Farmers Protest LIVE Updates: ਕਿਸਾਨ ਅੰਦੋਲਨ ਦਾ ਅੱਜ 79ਵਾਂ ਦਿਨ, ਮਹਾਪੰਚਾਇਤਾਂ ਨੇ ਬਦਲਿਆ ਮਾਹੌਲ

ਦਿੱਲੀ ਦੀਆਂ ਹੱਦਾਂ ਉੱਪਰ ਜਾਰੀ ਕਿਸਾਨ ਅੰਦੋਲਨ ਦਾ ਅੱਜ 79ਵਾਂ ਦਿਨ ਹੈ। ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਕਿਸਾਨ ਹੁਣ ਅੰਦੋਲਨ ਨੂੰ ਤੇਜ਼ ਕਰਨ ਜਾ ਰਹੇ ਹਨ। 12 ਫਰਵਰੀ ਤੋਂ ਕਿਸਾਨ ਰਾਜਸਥਾਨ 'ਚ ਸਾਰੇ ਟੋਲ ਪਲਾਜ਼ਾ ਕਿਸਾਨ ਮੁਫ਼ਤ ਕਰਾਉਣਗੇ। 14 ਫਰਵਰੀ ਨੂੰ ਪੁਲਵਾਮਾ ਹਮਲੇ ਦੀ ਬਰਸੀ ਤੇ ਜਵਾਨਾਂ 'ਤੇ ਕਿਸਾਨਾਂ ਲਈ ਕੈਂਡਲ ਮਾਰਚ ਤੇ ਮਿਸ਼ਾਲ ਮਾਰਚ ਕੱਢਣ ਲਈ ਕਿਹਾ ਗਿਆ।

ਏਬੀਪੀ ਸਾਂਝਾ Last Updated: 12 Feb 2021 10:21 AM
ਹਿਮਾਚਲ 'ਚ ਵੀ ਉੱਠ ਖੜ੍ਹਾ ਕਿਸਾਨ ਅੰਦੋਲਨ, ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਵੀ ਸੜਕਾਂ 'ਤੇ ਉੱਤਰੇ

ਹਿਮਾਚਲ ਪ੍ਰਦੇਸ਼ ਵਿੱਚ ਵੀ ਕਿਸਾਨ ਅੰਦੋਲਨ ਉੱਠ ਖੜ੍ਹਾ ਹੈ। ਇਹ ਅੰਦੋਲਨ ਬਾਗਬਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਦੀ ਹਮਾਇਤ ਵਿੱਚ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਵੀ ਸੜਕਾਂ 'ਤੇ ਉੱਤਰੇ ਹਨ। ਹਿਮਾਚਲ ਵਿੱਚ ਇਹ ਅਜਿਹਾ ਪਹਿਲਾ ਮੌਕਾ ਹੈ ਜਦੋਂ ਇਸ ਤਰ੍ਹਾਂ ਬੱਚੇ ਸੜਕੇ ਤੇ ਆਏ ਹਨ। ਇਨ੍ਹਾਂ ਵਿਦਿਆਰਥੀਆਂ ਨੇ ਸੰਜੌਲੀ ਤੋਂ ਮਾਰਚ ਕੱਢ ਕੇ ਖੇਤੀ ਕਾਨੂੰਨ ਵਿਰੁੱਧ ਆਪਣੇ ਵਿਰੋਧ ਦਰਜ ਕਰਵਾਇਆ।

ਅਣਮਿਥੇ ਸਮੇਂ ਲਈ ਚੱਲੇਗਾ ਕਿਸਾਨ ਅੰਦੋਲਨ, ਟਿਕੈਤ ਦਾ ਨਵਾਂ ਐਲਾਨ

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਸ਼ੁੱਕਰਵਾਰ ਚੇਤਾਵਨੀ ਦਿੱਤੀ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਿਹਾ ਕਿਸਾਨ ਅਦੋਲਨ ਅਣਮਿੱਥੇ ਸਮੇਂ ਲਈ ਚੱਲ ਸਕਦਾ ਹੈ ਕਿਉਂਕਿ ਇਸ ਦੀ ਸਮਾਂ ਸੀਮਾਂ ਨੂੰ ਲੈ ਕੇ ਕੋਈ ਯੋਜਨਾ ਨਹੀਂ ਬਣਾਈ ਗਈ। ਹਾਲਾਂਕਿ ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਸਰਕਾਰ ਨੂੰ 2 ਅਕਤੂਬਰ ਤਕ ਦਾ ਅਲਟੀਮੇਟਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਸ਼ਾਇਦ ਅਕਤੂਬਰ ਤਕ ਚੱਲ ਸਕਦਾ ਹੈ। ਉਨ੍ਹਾਂ ਇਹ ਗੱਲ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਗੁਰਨਾਮ ਸਿੰਘ ਚੜੂਨੀ ਦੇ ਬਿਆਨ 'ਤੇ ਕਹੀ, 'ਜਿਸ 'ਚ ਉਨ੍ਹਾਂ ਕਿਹਾ ਸੀ ਕਿਸਾਨਾਂ ਦਾ ਪ੍ਰਦਰਸ਼ਨ ਅਕਤੂਬਰ ਤਕ ਚੱਲੇਗਾ।'

ਬ੍ਰਿਟੇਨ 'ਚ ਕਿਸਾਨ ਅੰਦੋਲਨ ਦੀ ਗੂੰਜ, ਹਾਊਸ ਆਫ ਕਾਮਨਜ਼ ਦੇ ਲੀਡਰ ਜੈਕਬ ਨੇ ਦਿੱਤਾ ਵੱਡਾ ਬਿਆਨ

 ਬ੍ਰਿਟੇਨ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਭਾਰਤ ਲਈ ਘਰੇਲੂ ਨੀਤੀ ਦਾ ਮੁੱਦਾ ਹੈ ਪਰ ਬ੍ਰਿਟੇਨ ਸਰਕਾਰ ਭਾਰਤੀ ਕਿਸਾਨਾਂ ਦੇ ਅੰਦੋਲਨ ਨੂੰ ਨੇੜਿਓਂ ਦੇਖਦੀ ਰਹੇਗੀ। ਹਾਊਸ ਆਫ ਕਾਮਨਜ਼ ਦੇ ਲੀਡਰ, ਜੈਕਬ ਰੀਸ-ਮੋਗਗ ਨੇ ਬ੍ਰਿਟਿਸ਼ ਸੰਸਦ ਨੂੰ ਦੱਸਿਦਿਆਂ ਕਿਹਾ, 'ਅਸੀਂ ਵਿਸ਼ਵ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਰਹਾਂਗੇ ਤੇ ਇਸ ਮਹੀਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਇਸ ਦਾ ਹਿੱਸਾ ਹੈ। ਪੰਜਾਬ ਮੂਲ ਦੇ ਬ੍ਰਿਟਿਸ਼ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਭਾਰਤ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਪ੍ਰੈੱਸ ਦੀ ਅਜ਼ਾਦੀ ਦੀ ਸੁਰੱਖਿਆ ਬਾਰੇ ਸੰਸਦ ਵਿੱਚ ਬਹਿਸ ਲਈ ਜ਼ੋਰ ਦੇਣ ਤੋਂ ਬਾਅਦ ਰੀਸ-ਮੋਗਗ ਨੇ ਇਹ ਪ੍ਰਤੀਕਿਰਿਆ ਦਿੱਤੀ ਹੈ।

ਕਿਸਾਨ ਅੰਦੋਲਨ ਨੂੰ ਲੈ ਕੇ ਕੈਨੇਡਾ ਦਾ ਦਾਅਵਾ, ਟਰੂਡੋ ਨੇ ਮੋਦੀ ਦੇ ਕੰਨੀ ਪਾਈ ਇਹ ਗੱਲ

ਖ਼ਬਰ ਆਈ ਹੈ ਕਿ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਨੇ ਮੋਦੀ ਨਾਲ ਕਿਸਾਨ ਅੰਦੋਲਨ ਬਾਰੇ ਵੀ ਗੱਲਬਾਤ ਕੀਤੀ। ਇਹ ਦਾਅਵਾ ਕੈਨੇਡਾ ਵੱਲੋਂ ਕੀਤਾ ਗਿਆ ਹੈ। ਜਦੋਂਕਿ ਭਾਰਤ ਵੱਲੋਂ ਜਾਰੀ ਬਿਆਨ 'ਚ ਇਹ ਕਿਹਾ ਗਿਆ ਕਿ ਇਸ ਗੱਲਬਾਤ 'ਚ ਕਿਸਾਨਾਂ ਬਾਰੇ ਕਿਸੇ ਮੁੱਦੇ 'ਤੇ ਕੋਈ ਗੱਲ ਨਹੀਂ ਕੀਤੀ ਗਈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੈਨੇਡਾ ਨੇ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ ਹੋਵੇ। ਇਸ ਤੋਂ ਪਹਿਲਾਂ ਵੀ ਕੈਨੇਡਾ ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣ ਕਰਕੇ ਭਾਰਤ ਨੇ ਤਿਖ਼ੀ ਪ੍ਰਤੀਕਿਰੀਆ ਦਿੱਤੀ ਸੀ।

ਰਾਜੇਵਾਲ ਦਾ ਐਲਾਨ ਸੰਯੁਕਤ ਕਿਸਾਨ ਮੋਰਚਾ ਇਕਜੁੱਟ, ਲੀਡਰਾਂ ਵਿਚਾਲੇ ਨਹੀਂ ਕੋਈ ਮੱਤਭੇਦ

ਸੰਯੁਕਤ ਕਿਸਾਨ ਮੋਰਚਾ ਇਕਜੁੱਟ ਹੈ ਤੇ ਕਿਸੇ ਵੀ ਲੀਡਰ ਵਿਚਾਲੇ ਕੋਈ ਮੱਤਭੇਦ ਨਹੀਂ ਹੈ। ਇਹ ਦਾਅਵਾ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕੀਤਾ ਹੈ। ਉਨ੍ਹਾਂ ਨੇ ਆਖਿਆ ਹੈ ਕਿ ਉਹ ਸਾਰੇ ਇੱਕ ਹਨ ਤੇ ਉਨ੍ਹਾਂ ’ਚ ਨਾ ਕੋਈ ਮੱਤਭੇਦ ਹੈ ਤੇ ਨਾ ਹੀ ਇਹ ਉਪਜ ਸਕਦਾ ਹੈ। ਰਾਜੇਵਾਲ ਨੇ ਕਿਹਾ ਕਿ ਸਾਰਿਆਂ ਦਾ ਇੱਕੋ-ਇੱਕ ਨਿਸ਼ਾਨਾ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ। ਉਨ੍ਹਾਂ ਆਖਿਆ ਕਿ ਮੋਦੀ ਦੀਆਂ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਸਾਰੀਆਂ ਚਾਲਾਂ ਦਾ ਭੋਗ ਪੈ ਗਿਆ ਹੈ। ‘ਮੋਦੀ ਦੇ ਮੰਤਰੀਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਅਸੀਂ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਦੇ ਸਾਰੇ ਭਰਮ ਦੂਰ ਕਰ ਚੁੱਕੇ ਹਾਂ, ਹੁਣ ਤਾਂ ਉਨ੍ਹਾਂ ਕੋਲ ਕਾਨੂੰਨਾਂ ਨੂੰ ਰੱਦ ਕਰਨ ਦਾ ਹੀ ਰਾਹ ਬਚਦਾ ਹੈ।’

ਦਿੱਲੀ ਦੀਆਂ ਹੱਦਾਂ ਉੱਪਰ ਜਾਰੀ ਕਿਸਾਨ ਅੰਦੋਲਨ ਦਾ ਅੱਜ 79ਵਾਂ ਦਿਨ


ਦਿੱਲੀ ਦੀਆਂ ਹੱਦਾਂ ਉੱਪਰ ਜਾਰੀ ਕਿਸਾਨ ਅੰਦੋਲਨ ਦਾ ਅੱਜ 79ਵਾਂ ਦਿਨ ਹੈ। ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਕਿਸਾਨ ਹੁਣ ਅੰਦੋਲਨ ਨੂੰ ਤੇਜ਼ ਕਰਨ ਜਾ ਰਹੇ ਹਨ। 12 ਫਰਵਰੀ ਤੋਂ ਕਿਸਾਨ ਰਾਜਸਥਾਨ 'ਚ ਸਾਰੇ ਟੋਲ ਪਲਾਜ਼ਾ ਕਿਸਾਨ ਮੁਫ਼ਤ ਕਰਾਉਣਗੇ। 14 ਫਰਵਰੀ ਨੂੰ ਪੁਲਵਾਮਾ ਹਮਲੇ ਦੀ ਬਰਸੀ ਤੇ ਜਵਾਨਾਂ 'ਤੇ ਕਿਸਾਨਾਂ ਲਈ ਕੈਂਡਲ ਮਾਰਚ ਤੇ ਮਿਸ਼ਾਲ ਮਾਰਚ ਕੱਢਣ ਲਈ ਕਿਹਾ ਗਿਆ।

ਪਿਛੋਕੜ

ਕਿਸਾਨਾਂ ਨੇ 26 ਜਨਵਰੀ ਤੋਂ ਬਾਅਦ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਮਹਾਪੰਚਾਇਤਾਂ ਵਾਲਾ ਹਥਿਆਰ ਚੁਣਿਆ ਜਿਸ ਨੇ ਸੰਘਰਸ਼ ਦਾ ਰੂਹ ਹੀ ਬਦਲ ਦਿੱਤਾ ਹੈ। ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਵੀਰਵਾਰ ਨੂੰ ਪੰਜਾਬ ਅੰਦਰ ਪਹਿਲੀ ਮਹਾਪੰਚਾਇਤ ਹੋਈ। ਇਸ ਮਹਾਪੰਚਾਇਤ ਵਿੱਚ ਇਕੱਠ ਇੰਨਾ ਸੀ ਕਿ ਸ਼ਾਇਦ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਵਿੱਚ ਵੀ ਇੰਨੇ ਲੋਕ ਨਹੀਂ ਪਹੁੰਚਦੇ।


 


ਦੱਸ ਦਈਏ ਕਿ ਇਨ੍ਹਾਂ ਕਿਸਾਨ ਮਹਾਂਪੰਚਾਇਤਾਂ ਦੀ ਸ਼ੁਰੂਆਤ ਹਰਿਆਣਾ ਤੋਂ ਹੋਈ ਸੀ। ਇਸ ਮਗਰੋਂ ਯੂਪੀ ਤੇ ਰਾਜਸਥਾਨ ਵਿੱਚ ਮਹਾਪੰਚਾਇਤਾਂ ਹੋਈਆਂ। ਇਨ੍ਹਾਂ ਪੰਚਾਇਤਾਂ ਦਾ ਇਕੱਠ ਵੇਖ ਸਿਆਸੀ ਪਾਰਟੀਆਂ ਦੇ ਵੀ ਹੋਸ਼ ਉੱਡ ਗਏ। ਦੂਜੇ ਪਾਸੇ 26 ਜਨਵਰੀ ਤੋਂ ਬਾਅਦ ਨਿਰਾਸ਼ ਹੋਏ ਕਿਸਾਨ ਲੀਡਰਾਂ ਦੇ ਹੌਸਲੇ ਮੁੜ ਬੁਲੰਦ ਹੋ ਗਏ। ਹੁਣ ਹਾਲਾਤ ਇਹ ਹਨ ਕਿ ਲੋਕ ਆਪ ਮੁਹਾਰੇ ਦਿੱਲੀ ਪਹੁੰਚਣ ਲੱਗੇ ਹਨ।


 


ਇਹ ਵੀ ਜ਼ਿਕਰਯੋਗ ਤੱਥ ਹੈ ਕਿ ਸ਼ੁਰੂ ਵਿੱਚ ਦਿੱਲੀ ਦੀਆਂ ਹੱਦਾਂ ਉੱਪਰ ਪੰਜਾਬੀ ਹੀ ਨਜ਼ਰ ਆਉਂਦੇ ਸੀ। ਹੁਣ ਹਰਿਆਣਾ ਤੇ ਯੂਪੀ ਦੇ ਕਿਸਾਨਾਂ ਦੀ ਗਿਣਤੀ ਵਧਣ ਲੱਗੀ ਹੈ। ਖਾਸਕਰ ਹਰਿਆਣਾ ਵਿੱਚ ਹੋਈਆਂ ਮਹਾਪੰਚਾਇਤਾਂ ਮਗਰੋਂ ਖਾਪ ਪੰਚਾਇਤਾਂ ਦੀ ਅਗਵਾਈ ਹੇਠ ਦਿੱਲੀ ਜਾਣ ਵਾਲੇ ਹਰਿਆਣਵੀ ਕਿਸਾਨਾਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਵਧ ਗਈ ਹੈ। ਦੂਜੇ ਪਾਸੇ ਸੂਬੇ ਦੇ ਸਾਰੇ ਟੌਲ ਪਲਾਜ਼ੇ, ਕੌਮੀ ਸ਼ਾਹਰਾਹ ਤੇ ਕਾਰਪੋਰੇਟ ਘਰਾਣਿਆਂ ਦੇ ਦਫ਼ਤਰਾਂ ਬਾਹਰ ਦਿੱਤੇ ਜਾਣ ਵਾਲੇ ਧਰਨੇ-ਪ੍ਰਦਰਸ਼ਨਾਂ ਵਿੱਚ ਵੀ ਵੱਡੀ ਗਿਣਤੀ ਲੋਕ ਹਿੱਸਾ ਲੈ ਰਹੇ ਹਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.