Fake colored sweets: ਤਿਉਹਾਰਾਂ ਦੇ ਸੀਜ਼ਨ ਵਿੱਚ ਨਕਲੀ ਮਿਠਾਈਆਂ ਦੇ ਨਾਲ ਵੱਧ ਮੁਨਾਫਾ ਕਮਾਉਣ ਵਾਲੇ ਹਲਵਾਈ ਹੋ ਜਾਣ ਸਾਵਧਾਨ, ਜ਼ਿਲ੍ਹਾ ਫਿਰੋਜ਼ਪੁਰ ਸਹਾਇਕ ਕਮਿਸ਼ਨਰ ਵੱਲੋਂ ਖਾਸ ਚੇਤਾਵਨੀ ਦਿੱਤੀ ਗਈ ਹੈ। ਸਹਾਇਕ ਕਮਿਸ਼ਨਰ (ਜ) ਸ੍ਰੀ ਸੂਰਜ ਦੀ ਪ੍ਰਧਾਨਗੀ ਹੇਠ ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਜ਼ਿਲ੍ਹਾ ਸਿਹਤ ਅਫਸਰ ਡਾ. ਸੁਖਬੀਰ ਕੌਰ (ਕਨਵੀਨਰ) ਅਤੇ ਸ੍ਰੀ ਇਸ਼ਾਨ ਬਾਂਸਲ, ਫੂਡ ਸੇਫਟੀ ਅਫਸਰ ਵੀ ਮੌਜੂਦ ਸਨ। 



ਫੂਡ ਸੇਫਟੀ ਐਕਟ ਮੁਤਾਬਿਕ ਕਾਰਵਾਈ ਹੋਵੇਗੀ


ਇਸ ਮੌਕੇ ਸਹਾਇਕ ਕਮਿਸ਼ਨਰ (ਜ) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਫਿਰੋਜਪੁਰ ਦੇ ਸਾਰੇ ਫੂਡ ਵਿਕਰੇਤਾ, ਦੁਕਾਨਦਾਰਾ, ਰੈਸਟੋਰੈਂਟ, ਢਾਬੇ, ਹੋਟਲ, ਹਲਵਾਈ ਆਦਿ ਵੱਲੋਂ ਫੂਡ ਸੇਫਟੀ ਲਾਈਸੈਂਸ/ਰਜਿਸਟ੍ਰੇਸ਼ਨ ਬਣਵਾਉਣਾ ਯਕੀਣੀ ਕੀਤਾ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਜਿਸ ਵਿਕਰੇਤਾ ਕੋਲ ਫੂਡ ਸੇਫਟੀ ਲਾਈਸੈਂਸ/ਰਜਿਸਟ੍ਰੇਸ਼ਨ ਨਹੀਂ ਹੈ ਉਸ 'ਤੇ ਫੂਡ ਸੇਫਟੀ ਐਕਟ ਮੁਤਾਬਿਕ ਕਾਰਵਾਈ ਕੀਤੀ ਜਾਵੇ।


ਹਲਵਾਈ ਭਾਈਚਾਰੇ ਨੂੰ ਖਾਸ ਅਪੀਲ


ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੇ ਹਲਵਾਈ ਭਾਈਚਾਰੇ ਨੂੰ ਅਪੀਲ ਕੀਤੀ ਕਿ ਮਿਠਾਈਆਂ ਵਿੱਚ ਬਨਾਵਟੀ ਰੰਗ ਦੀ ਵਰਤੋਂ ਨਾ ਕੀਤੀ ਜਾਵੇ ਬਲਕਿ ਸਿਰਫ ਐਫ.ਐਸ.ਐਸ.ਏ.ਆਈ. ਵੱਲੋਂ ਮੰਨਜੂਰਸ਼ੁਦਾ ਰੰਗਾਂ ਦਾ ਹੀ ਇਸਤੇਮਾਲ ਕੀਤਾ ਜਾਵੇ ਅਤੇ ਸਾਫ ਸਫਾਈ ਦਾ ਧਿਆਨ ਸਭ ਤੋਂ ਜਿਆਦਾ ਰੱਖਿਆ ਜਾਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਨਕਲੀ ਰੰਗਦਾਰ ਮਿਠਾਈਆਂ ਵੇਚਣ ਵਾਲਿਆ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਸਬੰਧੀ ਵੱਧ ਤੋਂ ਵੱਧ ਫੂਡ ਸੈਪਲਿੰਗ ਕੀਤੀ ਜਾਵੇ। 
ਉਨ੍ਹਾਂ ਹਲਵਾਈ ਭਾਈਚਾਰੇ ਨੂੰ ਇਹ ਵੀ ਅਪੀਲ ਕੀਤੀ ਕਿ ਮਿਠਾਈਆਂ ਦੀ ਮਾਤਰਾ ਵਧਾਉਣ ਦੇ ਲਈ ਮਿਠਾਈਆਂ ਦੀ ਗੁਣਵੱਤਾ ਨੂੰ ਘੱਟ ਨਾ ਕੀਤਾ ਜਾਵੇ। ਆਪਣੇ ਵਰਕਰਾਂ ਅਤੇ ਆਪਣਾ ਖੁਦ ਦਾ ਮੈਡੀਕਲ ਚੈੱਕਅਪ ਵੀ ਕਰਵਾਈਆ ਜਾਵੇ।


ਇਸ ਮੌਕੇ ਤੇ ਜ਼ਿਲ੍ਹਾ ਸਿਹਤ ਅਫਸਰ ਡਾ. ਸੁਖਬੀਰ ਕੌਰ (ਕਨਵੀਨਰ) ਵੱਲੋਂ ਐਫ.ਐਸ.ਐਸ.ਏ.ਆਈ. ਦੇ ਈਟ ਰਾਈਟ ਇਨੇਸ਼ੇਟਿਵਸ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਮੀਟਿੰਗ ਵਿਚ ਮੌਜੂਦ ਸਾਰੇ ਮੈਂਬਰਾਂ ਨੂੰ ਜਾਗਰੂਕ ਕੀਤਾ। ਫੂਡ ਸੇਫਟੀ ਆਨ ਵੀਲਸ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਐਫ.ਐਸ.ਐਸ.ਏ.ਆਈ. ਦਾ ਇਹ ਉਪਰਾਲਾ ਹੈ ਜਿਸ ਨਾਲ ਟੈਸਟਿੰਗ, ਟ੍ਰੇਨਿੰਗ ਅਤੇ ਸੇਫ ਫੂਡ ਬਾਰੇ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜਨਤਾ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ।