ਬਰਨਾਲਾ: 32 ਜਥੇਬੰਦੀਆਂ 'ਤੇ ਅਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਏ ਧਰਨੇ ਨੂੰ ਅੱਜ 300 ਦਿਨ ਪੂਰੇ ਹੋ ਗਏ ਹਨ। ਇਸ ਮੌਕੇ ਬਰਨਾਲਾ ਧਰਨੇ ਦੇ ਕੰਮਾਂ ਦਾ ਲੇਖਾ-ਜੋਖਾ ਕੀਤਾ ਗਿਆ ਤੇ ਇਸ ਦੇ ਕਮਜ਼ੋਰ ਤੇ ਮਜ਼ਬੂਤ ਪੱਖਾਂ ਦੀ ਨਿਸ਼ਾਨਦੇਹੀ ਕੀਤੀ ਗਈ।


ਬੁਲਾਰਿਆਂ ਨੇ ਤਸੱਲੀ ਪ੍ਰਗਟਾਈ ਕਿ ਇੰਨੇ ਲੰਬੇ ਅਰਸੇ ਦੌਰਾਨ ਵੀ ਧਰਨੇ ਦਾ ਜੋਸ਼ ਤੇ ਉਤਸ਼ਾਹ ਲਗਾਤਾਰ ਜਾਰੀ ਰਿਹਾ। ਧਰਨਾਕਾਰੀਆਂ, ਖਾਸਕਰ ਔਰਤਾਂ ਦੀ ਹਾਜ਼ਰੀ ਲਗਾਤਾਰ ਵਧਦੀ ਰਹੀ, ਸੰਯਕੁਤ ਕਿਸਾਨ ਮੋਰਚੇ ਦੇ ਸਾਰੇ ਸੱਦਿਆਂ ਨੂੰ ਭਰਵੇਂ ਰੂਪ ਵਿੱਚ ਲਾਗੂ ਕੀਤਾ ਗਿਆ, ਵੱਡੀ ਗਿਣਤੀ ਵਿੱਚ ਨਵੇਂ ਬੁਲਾਰੇ, ਖਾਸਕਰ ਔਰਤ ਬੁਲਾਰੇ, ਧਰਨੇ ਨੂੰ ਸੰਬੋਧਨ ਕਰਨ ਲਈ ਅੱਗੇ ਆਉਣ ਲੱਗੇ।


ਇਸ ਤੋਂ ਇਲਾਵਾ ਵੱਖ ਵੱਖ ਕਿਸਾਨ ਜਥੇਬੰਦੀਆਂ ਦਰਮਿਆਨ ਏਕਤਾ ਤੇ ਸਦਭਾਵਨਾ ਬਣੀ ਰਹੀ ਤੇ ਧਰਨੇ ਦਾ ਵਿਤੀ ਪ੍ਰਬੰਧਨ ਪੇਸ਼ੇਵਾਰਾਨਾ ਪੱਧਰ ਦਾ ਰਿਹਾ। ਸਭ ਤੋਂ ਵੱਡੀ ਪ੍ਰਾਪਤੀ ਖੇਤੀ ਕਾਨੂੰਨਾਂ ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਧਰਨਾਕਾਰੀਆਂ ਦੀ ਚੇਤਨਾ ਵਿੱਚ ਹੋਇਆ ਅਥਾਹ ਵਾਧਾ ਹੈ। ਇਸ ਸਭ ਦੇ ਬਾਵਜੂਦ ਮਜਦੂਰਾਂ ਤੇ ਸ਼ਹਿਰੀ ਗਰੀਬ ਵਰਗ ਦੀ, ਮੁਕਾਬਲਤਨ ਘੱਟ ਸ਼ਮੂਲੀਅਤ, ਧਰਨੇ ਦਾ ਕਮਜ਼ੋਰ ਪੱਖ ਰਿਹਾ। ਆਉਂਦੇ ਦਿਨਾਂ ਵਿੱਚ ਇਸ ਕਮਜ਼ੋਰੀ ਨੂੰ ਦੂਰ ਕਰਨ ਦਾ ਅਹਿਦ ਲਿਆ ਗਿਆ।


ਬੁਲਾਰਿਆਂ ਨੇ ਕਿਹਾ ਸੰਯੁਕਤ ਕਿਸਾਨ ਮੋਰਚਾ ਕਿਸਾਨ ਅੰਦੋਲਨ ਨੂੰ ਬਹੁਤ ਵਧੀਆ ਅਗਵਾਈ ਦੇ ਰਿਹਾ ਹੈ। ਪਹਿਲਾਂ ਦੀ ਤਰ੍ਹਾਂ ਭਵਿੱਖ ਵਿੱਚ ਵੀ ਮੋਰਚੇ ਦੇ ਸਾਰੇ ਸੱਦਿਆਂ ਨੂੰ ਪੂਰੇ ਜ਼ੋਸ ਤੇ ਭਰਵੇਂ ਰੂਪ ਵਿੱਚ ਲਾਗੂ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ 26 ਜੁਲਾਈ ਨੂੰ ਜੰਤਰ ਮੰਤਰ ਦਿੱਲੀ ਵਿਖੇ ਔਰਤਾਂ ਵੱਲੋਂ ਲਾਈ ਗਈ ਕਿਸਾਨ ਸੰਸਦ ਦਾ ਦੁਨੀਆ ਭਰ ਵਿੱਚ ਨੋਟਿਸ ਲਿਆ ਗਿਆ ਹੈ। ਔਰਤਾਂ ਦੀ ਸਿਆਸੀ ਸੂਝ ਬੂਝ ਤੇ ਖੇਤੀ ਕਾਨੂੰਨਾਂ ਬਾਰੇ ਸਮਝ ਨੇ ਹਰ ਪੜ੍ਹਨ ਸੁਣਨ ਵਾਲੇ ਨੂੰ ਮੁਤਾਸਿਰ ਕੀਤਾ ਹੈ। ਸਰਕਾਰ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਇਸ ਕੋਲ ਹੋਰ ਕੋਈ ਚਾਰਾ ਨਹੀਂ ਹੈ।


ਉਧਰ ਰਿਲਾਇੰਸ ਮਾਲ ਬਰਨਾਲਾ ਮੂਹਰੇ ਲਾਏ ਧਰਨੇ ਦੇ ਵੀ 300 ਦਿਨ ਪੂਰੇ ਹੋ ਗਏ ਤੇ ਅੱਜ ਵੀ ਇਹ ਧਰਨਾ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ ਤੇ ਸਰਕਾਰ ਖਿਲਾਫ ਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਨਾਹਰੇਬਾਜ਼ੀ ਹੁੰਦੀ ਰਹੀ।