Faridkot News : ਫਰੀਦਕੋਟ ਦੇ ਕੋਟਕਪੂਰਾ ਸਦਰ ਥਾਣੇ ਵਿਚ ਐਸਪੀ ਇਨਵੈਸਟੀਗੇਸ਼ਨ ਗਗਨੇਸ਼ ਕੁਮਾਰ ਸਮੇਤ 5 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ 'ਤੇ ਕਤਲ ਕੇਸ 'ਚ ਫਰੀਦਕੋਟ ਰੇਂਜ ਦੇ ਆਈਜੀ ਪ੍ਰਦੀਪ ਕੁਮਾਰ ਦੇ ਨਾਂ 'ਤੇ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ ਦਾ ਆਰੋਪ ਹੈ। ਇਸ ਵਿਚ ਡੀਐਸਪੀ ਸੁਸ਼ੀਲ ਕੁਮਾਰ ਸਮੇਤ ਐਸਪੀ ਇਨਵੈਸਟੀਗੇਸ਼ਨ, ਆਈਜੀ ਦਫ਼ਤਰ ਫਰੀਦਕੋਟ ਦੀ ਆਰਟੀਆਈ ਸ਼ਾਖਾ ਦੇ ਇੰਚਾਰਜ ਐਸਆਈ ਖੇਮ ਚੰਦ ਪਰਾਸ਼ਰ ਅਤੇ 2 ਵਿਅਕਤੀਆਂ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ : ਪਹਿਲਾ ਮੀਜੀਠੀਆ ਨੂੰ ਕਿਹਾ ਸੀ ਨਸ਼ੇ ਦਾ ਤਸਕਰ ਤੇ ਹੁਣ ਪਾਈ ਜੱਫੀ, ਵਰਕਰ ਹੋਏ ਨੇ ਨਿਰਾਸ਼-ਬਿੱਟੂ
ਸੂਤਰਾਂ ਅਨੁਸਾਰ 7 ਨਵੰਬਰ 2019 ਨੂੰ ਗਊਸ਼ਾਲਾ ਕੋਟਸੁਖੀਆ ਦੇ ਸੰਤ ਬਾਬਾ ਦਿਆਲ ਦਾਸ ਦਾ ਕਤਲ ਕਰ ਦਿਤਾ ਗਿਆ ਸੀ। ਆਰੋਪ ਹੈ ਕਿ ਇਸੇ ਮਾਮਲੇ ਵਿਚ ਹਰਕਾ ਦਾਸ ਡੇਰੇ ਦੇ ਮੁਖੀ ਬਾਬਾ ਗਗਨ ਦਾਸ ਨੂੰ ਅਧਿਕਾਰੀਆਂ ਨੇ ਡਰਾ ਧਮਕਾ ਕੇ ਆਈਜੀ ਪ੍ਰਦੀਪ ਕੁਮਾਰ ਦੇ ਨਾਂ ’ਤੇ 50 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਪਰ ਸੌਦਾ 35 ਲੱਖ ਰੁਪਏ ਵਿੱਚ ਹੋ ਗਿਆ। ਇਸ ਵਿਚੋਂ 20 ਲੱਖ ਰੁਪਏ ਲਏ ਗਏ ਹਨ।
ਦੱਸ ਦੇਈਏ ਕਿ ਫਰੀਦਕੋਟ ਦੇ ਪਿੰਡ ਕੋਟਸੁਖੀਆ ਵਿਚ ਸਥਿਤ ਹਰਕਾ ਦਾਸ ਡੇਰੇ ਦੇ ਮੁਖੀ ਦੇ ਅਹੁਦੇ ਲਈ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਹੈ। ਇਸੇ ਸੰਘਰਸ਼ ਵਿਚ 1986 ਵਿਚ ਤਤਕਾਲੀ ਡੇਰਾ ਮੁਖੀ ਸੰਤ ਮੋਹਨ ਦਾਸ ਨੂੰ ਵੀ ਅਣਪਛਾਤੇ ਵਿਅਕਤੀਆਂ ਨੇ ਮਾਰ ਦਿਤਾ ਸੀ। 14 ਸਾਲ ਪਹਿਲਾਂ ਜਦੋਂ ਬਾਬਾ ਹਰੀ ਦਾਸ ਨੂੰ ਡੇਰੇ ਦਾ ਮੁਖੀ ਥਾਪਿਆ ਗਿਆ ਸੀ ਤਾਂ ਉਨ੍ਹਾਂ ਨੂੰ ਵੀ ਇਕ ਵਿਅਕਤੀ ਨਾਲ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪਿਆ ਸੀ।