ਚੰਡੀਗੜ੍ਹ: ਕਿਸਾਨ ਅੰਦੋਲਨ ਪੰਜਾਬ ਦੀ ਸਿਆਸਤ ਨੂੰ ਵੀ ਝੰਜੋੜ ਰਿਹਾ ਹੈ। ਪਿਛਲੇ ਸਮੇਂ ਵਿੱਚ ਨਵੇਂ ਸਿਆਸੀ ਸਮੀਕਰਨ ਪੈਦਾ ਹੋਣ ਲੱਗੇ ਹਨ ਜਿਸ ਦਾ ਭਵਿੱਖ ਵਿੱਚ ਵੱਡਾ ਅਸਰ ਵੇਖਣ ਨੂੰ ਮਿਲੇਗਾ। ਇਸ ਬਾਰੇ ਐਤਵਾਰ ਨੂੰ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਕਰਵਾਈ ਕਿਸਾਨੀ ਕਾਨਫਰੰਸ ਬਾਰੇ ਅਹਿਮ ਚਰਚਾ ਵੀ ਹੋਈ। ਇਸ ਦੌਰਾਨ ਮੰਚ ਤੋਂ ਵਿਧਾਇਕਾਂ ਦੀ ਜੁਆਬਦੇਹੀ ਤੈਅ ਕਰਨ ਤੇ ਉਨ੍ਹਾਂ ਤੋਂ ਸੁਆਲ ਪੁੱਛਣ ਲਈ ਪਿੰਡ ਪੱਧਰ ’ਤੇ 21-21 ਮੈਂਬਰੀ ਕਮੇਟੀਆਂ ਦਾ ਗਠਨ ਕਰਕੇ ਹਰ ਪਿੰਡ ’ਚ ਬੁਲਾਰੇ ਤੇ ਆਗੂ ਪੈਦਾ ਕਰਨ ਦਾ ਅਹਿਦ ਵੀ ਲਿਆ ਗਿਆ।


ਬੇਸ਼ੱਕ ਇਸ ਬਾਰੇ ਕਿਸਾਨ ਜਥੇਬੰਦੀਆਂ ਦੀ ਇਸ ਬਾਰੇ ਕੋਈ ਪੁਖਤਾ ਰਣਨੀਤੀ ਸਾਹਮਣੇ ਨਹੀਂ ਆਈ। ਕਿਸੇ ਲੀਡਰ ਨੇ ਵੀ ਇਸ ਤਰ੍ਹਾਂ ਦੀ ਪਲਾਨਿੰਗ ਦਾ ਐਲਾਨ ਨਹੀਂ ਕੀਤਾ ਪਰ ਕਿਸਾਨ ਅੰਦੋਲਨ ਕਰਕੇ ਪੈਦਾ ਹੋਏ ਹਾਲਾਤ ਵਿੱਚ ਇਹ ਚਰਚਾ ਜ਼ਰੂਰ ਛਿੜੀ ਹੈ। ਸੋਮਵਾਰ ਨੂੰ ਕਿਸਾਨ ਮੰਚ ਤੋਂ ਜਦੋਂ ਇਹ ਚਰਚਾ ਹੋਈ ਤਾਂ ਉੱਥੇ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਹਰਿੰਦਰ ਸਿੰਘ ਲੱਖੋਵਾਲ, ਰੁਲਦੂ ਸਿੰਘ ਹਾਜ਼ਰ ਸਨ।

ਇਸ ਮੌਕੇ ਪਹੁੰਚੇ ਸਥਾਨਕ ਕਿਸਾਨ ਜਥੇਬੰਦੀ ਦੇ ਸਰਪ੍ਰਸਤ ਤੇ ਅਦਾਕਾਰ ਯੋਗਰਾਜ ਸਿੰਘ ਨੇ ਸਮੂਹ 32 ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਬੇਸ਼ੱਕ ਸਾਹਮਣੇ ਆ ਕੇ ਚੋਣਾਂ ਨਾ ਲੜਨ ਪਰ ਪਿੱਛੇ ਰਹਿ ਕੇ 117 ਅਜਿਹੇ ਵਿਅਕਤੀਆਂ ਨੂੰ ਅੱਗੇ ਲੈ ਕੇ ਆਉਣ ਜੋ ਪੰਜਾਬ ਦੀ ਰਾਜਨੀਤੀ ’ਚ ਭਰ ਚੁੱਕੀ ਗੰਦਗੀ ਨੂੰ ਸਾਫ਼ ਕਰਨ ਦਾ ਮਾਦਾ ਰੱਖਣ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਚਰਚਾ ਚਿੜੀ ਹੈ ਕਿ ਕਿਸਾਨਾਂ ਨੂੰ ਚੋਣ ਮੈਦਾਨ ਵਿੱਚ ਨਿੱਤਰਣਾ ਚਾਹੀਦਾ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਕਿਸਾਨਾਂ ਦਾ ਵੱਡਾ ਰੋਲ ਰਹਿਣ ਵਾਲਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਵੀ ਕਿਸਾਨ ਅੰਦੋਲਨ ਹੀ ਤੈਅ ਕਰੇਗਾ ਕਿ ਕਿਸ ਦੀ ਸਰਕਾਰ ਬਣੇਗੀ।

 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ