Farmers Protest LIVE Updates: ਕਿਸਾਨ ਅੰਦੋਲਨ ਨੂੰ ਮਿਲੀ ਕੌਮਾਂਤਰੀ ਹਮਾਇਤ, ਦਿੱਲੀ ਹਿੰਸਾ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਦਖਲ ਦੇਣੋਂ ਇਨਕਾਰ

ਕਿਸਾਨਾਂ ਦੇ ਜੋਸ਼ ਨੂੰ ਵੇਖਦਿਆਂ ਸੰਯੁਕਤ ਕਿਸਾਨ ਮੋਰਚੇ ਨੇ ਮੁੜ ਸੰਘਰਸ਼ ਤੇਜ਼ ਕਰ ਦਿੱਤਾ ਹੈ। ਇਸ ਵਾਰ ਅੰਦੋਲਨ ਨੂੰ ਦਿੱਲੀ ਦੀਆਂ ਹੱਦਾਂ ਦੇ ਨਾਲ ਹੀ ਦੇਸ਼ ਦੇ ਕੋਨੇ-ਕੋਨੇ ਤੱਕ ਲੈ ਕੇ ਜਾਣ ਦੀ ਰਣਨੀਤੀ ਬਣਾਈ ਹੈ। ਇਸ ਤਹਿਤ 6 ਫਰਵਰੀ ਨੂੰ ਦੇਸ਼ ਭਰ ਵਿੱਚ ਦੁਪਹਿਰ 12 ਤੋਂ ਲੈ ਕੇ 3 ਵਜੇ ਤੱਕ ਕੌਮੀ ਮਾਰਗਾਂ ਨੂੰ ਜਾਮ ਕਰਨ ਦਾ ਐਲਾਨ ਕੀਤਾ ਹੈ।

ਏਬੀਪੀ ਸਾਂਝਾ Last Updated: 03 Feb 2021 04:37 PM
ਕੇਂਦਰ ਸਰਕਾਰ ਨੇ ਟਵਿੱਟਰ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ 'ਕਿਸਾਨ ਨਸਲਕੁਸ਼ੀ' ਵਾਲੇ ਹੈਸ਼ਟੈਗ ਤੋਂ ਟਵੀਟ ਕਰਨ ਵਾਲੇ ਅਕਾਊਂਟਾਂ ਦੀ ਬਹਾਲੀ 'ਤੇ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਟਵਿਟਰ 'ਤੇ ModiPlanningFarmerGenocide ਹੈਸ਼ਟੈਗ ਚਲਾਇਆ ਗਿਆ ਸੀ। ਸਰਕਾਰ ਨੇ ਟਵਿਟਰ ਨੂੰ ਅਜਿਹੇ ਅਕਾਊਂਟਾਂ 'ਤੇ ਕਾਰਵਾਈ ਕਰਨ ਲਈ ਕਿਹਾ ਸੀ ਪਰ ਟਵਿੱਟਰ ਨੇ ਖ਼ੁਦ ਹੀ ਅਜਿਹੇ ਅਕਾਊਂਟ ਬਹਾਲ ਕਰ ਦਿੱਤੇ। ਸਰਕਾਰ ਨੇ ਕਿਹਾ ਹੈ ਕਿ ਟਵਿੱਟਰ ਨੂੰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਏਗੀ ਨਹੀਂ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ। ਸਰਕਾਰ ਦੇ ਨੋਟਿਸ 'ਚ ਸੁਪਰੀਮ ਕੋਰਟ ਦੇ ਫ਼ੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਟਵਿੱਟਰ ਅਦਾਲਤ ਵਾਂਗ ਫ਼ੈਸਲੇ ਨਹੀਂ ਕਰ ਸਕਦਾ।

ਅਕਸ਼ੈ ਕੁਮਾਰ ਨੇ ਵੀ ਕਿਸਾਨ ਅੰਦੋਲਨ ਬਾਰੇ ਟਵੀਟ ਕੀਤਾ ਹੈ।
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਲੈ ਕੇ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਕੰਡੇਲਾ ਪਿੰਡ 'ਚ ਚੱਲ ਰਹੀ 'ਮਹਾਪੰਚਾਇਤ' 'ਚ ਲੋਕਾਂ ਦਾ ਹੜ੍ਹ ਆ ਗਿਆ। ਇੱਥੇ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਪਹੁੰਚ ਚੁੱਕੇ ਹਨ। ਇਸ ਪੰਚਾਇਤ 'ਚ ਕੁਝ ਹੋਰਨਾਂ ਕਿਸਾਨ ਆਗੂਆਂ ਦੇ ਸ਼ਾਮਲ ਹੋਣ ਦੇ ਵੀ ਕਿਆਸ ਲਾਏ ਜਾ ਰਹੇ ਹਨ।
ਬੀਤੇ ਕਈ ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ਜਿੱਥੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ, ਉਨ੍ਹਾਂ ਥਾਂਵਾਂ 'ਤੇ ਸਰਕਾਰ ਵੱਲੋਂ ਇੰਟਰਨੈੱਟ ਸੇਵਾਵਾਂ ਨੂੰ ਬੰਦ ਕੀਤਾ ਹੋਇਆ ਹੈ। ਇਸ ਤੋਂ ਬਾਅਦ ਹੁਣ ਲਗਪਗ 140 ਵਕੀਲਾਂ ਨੇ ਬੁੱਧਵਾਰ ਨੂੰ ਭਾਰਤ ਦੇ ਚੀਫ ਜਸਟਿਸ ਐਸਏ ਬੋਬੜੇ ਨੂੰ ਦਸਤਖ਼ਤ ਕੀਤੀ ਪਟੀਸ਼ਨ ਭੇਜੀ ਹੈ ਜਿਸ ਵਿੱਚ ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਧਰਨੇ ਵਾਲਿਆਂ ਥਾਂਵਾਂ 'ਤੇ ਇੰਟਰਨੈੱਟ 'ਤੇ ਪਾਬੰਦੀ ਦਾ ਬਾਰੇ ਖ਼ੁਦ ਨੋਟਿਸ ਲੈਣ।

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਵਿਰੋਧ ਜਾਰੀ ਹੈ। ਇਸ ਦੇ ਨਾਲ ਹੀ 26 ਜਨਵਰੀ ਨੂੰ ਲਾਲ ਕਿਲ੍ਹਾ 'ਤੇ ਹੋਈ ਹਿੰਸਾ ਮਾਮਲੇ 'ਚ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਚੀਫ ਜਸਟੀਸ ਐਸਏ ਬੋਬੜੇ ਨੇ ਕਿਹਾ ਕਿ ਸਰਕਾਰ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਤੇ ਕਾਨੂੰਨ ਆਪਣਾ ਕੰਮ ਕਰੇਗਾ।

ਸ਼ਿਵ ਸੈਨਾ ਨੇ ਅੱਜ ਕਿਹਾ ਕਿ ਗਣਤੰਤਰ ਦਿਵਸ 'ਤੇ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਤਿਰੰਗੇ ਦਾ ਕੋਈ ਅਪਮਾਨ ਨਹੀਂ ਹੋਇਆ। ਉਨ੍ਹਾਂ ਮੁੱਖ ਪੱਤਰ ਸਾਮਨਾ ਦੀ ਸੰਪਾਦਕੀ ਵਿੱਚ ਇਹ ਦਾਅਵਾ ਕੀਤਾ ਹੈ। ਸੰਪਾਦਕੀ ਵਿੱਚ ਕਿਹਾ ਗਿਆ ਹੈ, 'ਜੋ ਘਟਨਾ ਵਾਪਰੀ ਹੀ ਨਹੀਂ, ਉਸ ਬਾਰੇ ਆਵਾਜ਼ ਉਠਾਉਣਾ ਵੀ ਰਾਸ਼ਟਰੀ ਝੰਡੇ ਦਾ ਅਪਮਾਨ ਹੈ।' ਇਹ ਪ੍ਰਤੀਕਿਰਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਐਤਵਾਰ ਇਹ ਕਹਿਣ ਤੋਂ ਬਾਅਦ ਆਈ ਕਿ ਤਿਰੰਗੇ ਦੇ ਅਪਮਾਨ ਨਾਲ ਦੇਸ਼ ਦੁਖੀ ਹੈ।
ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੀ ਜਾਂਚ ਬਾਰੇ ਸੁਣਵਾਈ ਸੁਪਰੀਮ ਕੋਰਟ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਪਟੀਸ਼ਨਰ ਨੂੰ ਕਿਹਾ ਹੈ ਕਿ ਸਰਕਾਰ ਨੂੰ ਅਪੀਲ ਕਰੋ।
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਨੇ ਟਵੀਟ ਕਰਕੇ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ 'ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ 'ਤੇ ਹਮਲਾ ਹੋਇਆ ਹੈ।

ਕਿਸਾਨ ਅੰਦੋਲਨ ਬਾਰੇ ਅੱਜ ਸੁਪਰੀਮ ਕੋਰਟ ਵਿੱਚ ਅਹਿਮ ਸੁਣਵਾਈ ਹੈ। ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਤੋਂ ਲੈ ਕੇ ਦਿੱਲੀ ਦੇ ਆਈਟੀਓ 'ਤੇ ਹੋਈ ਹਿੰਸਾ ਵਿਰੁੱਧ ਦਾਇਰ ਜਨਹਿੱਤ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਇਸ ਮਾਮਲੇ ਦੀ ਚੀਫ਼ ਜਸਟਿਸ ਐਸਏ ਬੋਬੜੇ ਦੀ ਪ੍ਰਧਾਨਗੀ ਵਾਲੇ ਬੈਂਚ ਵੱਲੋਂ ਸੁਣਵਾਈ ਕੀਤੀ ਜਾਵੇਗੀ। ਬੈਂਚ ਵਿੱਚ ਜਸਟਿਸ ਏਐਸ ਬੋਪੰਨਾ ਤੇ ਵੀ ਰਾਮਾਸੁਬਰਾਮਣੀਅਨ ਸ਼ਾਮਲ ਹਨ।
ਪੁਲਿਸ ਨੇ ਹਿੰਸਾ 'ਚ ਸ਼ਾਮਲ ਚਾਰ ਹੋਰ ਲੋਕਾਂ ਤੇ 50-50 ਹਜ਼ਾਰ ਦਾ ਇਨਾਮ ਰੱਖਿਆ ਹੈ। ਦਿੱਲੀ ਪੁਲਿਸ ਨੇ ਹਿੰਸਾ ਦੀ ਜਾਂਚ ਦੇ ਲਈ ਜੁਆਇੰਟ ਕਮਿਸ਼ਨਰ ਬੀਕੇ ਸਿੰਘ ਦੇ ਅਗਵਾਈ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਹੈ। ਐਸਆਈਟੀ ਟੀਮ ਨੇ ਤਿੰਨ ਹੋਰ ਡੀਸੀਪੀ ਜਾਇ ਤੁਰਕੀ, ਭੀਸ਼ਣ ਸਿੰਘ ਤੇ ਮੋਨਿਕਾ ਭਾਰਦੁਆਜ ਵੀ ਸ਼ਾਮਲ ਹਨ।


ਬੀਤੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਲਹਿਰਾਉਣ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਦੀਪ ਸਿੱਧੂ ਸਣੇ ਅੱਠ ਲੋਕਾਂ 'ਤੇ ਇਨਾਮ ਦਾ ਐਲਾਨ ਕੀਤਾ ਹੈ। ਦਿੱਲੀ ਪੁਲਿਸ ਨੇ ਦੀਪ ਸਿੱਧੂ, ਜੁਗਰਾਜ ਸਿੰਘ, ਗੁਰਜੋਤ ਸਿੰਘ ਤੇ ਗੁਰਜੰਟ ਸਿੰਘ 'ਤੇ ਇੱਕ-ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਉੱਥੇ ਹੀ ਜਜਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਤੇ ਇਕਬਾਲ ਸਿੰਘ 'ਤੇ ਦਿੱਲੀ ਪੁਲਿਸ ਵੱਲੋਂ 50-50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ।
ਖੇਤੀ ਕਾਨੂੰਨਾਂ ਨੂੰ ਲੈ ਕੇ ਸੰਸਦ ਵਿੱਚ ਖੂਬ ਹੰਗਾਮਾ ਹੋ ਰਿਹਾ ਹੈ। ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਆਮ ਆਦਮੀ ਪਾਰਟੀ ਦੇ ਤਿੰਨ ਮੈਂਬਰਾਂ ਸੰਜੇ ਸਿੰਘ, ਸੁਸ਼ੀਲ ਗੁਪਤਾ ਤੇ ਐਨਡੀ ਗੁਪਤਾ ਨੂੰ ਕਿਸਾਨਾਂ ਦੇ ਮੁੱਦੇ 'ਤੇ ਰਾਜ ਸਭਾ ਵਿੱਚ ਨਾਅਰੇਬਾਜ਼ੀ ਕਰਨ ਕਰਕੇ ਪੂਰੇ ਦਿਨ ਦੀ ਕਾਰਵਾਈ ਲਈ ਕੱਢ ਦਿੱਤਾ ਹੈ। ਚੇਅਰਮੈਨ ਨੇ ਮਾਰਸ਼ਲ ਨੂੰ ਬੁਲਾਇਆ ਤੇ ਤਿੰਨਾਂ ਮੈਂਬਰਾਂ ਨੂੰ ਸਦਨ ਤੋਂ ਬਾਹਰ ਭੇਜ ਦਿੱਤਾ।
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਸਾਨਾਂ ਬਾਰੇ ਵੱਡਾ ਬਿਆਨ ਦਿੱਤਾ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਹੈ ਕਿ ਪ੍ਰਦਰਸ਼ਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਕੋਈ ਵਿਚਾਰ ਨਹੀਂ ਹੈ।ਦੱਸ ਦਈਏ ਕਿ ਕਿਸਾਨ ਅੰਦੋਲਨ ਦੌਰਾਨ ਪੌਣੇ ਦੋ ਸੌ ਦੇ ਕਰੀਬ ਕਿਸਾਨ ਸ਼ਹੀਦ ਹੋਏ ਹਨ। ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਵਾਲੀਆਂ ਥਾਵਾਂ 'ਤੇ ਪੁਲਿਸ ਦਾ ਪਹਿਰਾ ਲਗਾਤਾਰ ਵਧ ਰਿਹਾ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ 6 ਫਰਵਰੀ ਨੂੰ ਦੇਸ਼ ਭਰ 'ਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਅੰਦੋਲਨ ਦੇ ਸਮਰਥਨ 'ਚ 4 ਫਰਵਰੀ ਨੂੰ ਦਿੱਲੀ ਦੇ ਬਵਾਨਾ 'ਚ ਮਹਾਂ ਪੰਚਾਇਤ ਦੀ ਤਿਆਰੀ ਚੱਲ ਰਹੀ ਹੈ। ਯਾਨੀ 26 ਜਨਵਰੀ ਦੇ ਝਟਕੇ ਤੋਂ ਬਾਅਦ ਨਵੇਂ ਸਿਰੇ ਤੋਂ ਅੰਦੋਲਨ ਤੇਜ਼ ਕੀਤਾ ਜਾ ਰਿਹਾ ਹੈ।
ਦਿੱਲੀ ਦੀਆਂ ਵੱਖ-ਵੱਖ ਸਰਹਦਾਂ 'ਤੇ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਸਵਾ ਦੋ ਮਹੀਨਿਆਂ ਤੋਂ ਡਟੇ ਹੋਏ ਹਨ। ਇਲਾਕੇ 'ਚ ਬੰਦ ਇੰਟਰਨੈੱਟ ਨੂੰ ਚਾਲੂ ਕਰਵਾਉਣ ਦੀ ਮੰਗ 'ਤੇ 26 ਜਨਵਰੀ ਹਿੰਸਾ ਦੇ ਇਲਜ਼ਾਮਾਂ 'ਚ ਵੱਡੀ ਸੰਖਿਆਂ 'ਚ ਗ੍ਰਿਫਤਾਰ ਕੀਤੇ ਗਏ ਕਿਸਾਨ ਅੰਦੋਲਨ ਨਾਲ ਜੁੜੇ ਲੋਕਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ 6 ਫਰਵਰੀ ਨੂੰ ਦੁਪਹਿਰ 12 ਤੋਂ ਤਿੰਨ ਵਜੇ ਤਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।
ਕਿਸਾਨ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ, ਰਣਜੀਤ ਸਿੰਘ ਕਲੇਰ ਬਾਲਾ ਤੇ ਡਾ. ਹਰਦੀਪ ਸਿੰਘ ਨੇ ਦੋਸ਼ ਲਾਇਆ ਕਿ ਕਿਸਾਨਾਂ ਦੇ ਮੋਰਚੇ ਨੂੰ ਓਪਨ ਜੇਲ੍ਹ 'ਚ ਤਬਦੀਲ ਕਰਨ ਦਿੱਤਾ ਗਿਆ ਹੈ ਪਰ ਇਸ ਦਾ ਸਾਡੇ ਤੇ ਕੋਈ ਅਸਰ ਨਹੀਂ। ਸਾਡਾ ਧਿਆਨ ਸਿਰਫ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਪਾਸੇ ਹੈ। ਸਰਕਾਰ ਬੈਰੀਕੇਡਿੰਗ ਕਰਨ ਦੀ ਬਜਾਏ ਖੇਤੀ ਕਾਨੂੰਨ ਰੱਦ ਕਰੇ। ਬੈਰੀਕੇਡਿੰਗ ਨੂੰ ਹਟਾਉਣ ਲਈ ਅਸੀਂ ਲੀਗਲ ਰਸਤਾ ਅਖਤਿਆਰ ਕਰ ਰਹੇ ਹਾਂ। ਜਦੋਂ ਆਗੂ ਐਲਾਨ ਕਰਨਗੇ ਜਾਂ ਹੁਕਮ ਕਰਨਗੇ ਫਿਰ ਰੋਕਾਂ ਸਾਨੂੰ ਰੋਕ ਨਹੀਂ ਸਕਦੀਆਂ।
ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਵਾਪਰੇ ਤਾਜ਼ਾ ਘਟਨਾਕ੍ਰਮ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਪੰਜਾਬ ਭਵਨ 'ਚ ਸਰਬ ਪਾਰਟੀ ਪਾਰਟੀ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਵੱਖ-ਵੱਖ ਪਾਰਟੀਆਂ ਦੇ ਆਗੂ ਹਾਜ਼ਰ ਹਨ। ਬੈਠਕ ਦੇ ਸ਼ੁਰੂ ਹੋਣ ਤੋਂ ਪਹਿਲਾਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੀ ਯਾਦ 'ਚ ਦੋ ਮਿੰਟ ਦਾ ਮੌਨ ਵੀ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।
ਕੇਂਦਰੀ ਬਜਟ ਪੇਸ਼ ਹੋਣ ਦੇ ਇੱਕ ਦਿਨ ਬਾਅਦ ਮੰਗਲਵਾਰ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਈ ਪਰ ਕਿਸਾਨਾਂ ਦੇ ਮੁੱਦੇ 'ਤੇ ਜ਼ੋਰਦਾਰ ਹੰਗਾਮਾ ਸ਼ੁਰੂ ਹੋ ਗਿਆ। ਵਿਰੋਧੀ ਧਿਰਾਂ ਦੇ ਸਾਂਸਦਾਂ ਨੇ "ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲਓ" ਦੀ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰਾਂ ਨੇ ਖੇਤੀ ਕਾਨੂੰਨਾਂ 'ਤੇ ਚਰਚਾ ਲਈ ਨੋਟਿਸ ਵੀ ਦਿੱਤਾ ਸੀ ਪਰ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਗਈ।

ਪੁਲਿਸ ਦੀ ਸਖਤੀ ਮਗਰੋਂ ਰਾਹੁਲ ਗਾਂਧੀ ਨੇ ਸਰਕਾਰ ਉੱਪਰ ਹਮਲਾ ਬੋਲਿਆ ਹੈ।
ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਦੀ ਹਿੰਸਾ ਸਬੰਧੀ ਉਨ੍ਹਾਂ 120 ਲੋਕਾਂ ਦੀ ਸੂਚੀ ਪ੍ਰਕਾਸ਼ਤ ਕੀਤੀ ਹੈ ਜੋ ਟ੍ਰੈਕਟਰ ਰੈਲੀ ਦੌਰਾਨ ਹਿੰਸਕ ਹੋਏ ਸੀ। ਦਿੱਲੀ ਪੁਲਿਸ ਦੀ ਪੀਆਰਓ ਈਸ਼ਾ ਸਿੰਘਲ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਆਪਣੀ ਵੈੱਬਸਾਈਟ 'ਤੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕੋਈ ਵੀ ਇਸਨੂੰ ਦੇਖ ਸਕਦਾ ਹੈ। ਪੁਲਿਸ ਨੇ ਕਿਸੇ ਨੂੰ ਵੀ ਗੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਨਹੀਂ ਲਿਆ ਹੈ।
ਮੰਗਲਵਾਰ ਨੂੰ ਸ਼ਿਵ ਸੈਨਾ (Shiv Sena) ਦੇ ਸੀਨੀਅਰ ਨੇਤਾ ਸੰਜੇ ਰਾਉਤ (Sanjay Raut) ਵੀ ਗਾਜ਼ੀਪੁਰ ਸਰਹੱਦ 'ਤੇ ਕਿਸਾਨ ਨੇਤਾਵਾਂ ਨੂੰ ਮਿਲਣ ਆ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਸ਼ਿਵ ਸੈਨਾ ਵੀ ਕਿਸਾਨਾਂ ਨਾਲ ਖੜ੍ਹਨ ਜਾ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਸੰਜੇ ਰਾਉਤ ਦੁਪਹਿਰ ਇੱਕ ਵਜੇ ਗਾਜ਼ੀਪੁਰ ਸਰਹੱਦ ਪਹੁੰਚ ਸਕਦੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ ਹੈ।
ਕੈਪਟਨ ਨੇ ਟਵੀਟ ਕਰਦੇ ਹੋਏ ਕਿਹਾ, "ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੀ ਘਟਨਾ ਮਗਰੋਂ ਦਿੱਲੀ ਪੁਲਿਸ ਨੇ ਜਿਨ੍ਹਾਂ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਹਨ, ਉਨ੍ਹਾਂ ਦੀ ਕਾਨੂੰਨੀ ਲੜ੍ਹਾਈ ਲੜਨ ਲਈ ਪੰਜਾਬ ਸਰਕਾਰ ਨੇ 70 ਵਕੀਲਾਂ ਦੀ ਟੀਮ ਬਣਾਈ ਹੈ। ਮੈਂ ਇਸ ਘਟਨਾ ਤੋਂ ਬਾਅਦ ਲਾਪਤਾ ਹੋਏ ਕਿਸਾਨਾਂ ਦਾ ਮੁੱਦਾ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਨਿੱਜੀ ਤੌਰ 'ਤੇ ਉਠਾਵਾਂਗਾ ਤੇ ਇਹ ਸੁਨਿਸ਼ਚਿਤ ਕਰਾਂਗਾ ਕਿ ਉਹ ਲੋਕ ਆਪਣੇ ਘਰਾਂ ਤੱਕ ਸੁਰੱਖਿਅਤ ਪਹੁੰਚਣ। ਤੁਸੀਂ ਕਿਸੇ ਵੀ ਮਦਦ ਲਈ '112' ਤੇ ਕਾਲ ਕਰ ਸਕਦੇ ਹੋ।"
ਕਿਸਾਨਾਂ ਦੇ ਜੋਸ਼ ਨੂੰ ਵੇਖਦਿਆਂ ਸੰਯੁਕਤ ਕਿਸਾਨ ਮੋਰਚੇ ਨੇ ਮੁੜ ਸੰਘਰਸ਼ ਤੇਜ਼ ਕਰ ਦਿੱਤਾ ਹੈ। ਇਸ ਵਾਰ ਅੰਦੋਲਨ ਨੂੰ ਦਿੱਲੀ ਦੀਆਂ ਹੱਦਾਂ ਦੇ ਨਾਲ ਹੀ ਦੇਸ਼ ਦੇ ਕੋਨੇ-ਕੋਨੇ ਤੱਕ ਲੈ ਕੇ ਜਾਣ ਦੀ ਰਣਨੀਤੀ ਬਣਾਈ ਹੈ। ਇਸ ਤਹਿਤ 6 ਫਰਵਰੀ ਨੂੰ ਦੇਸ਼ ਭਰ ਵਿੱਚ ਦੁਪਹਿਰ 12 ਤੋਂ ਲੈ ਕੇ 3 ਵਜੇ ਤੱਕ ਕੌਮੀ ਮਾਰਗਾਂ ਨੂੰ ਜਾਮ ਕਰਨ ਦਾ ਐਲਾਨ ਕੀਤਾ ਹੈ।

ਪਿਛੋਕੜ

ਕਿਸਾਨਾਂ ਦੇ ਜੋਸ਼ ਨੂੰ ਵੇਖਦਿਆਂ ਸੰਯੁਕਤ ਕਿਸਾਨ ਮੋਰਚੇ ਨੇ ਮੁੜ ਸੰਘਰਸ਼ ਤੇਜ਼ ਕਰ ਦਿੱਤਾ ਹੈ। ਇਸ ਵਾਰ ਅੰਦੋਲਨ ਨੂੰ ਦਿੱਲੀ ਦੀਆਂ ਹੱਦਾਂ ਦੇ ਨਾਲ ਹੀ ਦੇਸ਼ ਦੇ ਕੋਨੇ-ਕੋਨੇ ਤੱਕ ਲੈ ਕੇ ਜਾਣ ਦੀ ਰਣਨੀਤੀ ਬਣਾਈ ਹੈ। ਇਸ ਤਹਿਤ 6 ਫਰਵਰੀ ਨੂੰ ਦੇਸ਼ ਭਰ ਵਿੱਚ ਦੁਪਹਿਰ 12 ਤੋਂ ਲੈ ਕੇ 3 ਵਜੇ ਤੱਕ ਕੌਮੀ ਮਾਰਗਾਂ ਨੂੰ ਜਾਮ ਕਰਨ ਦਾ ਐਲਾਨ ਕੀਤਾ ਹੈ।

ਦਰਅਸਲ 26 ਜਨਵਰੀ ਦੀ ਘਟਨਾ ਤੋਂ ਬਾਅਦ ਸਰਕਾਰ ਕਿਸਾਨ ਸੰਘਰਸ਼ ਪ੍ਰਤੀ ਕਾਫੀ ਸਖਤੀ ਵਰਤ ਰਹੀ ਹੈ। ਕਿਸਾਨ ਲੀਡਰ ਇਸ ਸਖਤੀ ਖਿਲਾਫ ਪੂਰੇ ਦੇਸ਼ ਵਿੱਚ ਲਹਿਰ ਖੜ੍ਹੀ ਕਰਨੀ ਚਾਹੁਦੇ ਹਨ। ਹੁਣ ਤੱਕ ਇਸ ਨੂੰ ਕਿਸਾਨੀ ਅੰਦੋਲਨ ਵਜੋਂ ਵੇਖਿਆ ਜਾ ਰਿਹਾ ਸੀ, 26 ਜਨਵਰੀ ਮਗਰੋਂ ਬਣੇ ਹਾਲਾਤ ਕਰਕੇ ਹੁਣ ਇਸ ਨੂੰ ਜਨ ਅੰਦੋਲਨ ਬਣਾਇਆ ਜਾ ਰਿਹਾ ਹੈ।

ਕਿਸਾਨ ਲੀਡਰਾਂ ਦੀ ਰਣਨੀਤੀ ਹੈ ਕਿ 6 ਫਰਵਰੀ ਨੂੰ ਦੇਸ਼ ਭਰ ਵਿੱਚ ਕੌਮੀ ਮਾਰਗਾਂ ਨੂੰ ਜਾਮ ਕਰਨ ਨਾਲ ਆਮ ਲੋਕ ਵੀ ਸੰਘਰਸ਼ ਵਿੱਚ ਸ਼ਮੂਲੀਅਤ ਕਰਨਗੇ। ਇਸ ਤੋਂ ਇਲਾਵਾ ਇਸ ਸੱਦੇ ਉੱਪਰ ਪੂਰੇ ਦੇਸ਼ ਵਿੱਚ ਸੰਘਰਸ਼ ਫੈਲਾਇਆ ਜਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਕਿਸਾਨ ਹੋਰ ਦੇਸ਼ਵਿਆਪੀ ਐਕਸ਼ਨਾਂ ਦਾ ਐਲਾਨ ਕਰਨਗੇ।

ਦੂਜੇ ਪਾਸੇ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਹੁਣ ਹਰਿਆਣਾ ਤੇ ਯੂਪੀ ਵਿੱਚ ਪੂਰੀ ਤਰ੍ਹਾਂ ਫੈਲ ਚੁੱਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਉੱਤਰਾਖੰਡ ਤੇ ਰਾਜਸਥਾਨ ਵਿੱਚ ਵੀ ਸੰਘਰਸ਼ ਤੇਜ਼ ਹੋ ਸਕਦਾ ਹੈ। ਕਿਸਾਨਾਂ ਦੀ ਰਣਨੀਤੀ ਹੈ ਕਿ ਅੰਦੋਲਨ ਹੁਣ ਦਿੱਲੀ ਦੀਆਂ ਹੱਦਾਂ 'ਤੇ ਲੜਨ ਦੀ ਬਜਾਏ ਦੇਸ਼ ਦੇ ਹਰ ਕੋਨੇ ਤੋਂ ਲੜਿਆ ਜਾਵੇ। ਇਸ ਨਾਲ ਸਰਕਾਰ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.