ਪਟਿਆਲਾ:  ਕੇਂਦਰ ਸਰਕਾਰ ਖਿਲਾਫ ਕਿਸਾਨਾਂ ਦਾ ਇੱਕ ਹੋਰ ਮੋਰਚਾ ਖੁੱਲ੍ਹਣ ਜਾ ਰਿਹਾ ਹੈ। ਸੂਬੇ ਦੇ ਹਜ਼ਾਰਾਂ ਕਿਸਾਨ ਨਵੇਂ ਬਣਨ ਵਾਲੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਮਾਰਗ ਅਧੀਨ ਐਕੁਆਇਰ ਹੋਣ ਵਾਲੀ ਜ਼ਮੀਨ ਦਾ ਘੱਟ ਮੁਆਵਜ਼ਾ ਦੇਣ ਦਾ ਇਲਜ਼ਾਮ ਲਾ ਕੇ ਲਾਮਬੰਦ ਹੋ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨ ਐਕੁਆਇਰ ਕਰਨ ਦੀ ਪ੍ਰਕ੍ਰਿਆ ਪੂਰੀ ਹੋਣ ਵਾਲੀ ਹੈ ਪਰ ਅਜੇ ਤੱਕ ਜ਼ਮੀਨ ਦੇ ਭਾਅ ਜਾਂ ਹੋਰ ਮੁਆਵਜ਼ੇ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ ਜਾ ਰਿਹਾ।

ਦੱਸ ਦਈਏ ਕਿ ਇਹ ਸੜਕ ਪਟਿਆਲਾ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਤੇ ਗੁਰਦਾਸਪੁਰ ਤੱਕ ਜਾਣੀ ਹੈ। ਇਸ ਤਰ੍ਹਾਂ ਪੂਰੇ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦੀ ਜ਼ਮੀਨ ਇਸ ਸੜਕ ਅਧੀਨ ਆ ਰਹੀ ਹੈ। ਇਸ ਲਈ ਜੇਕਰ ਕਿਸਾਨਾਂ ਨੂੰ ਜ਼ਮੀਨਾਂ ਦਾ ਸਹੀ ਭਾਅ ਨਾ ਮਿਲਿਆ ਤਾਂ ਮੋਦੀ ਸਰਕਾਰ ਖਿਲਾਫ ਇੱਕ ਹੋਰ ਮੋਰਚਾ ਖੁੱਲ੍ਹ ਜਾਏਗਾ ਤੇ ਇਸ ਦਾ ਸਭ ਤੋਂ ਵੱਧ ਸੇਕ ਪੰਜਾਬ ਬੀਜੇਪੀ ਨੂੰ ਲੱਗੇਗਾ। ਉਂਝ ਕਿਸਾਨਾਂ ਦੀ ਚੇਤਾਵਨੀ ਮਗਰੋਂ ਪ੍ਰਸ਼ਾਸਨ ਚੌਕਸ ਹੋ ਗਿਆ ਹੈ।

ਦਰਅਸਲ ਕਿਸਾਨਾਂ ਕਹਿਣਾ ਹੈ ਕਿ ਕੋਈ ਵੀ ਅਧਿਕਾਰੀ ਉਨ੍ਹਾਂ ਨਾਲ ਗੱਲ ਕਰਨ ਲਈ ਤਿਆਰ ਨਹੀਂ ਤੇ ਉਨ੍ਹਾਂ ਦੇ ਇਤਰਾਜ਼ ਬਗੈਰ ਕਾਰਨ ਦੱਸੇ ਹੀ ਰੱਦ ਕੀਤੇ ਜਾ ਰਹੇ ਹਨ। ਕਿਸਾਨ ਇਸ ਗੱਲੋਂ ਵੀ ਹੈਰਾਨ ਹਨ ਕਿ ਸਾਰੀ ਕਾਰਵਾਈ ਨੂੰ ਬੜੇ ਗੁਪਤ ਢੰਗ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ। ਇਸ ਕਰਕੇ ਕਿਸਾਨਾਂ ਨੂੰ ਖਦਸ਼ਾ ਹੈ ਕਿ ਉਨ੍ਹਾਂ ਦੀਆਂ ਜ਼ਮੀਨਾਂ ਸਰਕਾਰ ਕੌਡੀਆਂ ਦੇ ਭਾਅ ਲੈਣਾ ਚਾਹੁੰਦੀ ਹੈ।