Farmers Protest: ਪੰਜਾਬ ਕਿਸਾਨ ਸੰਗਠਨ ਦੇ ਲੀਡਰ ਕੁਲਵੰਤ ਸਿੰਘ ਸੰਧੂ ਨੇ ਵੱਡਾ ਬਿਆਨ ਦਿੱਤਾ ਹੈ। ਸੰਧੂ ਨੇ ਕਿਹਾ ਹੈ ਕਿ ਅੰਦੋਲਨ ਖਤਮ ਹੋਣ ਤੋਂ ਬਾਅਦ ਕਿਸਾਨ ਸਾਂਝਾ ਮੰਚ ਬਣਾ ਕੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉੱਤਰ ਸਕਦੇ ਹਨ। ਪਹਿਲੀ ਵਾਰ ਕਿਸੇ ਕਿਸਾਨ ਲੀਡਰ ਨੇ ਚੋਣ ਲੜਨ ਦੀ ਗੱਲ ਕਹੀ ਹੈ। ਪੰਜਾਬ ਸਮੇਤ ਪੰਜ ਰਾਜਾਂ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।



'ਏਬੀਪੀ ਨਿਊਜ਼' ਨਾਲ ਖਾਸ ਗੱਲਬਾਤ 'ਚ ਕਿਸਾਨ ਲੀਡਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਜ਼ਿਆਦਾਤਰ ਕਿਸਾਨ ਚਾਹੁੰਦੇ ਹਨ ਕਿ ਧਰਨਾ ਖਤਮ ਕਰਕੇ ਸੂਬਿਆਂ 'ਚ ਚਲੇ ਜਾਣਾ ਚਾਹੀਦਾ ਹੈ। ਉੱਥੇ ਚੋਣ ਲੜਨੀ ਚਾਹੀਦੀ ਹੈ। ਕਿਸਾਨਾਂ ਦੀਆਂ ਬਾਕੀ ਮੰਗਾਂ ਦੀ ਪੂਰਤੀ ਲਈ ਆਵਾਜ਼ ਉਠਾਉਣੀ ਜਾਰੀ ਰੱਖੀ ਜਾਵੇ। ਇੱਕ ਥਾਂ ਬੈਠ ਭਾਜਪਾ ਨੂੰ ਹਰਾਉਣਾ ਸੰਭਵ ਨਹੀਂ। ਅਸੀਂ ਪੰਜ ਰਾਜਾਂ ਵਿੱਚ ਭਾਜਪਾ ਨੂੰ ਹਰਾਉਣਾ ਹੈ। ਜੇਕਰ ਭਾਜਪਾ ਹਾਰਦੀ ਹੈ ਤਾਂ ਸਾਡੀਆਂ ਕਈ ਮੰਗਾਂ ਪੂਰੀਆਂ ਹੋ ਜਾਣਗੀਆਂ।



ਅੰਦੋਲਨ ਖਤਮ ਕਰਨ ਦੇ ਸਵਾਲ 'ਤੇ ਕੁਲਵੰਤ ਸਿੰਘ ਸੰਧੂ ਨੇ ਕਿਹਾ, ''ਸਾਡੀ 4 ਦਸੰਬਰ ਨੂੰ ਅਹਿਮ ਮੀਟਿੰਗ ਹੈ। ਜੇਕਰ ਅਸੀਂ ਸਹਿਮਤ ਹੁੰਦੇ ਹਾਂ ਤਾਂ ਧਰਨਾ ਖਤਮ ਹੋ ਜਾਵੇਗਾ। ਧਰਨਾ ਖ਼ਤਮ ਹੋਣ ਤੋਂ ਬਾਅਦ ਚੋਣ ਲੜਨ ਦੀ ਰਣਨੀਤੀ 'ਤੇ ਵਿਚਾਰ ਕੀਤਾ ਜਾਵੇਗਾ। ਸਾਰੀਆਂ ਕਿਸਾਨ ਜਥੇਬੰਦੀਆਂ ਵੀ ਇਕੱਠੀਆਂ ਚੋਣਾਂ ਲੜ ਸਕਦੀਆਂ ਹਨ।


 ਦੱਸ ਦੇਈਏ ਕਿ ਸੰਸਦ 'ਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਬਿੱਲ ਪਾਸ ਹੋ ਚੁੱਕਾ ਹੈ। ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਅੰਦੋਲਨ ਹੁਣ ਖਤਮ ਕਰਨ ਨੂੰ ਲੈ ਕੇ ਕਿਸਾਨਾਂ ਵਿੱਚ ਵੱਖੋ-ਵੱਖ ਰਾਏ ਸਾਹਮਣੇ ਆਉਣ ਲੱਗੀ ਹੈ। ਜਿੱਥੇ ਕਿਸਾਨਾਂ ਦਾ ਇੱਕ ਵਰਗ ਅੰਦੋਲਨ ਨੂੰ ਖਤਮ ਕਰਨ ਦੀ ਪੈਰਵਾਈ ਕਰ ਰਿਹਾ ਹੈ, ਉੱਥੇ ਕੁਝ ਆਗੂ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਜਾਰੀ ਰੱਖਣਾ ਚਾਹੁੰਦੇ ਹਨ। 4 ਦਸੰਬਰ ਨੂੰ SKM (ਸੰਯੁਕਤ ਕਿਸਾਨ ਮੋਰਚਾ) ਦੀ ਮੀਟਿੰਗ ਹੋਵੇਗੀ। ਉਸ ਤੋਂ ਬਾਅਦ ਅਗਲੀ ਰਣਨੀਤੀ ਬਾਰੇ ਫੈਸਲਾ ਲਿਆ ਜਾਵੇਗਾ।