Fazilka Accident News: ਅਬੋਹਰ ਦੇ ਪਿੰਡ ਕੱਲਰਖੇੜਾ ਨੇੜੇ ਸੜਕ 'ਤੇ ਬੇਸਹਾਰਾ ਪਸ਼ੂਆਂ ਦੇ ਅਚਾਨਕ ਆ ਜਾਣ ਕਾਰਨ ਆਟੋ ਪਲਟ ਗਿਆ। ਇਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੌਰਚਰੀ 'ਚ ਰੱਖਵਾਇਆ ਹੈ। ਮ੍ਰਿਤਕ ਤਿੰਨ ਬੱਚਿਆਂ ਦਾ ਪਿਤਾ ਦੱਸਿਆ ਜਾ ਰਿਹਾ ਹੈ। ਪਿਛਲੇ 10 ਦਿਨਾਂ 'ਚ ਆਵਾਰਾ ਪਸ਼ੂਆਂ ਕਾਰਨ ਇਹ ਤੀਜੀ ਮੌਤ ਹੈ।



ਹਾਸਲ ਜਾਣਕਾਰੀ ਮੁਤਾਬਕ ਬੀਤੀ ਦੁਪਹਿਰ ਪਿੰਡ ਕੱਲਰਖੇੜਾ ਨੇੜੇ ਇੱਕ ਆਟੋ ਸੜਕ 'ਤੇ ਅਚਾਨਕ ਪਸ਼ੂ ਆ ਜਾਣ ਕਾਰਨ ਪਲਟ ਗਿਆ। ਇਸ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸ੍ਰੀਗੰਗਾਨਗਰ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਦੁਪਹਿਰ ਸਮੇਂ ਉਸ ਦੀ ਮੌਤ ਹੋ ਗਈ। ਪਿਛਲੇ 10 ਦਿਨਾਂ 'ਚ ਅਵਾਰਾ ਪਸ਼ੂਆਂ ਕਾਰਨ ਇਹ ਤੀਜੀ ਮੌਤ ਹੈ। ਇਸ ਤੋਂ ਪਹਿਲਾਂ ਪ੍ਰਦੀਪ ਕੁਮਾਰ ਵਾਸੀ ਤੇਲੁਪਰਾ ਤੇ ਕਿਸ਼ੋਰ ਵਾਸੀ ਖੂਈਆਂ ਸਰਵਰ ਦੀ ਪਸ਼ੂਆਂ ਦੀ ਟੱਕਰ ਨਾਲ ਮੌਤ ਹੋ ਗਈ ਸੀ। 


ਪ੍ਰਾਪਤ ਜਾਣਕਾਰੀ ਅਨੁਸਾਰ ਕੱਲਰਖੇੜਾ ਨਿਵਾਸੀ ਵੇਦ ਪ੍ਰਕਾਸ਼ ਪੁੱਤਰ ਮੁਨਸ਼ੀਰਾਮ ਉਮਰ ਕਰੀਬ 32 ਸਾਲ ਪਿੰਡ 'ਚ ਸਬਜ਼ੀ ਦੀ ਦੁਕਾਨ ਚਲਾਉਂਦਾ ਹੈ। ਉਹ ਬੀਤੀ ਦੁਪਹਿਰ ਕਿਸੇ ਦੇ ਆਟੋ 'ਚ ਸ੍ਰੀ ਗੰਗਾਨਗਰ ਜਾ ਰਿਹਾ ਸੀ ਕਿ ਨੈਸ਼ਨਲ ਹਾਈਵੇਅ 15 'ਤੇ ਆਵਾਰਾ ਪਸ਼ੂ ਆ ਗਿਆ ਤੇ ਉਸ ਦੀ ਟੱਕਰ ਹੋ ਗਈ। ਆਟੋ ਪਲਟਣ ਕਾਰਨ ਵੇਦ ਪ੍ਰਕਾਸ਼ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। 


ਇਸ ਦੌਰਾਨ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਤੁਰੰਤ ਅਬੋਹਰ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਸ੍ਰੀਗੰਗਾਨਗਰ ਦੇ ਜਨ ਸੇਵਾ ਹਸਪਤਾਲ ਲੈ ਗਏ, ਜਿੱਥੇ ਬਾਅਦ ਦੁਪਹਿਰ ਉਸ ਦੀ ਮੌਤ ਹੋ ਗਈ। ਮ੍ਰਿਤਕ ਵੇਦ ਪ੍ਰਕਾਸ਼ ਦੀਆਂ ਦੋ ਬੇਟੀਆਂ ਤੇ ਇੱਕ ਬੇਟਾ ਹੈ। 


ਕਾਲਰਖੇੜਾ ਚੌਕੀ ਦੇ ਏਐਸਆਈ ਗੁਰਮੇਲ ਸਿੰਘ ਨੇ ਮ੍ਰਿਤਕ ਦੇ ਭਰਾ ਸੋਨੂੰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਤੇ ਹੋਰ ਪੰਚਾਇਤ ਮੈਂਬਰ ਵੀ ਉੱਥੇ ਪਹੁੰਚ ਗਏ। ਉਨ੍ਹਾਂ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਅਵਾਰਾ ਪਸ਼ੂਆਂ ਦੇ ਹੱਲ ਦੀ ਮੰਗ ਕੀਤੀ। 


ਲੋਕਾਂ ਨੇ ਦੱਸਿਆ ਕਿ ਸ਼ਹਿਰ ਦੇ ਨਾਲ-ਨਾਲ ਆਸ-ਪਾਸ ਦੇ ਪਿੰਡਾਂ ਵਿੱਚ ਵੀ ਪਸ਼ੂਆਂ ਦੀ ਭਰਮਾਰ ਹੈ। ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਹੁਕਮਾਂ 'ਤੇ ਸ਼ਹਿਰ 'ਚ ਪਸ਼ੂ ਫੜਨ ਦੀ ਮੁਹਿੰਮ ਲਗਾਤਾਰ ਜਾਰੀ ਹੈ ਤੇ ਹੁਣ ਤੱਕ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਸੈਂਕੜੇ ਪਸ਼ੂਆਂ ਨੂੰ ਕਾਬੂ ਕਰਕੇ ਸਲੇਮਸ਼ਾਹ ਗਊਸ਼ਾਲਾ 'ਚ ਭੇਜਿਆ ਜਾ ਚੁੱਕਾ ਹੈ।