Punjab News: ਪੰਜਾਬ ਤੇ ਹਰਿਆਣਾ ਦੀ ਸ਼ੰਭੂ ਸਰਹੱਦ 'ਤੇ ਕਈ ਮਗੀਨਿਆਂ ਤੋਂ ਡਟੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਵਿੱਚ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਸ਼ੰਭੂ ਸਰਹੱਦ ਖੁੱਲ੍ਹਦੇ ਹੀ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ।



ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਹਫਤੇ ਦੇ ਅੰਦਰ-ਅੰਦਰ ਸ਼ੰਭੂ ਬਾਰਡਰ ਖੋਲ੍ਹਣ ਦੇ ਹੁਕਮ ਦਿੱਤੇ ਸੀ। ਹਾਈਕੋਰਟ ਵੱਲੋਂ ਦਿੱਤੀ ਡੈੱਡਲਾਈਨ ਦਾ ਅੱਜ ਆਖਰੀ ਦਿਨ ਹੈ। ਹਰਿਆਣਾ ਸਰਕਾਰ ਨੇ ਅਜੇ ਬਾਰਡਰ ਨਹੀਂ ਖੋਲ੍ਹਿਆ ਤੇ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਹਰਿਆਣਾ ਸਰਕਾਰ ਸ਼ੰਭੂ ਸਰਹੱਦ 'ਤੇ ਲਾਈ ਗਈ 8 ਲੇਅਰ ਬੈਰੀਕੇਡਿੰਗ ਨੂੰ ਹਟਾਉਣ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕਰ ਰਹੀ ਹੈ। 



ਉਧਰ, ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਮਾਰਚ ਕਰਨ ਲਈ ਸ਼ੰਭੂ ਤੇ ਖਨੌਰੀ ਸਰਹੱਦਾਂ ਨੇੜੇ ਪੁੱਜਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਟਰੈਕਟਰ-ਟਰਾਲੀਆਂ ਵਿੱਚ ਛੇ ਮਹੀਨਿਆਂ ਦਾ ਰਾਸ਼ਨ ਹੈ। ਹਰਿਆਣਾ ਦੇ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਟਰੈਕਟਰ-ਟਰਾਲੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਵਿੱਚ ਦਿੱਲੀ ਜਾਣ ਦਾ ਕਾਫੀ ਉਤਸ਼ਾਹ ਹੈ।


ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਕਿ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਮੰਨਿਆ ਸੀ ਕਿ ਉਨ੍ਹਾਂ ਦੇ ਹੁਕਮਾਂ ਉਪਰ ਫਾਇਰਿੰਗ ਕੀਤੀ ਗਈ ਸੀ। ਇਸ ਤੋਂ ਸਾਫ਼ ਹੈ ਕਿ ਉਹ ਆਪਣੀ ਗ਼ਲਤੀ ਮੰਨਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਦੇ ਜਵਾਨਾਂ ਨੂੰ ਸ਼ਾਟਗਨ ਚਲਾਉਣ ਦੀ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਦੀ ਵੀਡੀਓ ਵੀ ਹੈ। ਅਸੀਂ ਇਸ ਨੂੰ ਮੀਡੀਆ ਵਿੱਚ ਜਾਰੀ ਕਰਾਂਗੇ।


ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਇਹ ਬਿਰਤਾਂਤ ਸਿਰਜਨ ਦੀ ਕੋਸ਼ਿਸ਼ ਕੀਤੀ ਹੈ ਕਿ ਗੋਲੀ ਸਾਡੇ ਵੱਲੋਂ ਨਹੀਂ ਸਗੋਂ ਕਿਸਾਨਾਂ ਵੱਲੋਂ ਚਲਾਈ ਗਈ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਸ਼ੁਭਕਰਨ ਦੀ ਮੌਤ ਦੀ ਜਾਂਚ ਝੱਜਰ ਦੇ ਸੀਪੀ ਨੂੰ ਸੌਂਪਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਨਸਾਫ ਦੀ ਉਮੀਦ ਨਹੀਂ ਹੈ।