ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੱਲ੍ਹ ਪੰਜਾਬ 'ਚ ਰੇਲਾਂ ਰੋਕੀਆਂ ਜਾਣਗੀਆਂ। ਸੰਘਰਸ਼ ਕਮੇਟੀ ਨੇ 4 ਥਾਵਾਂ 'ਤੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮਾਝੇ ਵਿੱਚ ਦੇਵੀਦਾਸ ਪੁਰ ਰੇਲਵੇ ਟਰੈਕ, ਤਰਨ ਤਾਰਨ ਰੇਲਵੇ ਸਟੇਸ਼ਨ, ਦੁਆਬੇ ਵਿੱਚ ਦਸੂਹਾ ਹੁਸ਼ਿਆਰਪੁਰ ਤੇ ਮਾਲਵਾ ਵਿੱਚ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਵਿਖੇ ਮੋਰਚਾ ਸ਼ੁਰੂ ਹੋਵੇਗਾ।



ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਿਸਾਨ ਮਨਜੀਤ ਸਿੰਘ ਖੰਡਵਾਲਾ ਛੇਹਰਟਾ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦਿੱਲੀ ਮੋਰਚੇ ਵਿੱਚ 700 ਤੋਂ ਉੱਪਰ ਸ਼ਹੀਦੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਇੱਕ ਮਨਜੀਤ ਸਿੰਘ ਖੰਡਵਾਲਾ ਸਨ, ਜੋ ਬਹੁਤ ਨੇਕ ਦਿਲ ਇਨਸਾਨ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦੀਆਂ ਸਦਕਾ ਹੀ ਦੇਸ਼ ਦੀ ਖੇਤੀ ਬਚਾਉਣ ਲਈ ਵਿੱਢੇ ਘੋਲ ਦੀ ਜਿੱਤ ਹੋਈ ਹੈ।

ਉਨ੍ਹਾਂ ਕਿਹਾ ਕਿ ਰੇਲ ਰੋਕੋ ਅੰਦੋਲਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਮਾਝੇ ਵਿੱਚ ਦੇਵੀਦਾਸ ਪੁਰ ਰੇਲਵੇ ਟਰੈਕ, ਤਰਨ ਤਾਰਨ ਰੇਲਵੇ ਸਟੇਸ਼ਨ, ਦੁਆਬੇ ਵਿੱਚ ਦਸੂਹਾ ਹੁਸ਼ਿਆਰਪੁਰ, ਮਾਲਵੇ ਵਿੱਚ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਵਿਖੇ ਮੋਰਚਾ ਸ਼ੁਰੂ ਹੋਵੇਗਾ। ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਬਾਸਮਤੀ ਦੇ ਖਰਾਬੇ ਦਾ ਮੁਆਵਜ਼ਾ ਨਹੀਂ ਮਿਲਿਆ, ਨਾ ਹੀ ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਮਿਲੇ ਹਨ। ਕਿਸਾਨਾਂ ਮਜਦੂਰਾਂ ਦੀ ਕਰਜ਼ਾ ਮੁਆਫੀ, ਨਸ਼ਾ ਮੁਕਤ ਪੰਜਾਬ, ਪੈਨਸ਼ਨ ਸਕੀਮ ਆਦਿ ਮੰਗਾਂ ਵੱਲ ਸਰਕਾਰ ਦਾ ਰਵੱਈਆ ਗਲਤ ਹੈ।

ਜਥੇਬੰਦੀ ਦੇ ਆਗੂਆਂ ਵੱਲੋਂ ਕੱਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋਈ ਘਟਨਾ 'ਤੇ ਚਿੰਤਾ ਪ੍ਰਗਟ ਕੀਤੀ ਤੇ ਇਸ ਨੂੰ ਪੰਜਾਬੀਆਂ ਤੇ ਸਿੱਖੀ ਉਪਰ ਸਿੱਧਾ ਹਮਲਾ ਦੱਸਿਆ। ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਘਟਨਾ ਸਬੰਧੀ ਜਲਦੀ ਤੋਂ ਜਲਦੀ ਜਾਂਚ ਕੀਤੀ ਜਾਵੇ ਤੇ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ ਦਾ ਖਾਸ ਪ੍ਰਬੰਧ ਕੀਤਾ ਜਾਵੇ।