Farmer Protest: ਪੰਜਾਬ ਦੇ 101 ਕਿਸਾਨ ਦੁਪਹਿਰ 12 ਵਜੇ ਸ਼ੰਭੂ ਸਰਹੱਦ ਤੋਂ ਪੈਦਲ ਦਿੱਲੀ ਲਈ ਰਵਾਨਾ ਹੋਏ, ਪਰ ਹਰਿਆਣਾ ਪੁਲਿਸ ਨੇ ਸਰਹੱਦ 'ਤੇ ਰੋਕ ਲਿਆ। ਇੱਥੇ ਪੁਲੀਸ ਅਤੇ ਕਿਸਾਨਾਂ ਵਿੱਚ ਤਕਰਾਰ ਹੋ ਗਈ।
ਹਰਿਆਣਾ ਪੁਲਿਸ ਨੇ ਕਿਸਾਨਾਂ ਤੋਂ ਦਿੱਲੀ ਜਾਣ ਦੀ ਇਜਾਜ਼ਤ ਮੰਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਿਨਾਂ ਇਜਾਜ਼ਤ ਦਿੱਲੀ ਨਹੀਂ ਜਾ ਸਕਦਾ। ਇਸ ਮਗਰੋਂ ਪੁਲਿਸ ਨੇ ਕਿਸਾਨਾਂ ਨੂੰ ਵੈਰੀਫਿਕੇਸ਼ਨ ਕਰਵਾਉਣ ਲਈ ਕਿਹਾ ਤੇ ਨਾਲ ਹੀ ਕਿਹਾ ਕਿ ਪਛਾਣ ਪੱਤਰ ਤੁਹਾਡੇ ਕੋਲ ਹੋਣਾ ਚਾਹੀਦਾ ਹੈ।
ਕਿਸਾਨ ਕੇਂਦਰ ਸਰਕਾਰ ਤੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਗਰੰਟੀ ਦੇਣ ਲਈ ਕਾਨੂੰਨ ਸਮੇਤ 13 ਮੰਗਾਂ ਕਰ ਰਹੇ ਹਨ।
ਇਸ ਤੋਂ ਪਹਿਲਾਂ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਨ ਪੰਧੇਰ ਨੇ ਕਿਹਾ ਕਿ ਅਸੀਂ ਕੇਂਦਰ ਨੂੰ 7 ਦਸੰਬਰ ਨੂੰ ਗੱਲਬਾਤ ਲਈ ਸਮਾਂ ਦਿੱਤਾ ਸੀ ਪਰ ਸਰਕਾਰ ਵੱਲੋਂ ਮੀਟਿੰਗ ਦਾ ਕੋਈ ਸੱਦਾ ਨਹੀਂ ਆਇਆ। ਇਸ ਤੋਂ ਬਾਅਦ ਅੱਗੇ ਵਧਣ ਦਾ ਫੈਸਲਾ ਕੀਤਾ ਗਿਆ।
ਹਰਿਆਣਾ ਅਤੇ ਪੰਜਾਬ ਪੁਲਿਸ ਨੇ ਮੀਡੀਆ ਨੂੰ ਦਿੱਲੀ ਮਾਰਚ ਦੌਰਾਨ ਦੂਰੋਂ ਕਵਰੇਜ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ 6 ਦਸੰਬਰ ਨੂੰ ਵੀ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਸਨ, ਜਿਸ ਵਿੱਚ 8 ਕਿਸਾਨ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਪੰਧੇਰ ਨੇ ਕਿਸਾਨਾਂ ਨੂੰ ਵਾਪਸ ਬੁਲਾ ਲਿਆ।
ਜ਼ਿਕਰ ਕਰ ਦਈਏ ਕਿ ਕਿਸਾਨਾਂ ਨੂੰ ਰੋਕਣ ਲਈ ਪੁਲ ਦੇ ਉੱਪਰ ਅਤੇ ਹੇਠਾਂ ਕਰੀਬ 1000 ਜਵਾਨ ਤਾਇਨਾਤ ਕੀਤੇ ਗਏ ਹਨ। ਅੱਥਰੂ ਗੈਸ ਦੇ ਗੋਲਿਆਂ ਦੇ ਡੱਬੇ ਵੀ ਰੱਖੇ ਗਏ ਹਨ।
ਦੂਜੇ ਪਾਸੇ ਜ਼ਖ਼ਮੀਆਂ ਨੂੰ ਲਿਜਾਣ ਲਈ 10 ਐਂਬੂਲੈਂਸਾਂ ਤੋਂ ਇਲਾਵਾ 7 ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਅੱਥਰੂ ਗੈਸ ਦੇ ਗੋਲਿਆਂ ਨਾਲ ਨਜਿੱਠਣ ਲਈ 500 ਮੀਟਰ ਦੇ ਘੇਰੇ ਵਿੱਚ ਪਾਣੀ ਦੇ ਟੈਂਕਰ ਅਤੇ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨਾਂ ਨੂੰ ਨਮਕ ਦੇ ਨਾਲ-ਨਾਲ ਚਸ਼ਮਾ ਅਤੇ ਮਾਸਕ ਵੀ ਦਿੱਤੇ ਗਏ ਹਨ। ਅਸਲ 'ਚ ਜੇ ਅੱਥਰੂ ਗੈਸ ਛੱਡੀ ਜਾਂਦੀ ਹੈ ਤਾਂ ਸਾਹ ਲੈਣ 'ਚ ਦਿੱਕਤ ਹੋਵੇਗੀ। ਲੂਣ ਚੱਟਣ ਨਾਲ ਆਰਾਮ ਮਿਲਦਾ ਹੈ।