ਰਾਹੀਂ ਸੁਧਾਰਾਂ ਦੀਆਂ ਭਾਵਨਾਵਾਂ ਸਮਝਣ ਦੀ ਅਪੀਲ ਕੀਤੀ। ਇਸ ਬਿਆਨ ਤੋਂ ਸਰਕਾਰ ਦੀ ਨੀਅਤ ਸਪਸ਼ਟ ਹੋ ਗਈ ਹੈ ਕਿ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ।
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਚੱਲ ਰਹੇ ਅੰਦੋਲਨ ਦੀ ਹਮਾਇਤ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਮਹਿਮਾ ਦੇ ਨੌਜਵਾਨ ਦੌੜਾਕ ਗੁਰਅੰਮ੍ਰਿਤ ਸਿੰਘ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਦਿੱਲੀ ਲਈ ਦੌੜ ਸ਼ੁਰੂ ਕੀਤੀ ਗਈ।
ਸਖਤ ਸੁਰੱਖਿਆ ਦੇ ਵਿਚਕਾਰ ਹਜ਼ਾਰਾਂ ਕਿਸਾਨ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ਤੋਂ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਵੀਰਵਾਰ ਨੂੰ ਟਰੈਕਟਰ ਰੈਲੀ ਕੱਢ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਨ) ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਨ ਨੇ ਦੱਸਿਆ ਕਿ ਕਿਸਾਨ ਮਾਰਚ ਵਿੱਚ 3500 ਤੋਂ ਵੱਧ ਟਰੈਕਟਰਾਂ ਤੇ ਟਰਾਲੀਆਂ ਲੈ ਕੇ ਹਿੱਸਾ ਲੈ ਰਹੇ ਹਨ। ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਹ 26 ਜਨਵਰੀ ਨੂੰ ਹਰਿਆਣਾ, ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰਾਸ਼ਟਰੀ ਰਾਜਧਾਨੀ ਲਈ ਆਉਣ ਵਾਲੇ ਟਰੈਕਟਰਾਂ ਦੀ ਪ੍ਰਸਤਾਵਿਤ ਪਰੇਡ ਤੋਂ ਪਹਿਲਾਂ ਇਹ “ਰਿਹਰਸਲ” ਵਾਂਗ ਹੈ।
ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਹਰੇਕ ਪਿੰਡ ਤੋਂ 10 ਔਰਤਾਂ ਨੂੰ 26 ਜਨਵਰੀ ਲਈ ਦਿੱਲੀ ਸੱਦਿਆ ਹੈ। ਇਹੋ ਅਪੀਲ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਕੀਤੀ ਹੈ। ਗਣਤੰਤਰ ਦਿਵਸ ਉੱਤੇ ਟਰੈਕਟਰ ਮਾਰਚ ਦੀ ਅਗਵਾਈ ਔਰਤਾਂ ਹੀ ਕਰਨਗੀਆਂ। ਅਹਿਮ ਗੱਲ ਹੈ ਕਿ ਇਸ ਅੰਦੋਲਨ ਵਿੱਚ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੀਆਂ ਹਨ।
ਦਿੱਲੀ ਦੁਆਲੇ ਮਾਰਗਾਂ ’ਤੇ ਸਿੰਘੂ ਬਾਰਡਰ ਤੋਂ ਕਰੀਬ 50 ਕਿਲੋਮੀਟਰ ਦੂਰ ਟਿਕਰੀ ਬਾਰਡਰ ਲਈ ਤੇ ਟਿਕਰੀ ਤੋਂ ਸਿੰਘੂ ਤੱਕ (ਪੱਛਮੀ ਪੈਰੀਫਰਲ ਰੋਡ), ਗਾਜ਼ੀਪੁਰ ਬਾਰਡਰ ਤੋਂ ਕਰੀਬ 100 ਕਿਲੋਮੀਟਰ ਦੂਰ ਪਲਵਲ ਬਾਰਡਰ ਤੇ ਪਲਵਲ ਤੋਂ ਗਾਜ਼ੀਪੁਰ ਬਾਰਡਰ ਲਈ ਟਰੈਕਟਰਾਂ ਦਾ ਕਾਫ਼ਲਾ ਤੁਰੇਗਾ। ਬਾਅਦ ਵਿੱਚ ਇਹ ਟਰੈਕਟਰ ਵਾਪਸ ਆਪੋ-ਆਪਣੇ ਟਿਕਾਣਿਆਂ ਨੂੰ ਮੁੜ ਜਾਣਗੇ।
ਕਿਸਾਨ ਲੀਡਰਾਂ ਨੇ ਦੱਸਿਆ ਹੈ ਕਿ ਧਰਨਿਆਂ ਵਾਲੀਆਂ ਥਾਵਾਂ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਪਲਵਲ ਤੋਂ ਕਿਸਾਨਾਂ ਦੇ ਟਰੈਕਟਰ ਦਿਨ ਦੇ 11 ਵਜੇ ਕਾਫ਼ਲੇ ਲੈ ਕੇ ਪੱਛਮੀ ਸੀਮਾਂਤ ਮਾਰਗ (ਕੁੰਡਲੀ-ਮਾਨੇਸਰ-ਪਲਵਲ) ਤੇ ਪੂਰਬੀ ਸੀਮਾਂਤ ਰੋਡ (ਕੁੰਡਲੀ-ਗਾਜ਼ੀਆਬਾਦ-ਪਲਵਲ ਮਾਰਗ) ’ਤੇ ਮਾਰਚ ਕਰਨਗੇ।
ਕਿਸਾਨਾਂ ਅੱਜ ਸਵੇਰ 11 ਵਜੇ ਸਿੰਘੂ, ਟਿੱਕਰੀ, ਗਾਜੀਪੁਰ ਤੇ ਸ਼ਾਹਜਹਾਂਪੁਰ ਤੋਂ ਕੁੰਢਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇਅ ਲਈ ਟ੍ਰੈਕਟਰ ਮਾਰਚ ਕੱਢਣਗੇ। ਪ੍ਰਦਰਸ਼ਨਕਾਰੀ ਕਿਸਾਨਾਂ ਤੇ ਤਿੰਨ ਕੇਂਦਰੀ ਮੰਤਰੀਆਂ ਦੇ ਵਿਚ ਇਸ ਤੋਂ ਪਹਿਲਾਂ 4 ਜਨਵਰੀ ਨੂੰ ਅੱਠਵੇਂ ਦੌਰ ਦੀ ਹੋਈ ਵਾਰਤਾ ਬੇਨਤੀਜਾ ਰਹੀ ਸੀ। ਕਿਸਾਨ ਜਥੇਬੰਦੀਆਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਅ ਜਾਣ ਦੀ ਆਪਣੀ ਮੰਗ 'ਤੇ ਅੜੇ ਹੋਏ ਹਨ। ਉੱਥੇ ਹੀ ਸਰਕਾਰ ਲਗਾਤਾਰ ਤਿੰਨ ਨਵੇਂ ਕਾਨੂੰਨਾਂ ਦੇ ਫਾਇਦੇ ਗਿਣਾਉਣ 'ਚ ਲੱਗੀ ਹੋਈ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਾਬਕਾ ਬੀਜੇਪੀ ਮੰਤਰੀ ਦੇ ਘਰ ਦੇ ਬਾਹਰ ਗਾਂ ਦਾ ਗੋਹਾ ਸੁੱਟਣ ਵਾਲੇ ਮਾਮਲੇ 'ਚ ਧਾਰਾ 307 ਵਾਪਸ ਲੈਣ ਦੇ ਆਦੇਸ਼ ਦਿੱਤੇ ਹਨ। ਦੱਸ ਦੇਈਏ ਕਿ ਗੋਹਾ ਸੁੱਟਣ ਵਾਲੇ ਨੌਜਵਾਨ ਤੇ 'ਕਤਲ ਦੀ ਕੋਸ਼ਿਸ਼' ਦਾ ਕੇਸ ਦਰਜ ਕੀਤਾ ਗਿਆ ਸੀ। ਕੈਪਟਨ ਨੇ ਹੁਣ ਇਹ ਮਾਮਲਾ ਦਰਜ ਕਰਨ ਵਾਲੇ ਐਸਐਚਓ ਦੇ ਤਬਾਦਲੇ ਦਾ ਵੀ ਆਦੇਸ਼ ਦਿੱਤਾ ਹੈ। ਹੁਣ ਇਸ ਕੇਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਤੇਜ਼ ਹੁੰਦਾ ਜਾ ਰਿਹਾ ਹੈ। ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਨੂੰ 100 ਦਿਨਾਂ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ ਨੇੜਲੇ ਮੈਦਾਨ 'ਚ ਕਿਸਾਨ ਲੰਬੇ ਸਮੇਂ ਤੋਂ ਧਰਨਾ ਦੇ ਰਹੇ ਹਨ ਪਰ ਪਿਛਲੇ ਤਿੰਨ ਦਿਨ ਹੋਈ ਬਾਰਸ਼ ਕਾਰਨ ਕਿਸਾਨਾਂ ਦੇ ਮੋਰਚੇ 'ਤੇ ਕਾਫੀ ਹੱਲ ਚੱਲ ਮੱਚ ਗਈ ਸੀ।

ਅੱਜ ਕਿਸਾਨਾਂ ਨੇ ਮੋਰਚੇ ਵਾਲੀ ਥਾਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਲੰਟੀਅਰਾਂ ਨੇ ਪਾਣੀ ਕੱਢ ਕੇ ਦੁਬਾਰਾ ਮੋਰਚਾ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ ਹੈ। ਗੜ੍ਹੇਮਾਰੀ ਕਾਰਨ ਕਨਾਤਾਂ ਵੀ ਫੱਟ ਗਈਆਂ ਸੀ ਪਰ ਕਿਸਾਨਾਂ ਦਾ ਹੌਂਸਲਾ ਨਹੀਂ ਟੁੱਟਿਆ।
ਸਿੰਘੂ ਬਾਰਡਰ 'ਤੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਜੇ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲਿਆ ਤਾਂ ਉਹ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਕਰਨਗੇ। ਪਰੇਡ ਦੀ ਅਗਵਾਈ ਪੰਜਾਬ ਤੇ ਹਰਿਆਣਾ ਦੀਆਂ ਔਰਤਾਂ ਕਰਨਗੀਆਂ। ਉਨ੍ਹਾਂ ਨੇ ਇਹ ਵੀ ਸੋਚ ਲਿਆ ਹੈ ਕਿ ਉਹ ਇਸ ਰੈਲੀ ਨੂੰ ਕਿਵੇਂ ਅੰਜਾਮ ਦੇਣਗੇ। ਹਰਿਆਣਾ ਦੀਆਂ ਲਗਪਗ 250 ਔਰਤਾਂ ਟਰੈਕਟਰ ਡਰਾਈਵਿੰਗ ਦੀ ਸਿਖਲਾਈ ਲੈ ਰਹੀਆਂ ਹਨ।
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹਾ ਮੁਕਤਸਰ ਦੇ ਪਿੰਡ ਚਿੱਬੜਾਵਾਲੀ 'ਚ ਕਿਸਾਨ ਮਜ਼ਦੂਰ ਏਕਤਾ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਇਹ ਮਾਰਚ 300 ਦੇ ਕਰੀਬ ਟਰੈਕਟਰਾਂ ਤੇ ਚਿੱਬੜਾਵਾਲੀ ਪਿੰਡ ਤੋਂ ਲੈ ਕੇ ਮੁਕਤਸਰ ਸ਼ਹਿਰ ਤਕ ਮਾਰਚ ਕੱਢਿਆ ਗਿਆ। ਇਸ ਟਰੈਕਟਰ ਮਾਰਚ 'ਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਹਿੱਸਾ ਲਿਆ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਰੀਬ ਛੇ ਹਫ਼ਤੇ ਤੋਂ ਕਿਸਾਨ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਹਨ ਤੇ ਕੇਂਦਰ ਵਾਲੋਂ ਪਾਸ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ। ਉਨ੍ਹਾਂ ਕਿਸਾਨਾਂ ਦੇ ਸਮਰਥਨ ਵਿੱਚ ਹੀ ਅੱਜ ਮੁਕਤਸਰ ਵਿੱਚ ਇਹ ਟਰੈਕਟਰ ਮਾਰਚ ਕੱਢਿਆ ਗਿਆ।
ਚੀਫ ਜਸਟਿਸ ਨੇ ਕਿਹਾ, ਅਸੀਂ ਚਾਹੁੰਦੇ ਸੀ ਕਿ ਗੱਲਬਾਤ ਨਾਲ ਵਿਵਾਦ ਦੂਰ ਹੋਵੇ। ਪਰ ਏਨੇ ਦਿਨਾਂ ਤੋਂ ਕੋਈ ਤਰੱਕੀ ਨਹੀਂ ਹੋਈ। ਇਸ 'ਤੇ ਕੇਂਦਰ ਵੱਲੋਂ ਪੇਸ਼ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕੋਰਟ ਨੂੰ ਦੱਸਿਆ ਕਿ ਗੱਲਬਾਤ ਨਾਲ ਹੱਲ ਦੀ ਉਮੀਦ ਨਜ਼ਰ ਆ ਰਹੀ ਹੈ ਇਸ ਲਈ ਸਰਕਾਰ ਨੇ ਹੁਣ ਦੀਆਂ ਪਟੀਸ਼ਨਾਂ 'ਤੇ ਹੁਣ ਤਕ ਜਵਾਬ ਦਾਖਲ ਨਹੀਂ ਕੀਤਾ।


ਸੁਪਰੀਮ ਕੋਰਟ ਨੇ ਅੱਜ ਇਕ ਹੋਰ ਪਟੀਸ਼ਨ ਨੂੰ ਮਾਮਲੇ ਦੇ ਨਾਲ ਜੋੜ ਦਿੱਤਾ। ਇਸ ਪਟੀਸ਼ਨ 'ਚ 1954 ਦੇ ਸੰਵਿਧਾਨ ਸੋਧ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਦੇ ਤਹਿਤ ਖੇਤੀ ਉਤਪਾਦ ਵਿਕਰੀ ਨਾਲ ਜੁੜਿਆ ਵਿਸ਼ਾ ਸਮਵਰਤੀ ਸੂਚੀ 'ਚ ਪਾਇਆ ਗਿਆ ਸੀ। ਇਸ ਅਧਿਕਾਰ ਦਾ ਇਸਤੇਮਾਲ ਕਰਦਿਆਂ ਸੰਸਦ ਨੇ ਨਵੇਂ ਖੇਤੀ ਕਾਨੂੰਨ ਪਾਸ ਕੀਤੇ ਹਨ।
ਕਿਸਾਨ ਅੰਦੋਲਨ 'ਤੇ ਖੇਤੀ ਕਾਨੂੰਨਾਂ ਨਾਲ ਜੁੜੇ ਸਾਰੇ ਮਸਲਿਆਂ ਦੀ ਸੁਣਵਾਈ ਸੁਪਰੀਮ ਕੋਰਟ 11 ਜਨਵਰੀ ਨੂੰ ਕਰੇਗਾ। ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਚੀਫ ਜਸਟਿਸ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਸ ਦਿਨ ਅਟਾਰਨੀ ਜਨਰਲ ਨੇ ਦੱਸਿਆ ਕਿ ਗੱਲਬਾਤ ਸਹੀ ਦਿਸ਼ਾ 'ਚ ਚੱਲ ਰਹੀ ਹੈ ਤਾਂ ਸੁਣਵਾਈ ਨੂੰ ਟਾਲ ਦਿੱਤਾ ਜਾਵੇਗਾ।

ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਨੂੰ ਮਜਬੂਤ ਤੇ ਹੋਰ ਵੱਡਾ ਬਣਾਉਣ ਲਈ 100 ਦਿਨਾਂ ਦੇ ਲੋਕ ਸੰਪਰਕ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਕਿਸਾਨ ਲੀਡਰਾਂ ਨੂੰ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ। ਪੰਜਾਬ 'ਚ ਸਤੰਬਰ 'ਚ ਸ਼ੁਰੂ ਹੋਏ ਲੋਕ ਸੰਪਰਕ ਅਭਿਆਨ ਦੌਰਾਨ 10 ਲੱਖ ਤੋਂ ਜ਼ਿਆਦਾ ਲੋਕ ਅੰਦੋਲਨ ਨਾਲ ਜੁੜੇ ਚੁੱਕੇ ਹਨ। ਬੀਕੇਯੂ ਉਗਰਾਹਾਂ ਵੱਲੋਂ ਕੀਤੇ ਦਾਅਵੇ ਮੁਤਾਬਕ ਹੁਣ ਜਥੇਬੰਦੀਆਂ ਵੱਲੋਂ ਇਨ੍ਹਾਂ ਲੋਕਾਂ ਨੂੰ ਅੰਦੋਲਨ ਨਾਲ ਜੁੜੀਆਂ ਬਾਰੀਕੀਆਂ ਨਾਲ ਰੂਬਰੂ ਕਰਾਇਆ ਜਾਵੇਗਾ। ਇਸ ਲਈ ਪੰਜਾਬ ਭਰ 'ਚ 5000 ਤੋਂ ਜ਼ਿਆਦਾ ਖੇਤੀਬਾੜੀ ਮਾਹਿਰਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਸੁਰਜੀਤ ਜਿਆਣੀ ਨੇ ਕਿਹਾ, "ਪ੍ਰਧਾਨ ਮੰਤਰੀ ਕਿਸਾਨਾਂ ਪ੍ਰਤੀ ਚਿੰਤਤ ਹਨ ਤੇ ਇਹ ਵੀ ਕਿਹਾ ਕਿ ਸਰਕਾਰ ਹਮੇਸ਼ਾਂ ਹੀ ਕਿਸਾਨਾਂ ਦੇ ਹਿੱਤ ਲਈ ਕੁਝ ਕਰਨ ਲਈ ਤਿਆਰ ਰਹਿੰਦੀ ਹੈ, ਪਰ ਮਾਓਵਾਦੀ ਇਸ (ਕਿਸਾਨ) ਅੰਦੋਲਨ ਵਿੱਚ ਦਾਖਲ ਹੋ ਗਏ ਹਨ ਤੇ ਇਸ ਮਸਲੇ ਨੂੰ ਹੱਲ ਨਹੀਂ ਹੋਣ ਦੇ ਰਹੇ। ''

ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਪ੍ਰਧਾਨ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਮਾਰਗ ’ਤੇ ਸਿੰਘੂ ਤੋਂ ਟਿਕਰੀ ਵੱਲ ਤੇ ਟਿਕਰੀ ਤਰਫ਼ੋਂ ਸਿੰਘੂ ਵੱਲ ਇਹ ਟਰੈਕਟਰ ਮਾਰਚ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇਜੀਪੀ) ਮਾਰਗ ’ਤੇ ਗਾਜ਼ੀਪੁਰ ਤੋਂ ਪਲਵਲ ਤੇ ਪਲਵਲ ਵੱਲੋਂ ਗਾਜ਼ੀਪੁਰ ਧਰਨੇ ਵੱਲ ਟਰੈਕਟਰ ਚੱਲਣਗੇ।

ਮਹਾਰਾਸ਼ਟਰ ਦੀ ਸੱਤਾਧਾਰੀ ਪਾਰਟੀ ਸ਼ਿਵਸੇਨਾ ਨੇ ਇਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਸ਼ਿਵਸੇਨਾ ਨੇ ਆਪਣੇ ਮੁੱਖ ਪੱਤਰ ਸਾਮਨਾ ਦੀ ਸੰਪਾਦਕੀ 'ਚ ਲਿਖਿਆ ਕਿਸਾਨ ਅੰਦੋਲਨ ਨੂੰ ਲੈਕੇ ਸਰਕਾਰ 'ਤੇ ਵੱਡੇ ਸਵਾਲ ਖੜੇ ਕੀਤੇ ਹਨ। ਸ਼ਿਵਸੇਨਾ ਨੇ ਇਲਜ਼ਾਮ ਲਾਇਆ ਕਿ ਸਰਕਾਰ ਕਿਸਾਨਾਂ ਨਾਲ ਚਰਚਾ ਦਾ ਨਾਟਕ ਕਰ ਰਹੀ ਹੈ। ਅੱਠ ਦੌਰ ਦੀ ਗੱਲਬਾਤ ਤੋਂ ਬਾਅਦ ਵੀ ਕੋਈ ਨਤੀਜਾ ਨਹੀਂ ਨਿੱਕਲਿਆ।
ਕਿਸਾਨਾਂ ਨੇ ਵੀਰਵਾਰ ਨੂੰ ਹੋ ਰਹੇ ਟਰੈਕਟਰ ਮਾਰਚ ਲਈ ਤਿਆਰੀ ਵਿੱਢ ਦਿੱਤੀ ਹੈ। ਅੱਜ ਹਰਿਆਣਾ ਤੇ ਯੂਪੀ ਵਿੱਚੋਂ ਵੱਡੀ ਗਿਣਤੀ ਟਰੈਕਟਰ ਦਿੱਲੀ ਬਾਰਡਰ 'ਤੇ ਪਹੁੰਚ ਰਹੇ ਹਨ। ਇਸ ਟਰੈਕਟਰ ਮਾਰਚ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਸਮੇਤ ਦੇਸ਼ ਦੇ ਹੋਰ ਕਿਸਾਨ ਸ਼ਾਮਲ ਹੋਣਗੇ। ਇਸ ਮਾਰਚ ਲਈ ਹਰਿਆਣਾ ਦੇ ਹਰੇਕ ਪਿੰਡ ਤੋਂ ਘੱਟੋ-ਘੱਟ 10-10 ਟਰਾਲੀਆਂ ਮੰਗਵਾਈਆਂ ਗਈਆਂ ਹਨ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਭਾਰਤ ਦਾ ਦੌਰਾ ਰੱਦ ਕਰਨ ਕਰਕੇ ਨਵੀਂ ਚਰਚਾ ਛਿੜ ਗਈ ਹੈ। ਅਹਿਮ ਗੱਲ ਹੈ ਕਿ ਉਨ੍ਹਾਂ ਗਣਤੰਤਰ ਦਿਵਸ ਦੀ ਪਰੇਡ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਸੀ। ਬੇਸ਼ੱਕ ਇੰਗਲੈਂਡ ਸਰਕਾਰ ਨੇ ਕਿਹਾ ਹੈ ਕਿ ਕਰੋਨਾਵਾਇਰਸ ਦੇ ਨਵੇਂ ਰੂਪ ਦੇ ਵਧ ਰਹੇ ਕੇਸਾਂ ਕਾਰਨ ਪੈਦਾ ਹੋਏ ਸੰਕਟ ਕਾਰਨ ਜੌਹਨਸਨ ਵੱਲੋਂ ਭਾਰਤ ਦਾ ਦੌਰਾ ਰੱਦ ਕੀਤਾ ਗਿਆ ਹੈ ਪਰ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਇਹ ਕਿਸਾਨ ਅੰਦੋਲਨ ਕਰਕੇ ਹੋਇਆ ਹੈ।
ਕਿਸਾਨਾਂ ਦੇ ਅੰਦੋਲਨ ਨੂੰ ਕਰੀਬ ਛੇ ਹਫ਼ਤੇ ਹੋ ਗਏ ਹਨ। ਇਸ ਦੌਰਾਨ ਕਈ ਕਿਸਾਨ ਆਪਣੀ ਜਾਨ ਤੱਕ ਗੁਆ ਚੁੱਕੇ ਹਨ। ਕਿਸਾਨ ਅੰਦੋਲਨ 'ਚ ਇੱਕ ਹੋਰ ਨੌਜਵਾਨ ਕਿਸਾਨਾ ਦੀ ਮੌਤ ਹੋ ਗਈ ਹੈ। ਮੌੜ ਮੰਡੀ ਦੇ 23 ਸਾਲਾ ਨੌਜਵਾਨ ਦੀ ਹਾਰਟ ਅਟੈਕ ਕਾਰਨ ਜਾਨ ਚਲੇ ਜਾਣ ਦੀ ਖ਼ਬਰ ਹੈ। ਨੌਜਵਾਨ ਦਿੱਲੀ ਮੋਰਚੇ ਤੋਂ ਵਾਪਸ ਆ ਰਿਹਾ ਸੀ।
ਕੇਂਦਰ ਸਰਕਾਰ ਜਲਦ ਹੀ ਖੇਤੀ ਕਾਨੂੰਨਾਂ ਬਾਰੇ ਵੱਡਾ ਫੈਸਲਾ ਲੈਣ ਜਾ ਰਹੀ ਹੈ। ਇਸ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਪੰਜਾਬ ਦੇ ਦੋ ਸੀਨੀਅਰ ਲੀਡਰਾਂ ਨਾਲ ਮੀਟਿੰਗ ਕਰ ਰਹੇ ਹਨ। ਇਹ ਦੋਵੇਂ ਲੀਡਰ ਬੀਜੇਪੀ ਦਾ ਸਿੱਖ ਚਿਹਰਾ ਹਰਜੀਤ ਸਿੰਘ ਗਰੇਵਾਲ ਤੇ ਕਿਸਾਨਾਂ ਦੇ ਹੱਕ 'ਚ ਖੜ੍ਹਨ ਵਾਲੇ ਸੁਰਜੀਤ ਕੁਮਾਰ ਜਿਆਣੀ ਹਨ।
ਸਵਰਾਜ ਪਾਰਟੀ ਦੇ ਲੀਡਰ ਯੋਗਿੰਦਰ ਯਾਦਵ ਤੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਅੱਜ ਸਿੰਘੂ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੰਘਰਸ਼ਸ਼ੀਲ ਹੋਰ ਕਿਸਾਨ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕਿਸਾਨ ਅੰਦੋਲਨ ਬਾਰੇ ਚਰਚਾ ਕੀਤੀ ਗਈ। ਮੀਟਿੰਗ ਦੇ ਹੋਰ ਵੇਰਵਿਆਂ ਦਾ ਹਾਲੇ ਪਤਾ ਨਹੀਂ ਲੱਗਿਆ।
26 ਜਨਵਰੀ ਨੂੰ ਕਿਸਾਨ ਪਰੇਡ ਦੇ ਉਲਟ ਆਰਐਸਐਸ ਨੇ ਪਿੰਡਾਂ 'ਚ ਜਾ ਕੇ ਮੋਰਚਾ ਸੰਭਾਲਣ ਦਾ ਐਲਾਨ ਕੀਤਾ ਹੈ। ਜਿੱਥੇ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਮੰਗ ਨਾ ਮੰਨੀ ਗਈ ਤਾਂ ਉਹ 26 ਜਨਵਰੀ ਨੂੰ ਕਿਸਾਨ ਪਰੇਡ ਕੱਢਣਗੇ, ਉੱਥੇ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਕਿਸਾਨ ਸੰਗਠਨ ਇਸ ਦਿਨ ਪਿੰਡ-ਪਿੰਡ ਜਾਏਗਾ ਤੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਤੇ ਕਾਨੂੰਨਾਂ ਬਾਰੇ ਦੱਸਣਗੇ।
ਖੇਤੀ ਕਾਨੂੰਨਾਂ ਨੂੰ ਲੈ ਕੇ ਕਸੂਤੀ ਘਿਰੀ ਮੋਦੀ ਸਰਕਾਰ ਹੁਣ ਇਸ ਦਾ ਜਲਦ ਤੋਂ ਜਲਦ ਹੱਲ ਕੱਢਣਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਜ਼ਾ ਅਸਲੀਅਤ ਜਾਣਨ ਲਈ ਅੱਜ ਪੰਜਾਬ ਦੇ ਲੀਡਰਾਂ ਨਾਲ ਮੀਟਿੰਗ ਕਰਨਗੇ।

ਸੂਤਰਾਂ ਮੁਤਾਬਕ ਅੱਜ ਸ਼ਾਮ ਮੋਦੀ ਪੰਜਾਬ ਬੀਜੇਪੀ ਦੇ ਦੋ ਲੀਡਰਾਂ ਹਰਜੀਤ ਸਿੰਘ ਗਰੇਵਾਲ ਤੇ ਸੁਰਜੀਤ ਕੁਮਾਰ ਜਿਆਣੀ ਨਾਲ ਮੁਲਾਕਾਤ ਕਰਨਗੇ। ਮੋਦੀ ਨਾਲ ਪੰਜਾਬ ਦੇ ਲੀਡਰਾਂ ਦੀ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਮੋਦੀ ਕਿਸਾਨ ਅੰਦੋਲਨ ਬਾਰੇ ਪੰਜਾਬ ਦੇ ਲੀਡਰਾਂ ਨਾਲ ਵਿਚਾਰ-ਚਰਚਾ ਕਰਨਗੇ। ਮੋਦੀ ਇਨ੍ਹਾਂ ਲੀਡਰਾਂ ਤੋਂ ਜ਼ਮੀਨੀ ਪੱਧਰ 'ਤੇ ਰਿਪੋਰਟ ਲੈਣਗੇ।
ਭਵਾਨੀਗੜ੍ਹ ਨੇੜਲੇ ਪਿੰਡ ਬਟੜਿਆਣਾ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਦਿੱਲੀ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਲਈ ਰਵਾਨਾ ਹੋਣ ਸਮੇਂ ਕਿਸਾਨ ਰਾਮ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੇ ਪੁੱਤਰ ਚਮਕੌਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਿੱਲੀ ਧਰਨੇ ਤੋਂ ਕੁਝ ਦਿਨ ਪਹਿਲਾਂ ਹੀ ਪਰਤੇ ਸਨ ਤੇ ਆਪਣੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਹੁਣ ਦੁਬਾਰਾ ਫਿਰ ਪਿੰਡ ਦੇ ਕਿਸਾਨਾਂ ਨਾਲ ਟਰੈਕਟਰ-ਟਰਾਲੀ ਵਿੱਚ ਸਾਮਾਨ ਲੱਦ ਕੇ ਧਰਨੇ ਵਿੱਚ ਸ਼ਾਮਲ ਹੋਣ ਲਈ ਦਿੱਲੀ ਨੂੰ ਰਵਾਨਾ ਹੋ ਰਹੇ ਸਨ ਕਿ ਉਹ ਅਚਾਨਕ ਚੱਕਰ ਆ ਕੇ ਜ਼ਮੀਨ ’ਤੇ ਡਿੱਗ ਪਏ। ਇਸ ਦੌਰਾਨ ਉਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਕਿਸਾਨ ਅੰਦੋਲਨ ਨੇ ਪੰਜਾਬੀ ਕਲਾਕਾਰਾਂ ਉੱਪਰ ਕ੍ਰਾਂਤੀਕਾਰੀ ਰੰਗ ਚਾੜ੍ਹ ਦਿੱਤਾ ਹੈ। ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਹਾਲ ਹੀ 'ਚ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਬੀਕੇਯੂ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਅਜੇ ਵੀ ਕਾਨੂੰਨ ਰੱਦ ਨਾ ਕਰਨ 'ਤੇ ਅੜੀ ਹੋਈ ਹੈ। ਸੋਮਵਾਰ ਦੀ ਮੀਟਿੰਗ ਦੱਸਦੀ ਹੈ ਕਿ ਸਰਕਾਰ ਨੈਤਿਕ ਤੌਰ 'ਤੇ ਹਾਰ ਚੁੱਕੀ ਹੈ ਤੇ ਉਦਯੋਗ ਜਗਤ ਨਾਲ ਉਸ ਦੀ ਵਫ਼ਾਦਾਰੀ ਹੈ, ਜਿਹੜੀ ਉਸ ਦੀ ਅੜੀ ਦੀ ਵਜ੍ਹਾ ਹੈ।

ਬਾਰਸ਼ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਉੱਤਰ ਭਾਰਤ ਦੇ ਬਹੁਤੇ ਰਾਜਾਂ ਸਮੇਤ ਦਿੱਲੀ-ਐਨਸੀਆਰ ਵਿੱਚ ਵੀ ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ। ਅੱਜ 5 ਜਨਵਰੀ ਨੂੰ ਵੀ ਲੋਕਾਂ ਨੂੰ ਮੀਂਹ ਤੋਂ ਰਾਹਤ ਨਹੀਂ ਮਿਲੇਗੀ। ਸਵੇਰ ਤੋਂ ਹੀ ਦਿੱਲੀ-ਐਨਸੀਆਰ ਵਿੱਚ ਹਲਕੀ ਬਾਰਸ਼ ਸ਼ੁਰੂ ਹੋ ਗਈ ਹੈ। ਬਹੁਤੇ ਇਲਾਕਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ, ਅੱਜ ਦਿੱਲੀ ਸਮੇਤ ਹਰਿਆਣਾ ਦੇ ਰੇਵਾੜੀ, ਕੋਸਲੀ, ਭਿਵਾਰੀ ਮਹਿੰਦਰਗੜ੍ਹ, ਚਰਖੀਦਾਦਰੀ, ਮੱਟਨਹਾਈ, ਫਰੂਖਾਨਗਰ, ਝੱਜਰ, ਰੋਹਤਕ, ਮਹਿਮ, ਗੋਹਾਨਾ, ਜੀਂਦ, ਸੋਨੀਪਤ, ਖਰਖੌਦਾ ਤੇ ਪਾਣੀਪਤ ਵਿੱਚ ਕਈ ਥਾਵਾਂ ’ਤੇ ਹਲਕੀ ਬਾਰਸ਼ ਹੋਏਗੀ।
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਸੋਮਵਾਰ ਦੀ ਮੀਟਿੰਗ ਭਾਵੇਂ ਬੇਸਿੱਟਾ ਰਹੀ ਪਰ ਸਰਕਾਰ ਲਗਾਤਾਰ ਪਿਛਾਂਹ ਹਟ ਰਹੀ ਹੈ। ਕਿਸਾਨ ਲੀਡਰ ਜਗਮੋਹਨ ਸਿੰਘ ਨੇ ਕਿਹਾ ਹੈ ਕਿ ਸਰਕਾਰ ਨੂੰ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਨੂੰਨ ਰੱਦ ਕੀਤੇ ਬਿਨਾਂ ਕੋਈ ਹੱਲ ਨਹੀਂ ਨਿਕਲਣਾ। ਉਨ੍ਹਾਂ ਕਿਹਾ ਕਿ ਖ਼ਰੀਦ ਗਾਰੰਟੀ ਕਾਨੂੰਨ ਬਣਾਉਣ ਬਾਰੇ ਕੇਂਦਰ ਵਾਰ-ਵਾਰ ਸਫ਼ਾਈਆਂ ਦੇ ਰਿਹਾ ਹੈ ਪਰ ਜਥੇਬੰਦੀਆਂ ਲਿਖਤੀ ਕਾਨੂੰਨ ਦੀ ਮੰਗ ’ਤੇ ਕਾਇਮ ਹਨ।

ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਅਜੇ ਵੀ ਕਾਨੂੰਨ ਰੱਦ ਨਾ ਕਰਨ ’ਤੇ ਅੜੀ ਹੋਈ ਹੈ। ‘ਉਹ ਨੈਤਿਕ ਤੌਰ ’ਤੇ ਹਾਰ ਚੁੱਕੀ ਹੈ, ਪਰ ਕਾਰਪੋਰੇਟਾਂ ਨਾਲ ਵਫ਼ਾਦਾਰੀ ਹੀ ਉਸ ਦੀ ਅੜੀ ਦਾ ਮੁੱਖ ਕਾਰਨ ਹੈ।’ ਸਰਕਾਰ ਗੱਲਬਾਤ ਲਮਕਾ ਕੇ ਹੰਭਾਉਣ-ਥਕਾਉਣ ਦੀ ਨੀਤੀ ਅਪਣਾ ਰਹੀ ਹੈ ਪਰ ਕਿਸਾਨ ਉਸ ਦੇ ਇਹ ਇਰਾਦੇ ਕਾਮਯਾਬ ਨਹੀਂ ਹੋਣ ਦੇਣਗੇ।
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਮੁੜ ਕਸੂਤੇ ਘਿਰ ਗਏ ਹਨ। ਬੀਜੇਪੀ ਨਾਲੋਂ ਤੋੜ-ਵਿਛੋੜਾ ਕਰਨ ਮਗਰੋਂ ਹਰਸਿਮਰਤ ਬਾਦਲ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਕੈਬਨਿਟ ਮੀਟਿੰਗ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਉਧਰ, ਅਕਾਲੀ ਦਲ (ਡੈਮੋਕ੍ਰੈਟਿਕ) ਨੇ ਹਰਸਿਮਰਤ ਬਾਦਲ ਨੂੰ ਕੇਂਦਰੀ ਕੈਬਨਿਟ ’ਚ ਬਿੱਲ ਲਿਆਉਣ ਵੇਲੇ ਦਰਜ ਕਰਾਏ ਵਿਰੋਧ ਦੀ ਕਾਪੀ ਪੇਸ਼ ਕਰਨ ਦੀ ਚੁਣੌਤੀ ਦਿੱਤੀ ਹੈ। ਹਰਸਿਮਰਤ ਬਾਦਲ ਬਾਦਲ ਹੁਣ ਕਸੂਤੇ ਘਿਰ ਗਏ ਜਾਪਦੇ ਹਨ।
ਸਰਕਾਰ ਨਾਲ ਕਿਸਾਨ ਨੇਤਾਵਾਂ ਦੀ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, "8 ਜਨਵਰੀ ਨੂੰ ਫਿਰ ਸਰਕਾਰ ਨਾਲ ਮੀਟਿੰਗ ਹੋਵੇਗੀ। ਤਿੰਨ ਖੇਤੀ ਕਾਨੂੰਨਾਂ ਵਾਪਸ ਲੈਣ ਅਤੇ ਐਮਐਸਪੀ ਦੇ ਮੁੱਦਿਆਂ ਬਾਰੇ 8 ਤਰੀਕ ਨੂੰ ਫਿਰ ਵਿਚਾਰ ਵਟਾਂਦਰੇ ਕੀਤੇ ਜਾਣਗੇ। ਅਸੀਂ ਦੱਸ ਦਿੱਤਾ ਹੈ ਕਿ ਕਾਨੂੰਨ ਵਾਪਸ ਨਹੀਂ ਤਾਂ ਘਰ ਵਾਪਸੀ ਨਹੀਂ।"
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਵਿਚਾਰ ਵਟਾਂਦਰੇ ਦਾ ਮਾਹੌਲ ਚੰਗਾ ਸੀ, ਪਰ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਕਿਸਾਨ ਨੇਤਾਵਾਂ ਦੀ ਜ਼ਿੱਦ ਕਾਰਨ ਕੋਈ ਰਸਤਾ ਸਾਹਮਣੇ ਨਹੀਂ ਆਇਆ। ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ, ਦੋਵਾਂ ਧਿਰਾਂ ਨੂੰ ਹੱਲ ਲੱਭਣ ਲਈ ਉਪਰਾਲੇ ਕਰਨ ਦੀ ਲੋੜ ਹੈ, ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਹੈ।

ਕਿਸਾਨਾਂ ਵਲੋਂ ਸਿਰਫ ਅਤੇ ਸਿਰਫ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕੀਤੀ ਗਈ, ਜਦੋਂਕਿ ਸਰਕਾਰ ਵਲੋਂ ਸੁਧਾਰ ਦੀ ਗੱਲ ਕੀਤੀ ਗਈ। ਜਾਣਕਾਰੀ ਮੁਤਾਬਕ ਗੱਲਬਾਤ ਦੇ ਦੂਜੇ ਗੇੜ ਵਿਚ ਸਰਕਾਰ ਨੇ ਘੱਟੋ ਘੱਟ ਸਮਰਥਨ ਮੁੱਲ (MSP) ਦਾ ‘ਕਾਨੂੰਨੀ ਰੂਪ’ ਦੇਣ ‘ਤੇ ਗੱਲਬਾਤ ਦਾ ਪ੍ਰਸਤਾਵ ਦਿੱਤਾ ਪਰ ਕਿਸਾਨ ਯੂਨੀਅਨ ਨੇਤਾਵਾਂ ਨੇ ਇਸ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਆਪਣੀ ਮੰਗ 'ਤੇ ਕਾਇਮ ਰਹੇ।
ਸਰਕਾਰ ਨਾਲ ਲਗਾਤਾਰ ਮੁਲਾਕਾਤਾਂ ਦੇ ਦੌਰਾਨ ਕਿਸਾਨ ਨੇਤਾਵਾਂ ਨੇ ਕਿਹਾ, ‘ਸਰਕਾਰ ਨਹੀਂ ਚਾਹੁੰਦੀ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਸਾਰੇ ਦੇਸ਼ ਦੇ ਕਿਸਾਨ ਇਕਜੁੱਟ ਹਨ ਅਤੇ ਇਹ ਸਾਡੀ ਸਭ ਤੋਂ ਵੱਡੀ ਤਾਕਤ ਹੈ। ਕਿਸਾਨ ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਉਹ ਮੰਗਲਵਾਰ ਨੂੰ ਦੁਪਹਿਰ 2 ਵਜੇ ਸਿੰਘੂ ਸਰਹੱਦ ‘ਤੇ ਮਿਲਣਗੇ ਅਤੇ ਅੱਗੇ ਦੀ ਯੋਜਨਾ ਬਣਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਵਿੱਚ ਅਸਫਲ ਰਹੀ ਹੈ।

ਪਿਛੋਕੜ

ਨਵੀਂ ਦਿੱਲੀ: ਦਿੱਲੀ ਸਰਹੱਦ 'ਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨਾਂ ਦੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ। ਸੋਮਵਾਰ ਨੂੰ ਸਰਕਾਰ ਨੇ ਮੁੜ ਮੀਟਿੰਗ ਬੁਲਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਅੰਦੋਲਨ ਜਾਰੀ ਰੱਖਣਗੇ ਜਦੋਂ ਤੱਕ ਸਰਕਾਰ ਉਨ੍ਹਾਂ ਦੀ ਮੰਗ ਲਈ ਸਹਿਮਤ ਨਹੀਂ ਹੁੰਦੀ। ਕਿਸਾਨ ਸੰਗਠਨ ਹੁਣ ਅੱਜ ਫਿਰ ਤੋਂ ਮੁਲਾਕਾਤ ਕਰਨਗੇ।

ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਤੋਂ ਬਾਅਦ ਦਰਾਰ ਵਧਦੀ ਹੀ ਜਾ ਰਹੀ ਹੈ। ਸੋਮਵਾਰ ਨੂੰ ਦੋਵਾਂ ਵਿਚਕਾਰ ਸੱਤਵੀਂ ਗੇੜ ਦੀ ਬੈਠਕ ਹੋਈ। ਇਸ ਦੌਰਾਨ ਵੀ ਕਿਸਾਨ ਆਪਣੀ ਮੰਗ 'ਤੇ ਅੜੇ ਰਹੇ। ਹਾਲਾਂਕਿ, ਸਰਕਾਰ ਨੇ ਵੀ ਆਪਣਾ ਪੱਖ ਬਰਕਰਾਰ ਰੱਖਿਆ। ਦੋਵਾਂ ਧਿਰਾਂ ਵਿਚਾਲੇ ਗੱਲਬਾਤ ਕਰੀਬ ਤਿੰਨ ਘੰਟੇ ਚੱਲੀ, ਪਰ ਅੰਤ ਤੱਕ ਕੁਝ ਵੀ ਸਿੱਟਾ ਨਹੀਂ ਨਿਕਲ ਸਕਿਆ।

ਸਰਕਾਰ ਨਾਲ ਲਗਾਤਾਰ ਮੁਲਾਕਾਤਾਂ ਦੇ ਦੌਰਾਨ ਕਿਸਾਨ ਨੇਤਾਵਾਂ ਨੇ ਕਿਹਾ, ‘ਸਰਕਾਰ ਨਹੀਂ ਚਾਹੁੰਦੀ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਸਾਰੇ ਦੇਸ਼ ਦੇ ਕਿਸਾਨ ਇਕਜੁੱਟ ਹਨ ਅਤੇ ਇਹ ਸਾਡੀ ਸਭ ਤੋਂ ਵੱਡੀ ਤਾਕਤ ਹੈ। ਕਿਸਾਨ ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਉਹ ਮੰਗਲਵਾਰ ਨੂੰ ਦੁਪਹਿਰ 2 ਵਜੇ ਸਿੰਘੂ ਸਰਹੱਦ ‘ਤੇ ਮਿਲਣਗੇ ਅਤੇ ਅੱਗੇ ਦੀ ਯੋਜਨਾ ਬਣਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਵਿੱਚ ਅਸਫਲ ਰਹੀ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.