ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਦੀ ਤਸਵੀਰ ਨਾਲ ਛੇੜਛਾੜ ਕਰ ਫੇਸਬੁੱਕ 'ਤੇ ਪਾਉਣ ਦੇ ਦੋਸ਼ ਵਿੱਚ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।


ਐਫਆਈਆਰ ਸੁਖਵਿੰਦਰ ਸਿੰਘ ਸੁੱਖੀ ਨਾਂਅ ਦੇ ਵਿਅਕਤੀ ਖ਼ਿਲਾਫ਼ ਦਰਜ ਹੋਈ ਹੈ। ਅਕਾਲੀ ਦਲ ਦਾ ਦਾਅਵਾ ਹੈ ਕਿ ਮੁਲਜ਼ਮ ਆਮ ਆਦਮੀ ਪਾਰਟੀ ਦਾ ਕਾਰਕੁੰਨ ਹੈ। ਅਸਲ ਤਸਵੀਰ ਵਿੱਚ ਬਾਦਲ ਪਰਿਵਾਰ ਦਰਬਾਰ ਸਾਹਿਬ ਅੰਦਰ ਬੈਠਾ ਹੈ ਤੇ ਅਰਦਾਸ ਕਰ ਰਿਹਾ ਹੈ। ਇਸ ਤਸਵੀਰ ਨਾਲ ਨਾਭਾ ਜੇਲ੍ਹ ਵਿੱਚ ਬੰਦ ਡੇਰਾ ਪ੍ਰੇਮੀ ਤੇ ਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਮਹਿੰਦਰ ਪਾਲ ਬਿੱਟੂ ਦੇ ਕਤਲ ਤੋਂ ਬਾਅਦ ਛੇੜਛਾੜ ਕੀਤੀ ਗਈ।

ਐਡਿਟ ਕੀਤੀ ਤਸਵੀਰ ਵਿੱਚ ਦਰਸਾਇਆ ਗਿਆ ਹੈ ਕਿ ਬਾਦਲ ਪਰਿਵਾਰ ਕੋਟਕਪੂਰਾ ਦੇ ਨਾਮ ਚਰਚਾ ਘਰ ਵਿੱਚ ਬੈਠਾ ਹੈ ਅਤੇ ਬਿੱਟੂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ। ਐਡਿਟ ਕੀਤੀ ਫ਼ੋਟੋ ਵਿੱਚ ਰਾਮ ਰਹੀਮ ਦੀ ਤਸਵੀਰ ਵੀ ਦਿਖਾਈ ਦੇ ਰਹੀ ਹੈ। ਅਕਾਲੀ ਦਲ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ 26 ਜੂਨ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵੱਡੇ ਪੱਧਰ 'ਤੇ ਸ਼ੇਅਰ ਵੀ ਕੀਤਾ ਗਿਆ ਸੀ।