ਚੰਡੀਗੜ੍ਹ: ਸਰਕਾਰ ਵੱਲੋਂ ਖਰੀਦ ਕੇਂਦਰ ਤੇ ਮੰਡੀਆਂ ਬੰਦ ਕਰਨ ਦੇ ਫ਼ੈਸਲੇ ਖਿਲਾਫ ਕਿਸਾਨ ਡਟ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਜੇ 30% ਫਸਲ ਮੰਡੀਆਂ ਵਿੱਚ ਆਉਣੀ ਰਹਿੰਦੀ ਹੈ। ਇਸ ਕਰਕੇ ਮੰਡੀਆਂ ਵਿੱਚ ਖਰੀਦ ਮੁੜ ਤੋਂ ਸ਼ੁਰੂ ਕੀਤੀ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਪੰਜਾਬ ’ਚ ਭਾਰੀ ਮੀਂਹ ਪੈਣ ਕਾਰਨ ਝੋਨੇ ਦੀ ਕਟਾਈ ’ਚ ਦੇਰ ਹੋਈ ਹੈ ਤੇ ਕਰੀਬ 20 ਫ਼ੀਸਦੀ ਝੋਨਾ ਖੇਤਾਂ ਵਿੱਚ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਖਰੀਦ ਤੋਂ ਪਿੱਛੇ ਹਟਦੀ ਹੈ ਤਾਂ ਉਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ।

ਦੱਸ ਦਈਏ ਕਿ ਪੰਜਾਬ ਰਾਜ ਖੇਤੀ ਮੰਡੀਕਰਨ ਬੋਰਡ ਵੱਲੋਂ ਅੱਠ ਜ਼ਿਲ੍ਹਿਆਂ ਜਲੰਧਰ, ਰੋਪੜ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ, ਫਿਰੋਜ਼ਪੁਰ, ਸ਼ਹੀਦ ਭਗਤ ਸਿੰਘ ਨਗਰ, ਤਰਨ ਤਾਰਨ ਤੇ ਫਾਜ਼ਿਲਕਾ ਵਿੱਚ ਅੱਜ 9 ਨਵੰਬਰ ਦੀ ਸ਼ਾਮ ਤੇ ਛੇ ਜ਼ਿਲ੍ਹਿਆਂ ਬਠਿੰਡਾ, ਮੋਗਾ, ਬਰਨਾਲਾ, ਮਾਨਸਾ, ਪਠਾਨਕੋਟ ਤੇ ਹੁਸ਼ਿਆਰਪੁਰ ਵਿੱਚ 10 ਨਵੰਬਰ ਦੀ ਸ਼ਾਮ ਤੋਂ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਆਮਦ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੁਣ ਇਨ੍ਹਾਂ ਜ਼ਿਲ੍ਹਿਆਂ ਦੇ ਸਿਰਫ਼ ਮਾਰਕੀਟ ਕਮੇਟੀਆਂ ਵਾਲੇ ਮੁੱਖ ਸ਼ਹਿਰਾਂ ਦੀਆਂ ਮੰਡੀਆਂ ਵਿੱਚ ਹੀ ਝੋਨੇ ਦੀ ਖਰੀਦ ਹੋਵੇਗੀ।

ਆੜ੍ਹਤੀ ਐਸੋਸੀਏਸ਼ਨ ਪੰਜਾਬ  ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ’ਚ ਪਹਿਲਾਂ ਹੀ 17 ਫ਼ੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਆੜ੍ਹਤੀ ਦੀ ਦੁਕਾਨ ’ਤੇ ਆਉਣ ਕਾਰਨ ਕਈ ਆੜ੍ਹਤੀਆਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਸਨ, ਜਿਸ ਕਾਰਨ ਆੜ੍ਹਤੀ ਕਿਸਾਨਾਂ ਨੂੰ ਸੁੱਕਾ ਝੋਨਾ ਲਿਆਉਣ ਲਈ ਕਹਿ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ ਇਕਦਮ ਮੰਡੀਆਂ ਬੰਦ ਕੀਤੇ ਜਾਣ ਦੇ ਡਰੋਂ ਹੁਣ ਕਿਸਾਨ ਗਿੱਲਾ ਝੋਨਾ ਵੱਢਣ ਲਈ ਮਜਬੂਰ ਹੋ ਗਏ ਹਨ ਤੇ ਮੰਡੀਆਂ ਵਿੱਚ ਗਿੱਲਾ ਝੋਨਾ ਆਉਣਾ ਸ਼ੁਰੂ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਸੂਬੇ ਵਿੱਚ ਇਸ ਵਾਰ ਭਾਰਤੀ ਖੁਰਾਕ ਨਿਗਮ (ਐਫਸੀਆਈ) ਨੇ ਝੋਨਾ ਖਰੀਦਣ ਤੋਂ ਹੱਥ ਖਿੱਚ ਲਏ ਹਨ। ਮੋਗਾ ਜ਼ਿਲ੍ਹੇ ਵਿੱਚ ਐਫਸੀਆਈ ਨੇ ਸਿਰਫ਼ 194 ਮੀਟਰਕ ਟਨ ਝੋਨਾ ਖਰੀਦਿਆ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 93 ਫ਼ੀਸਦੀ ਘੱਟ ਹੈ। ਪਿਛਲੇ ਸਾਲ 2684.6 ਮੀਟਰਕ ਟਨ ਝੋਨਾ ਖਰੀਦਿਆ ਗਿਆ ਸੀ।