ਚੰਡੀਗੜ੍ਹ: ਅਗਨੀਪਥ ਯੋਜਨਾ ਨੂੰ ਲੈ ਕੇ ਰੇਲ ਪਟੜੀਆਂ 'ਤੇ ਪ੍ਰਦਰਸ਼ਨ ਹੋ ਰਹੇ ਹਨ। ਵਿਰੋਧ ਕਾਰਨ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਵੀ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬ ਵਿੱਚ ਕੋਲੇ ਦੇ ਰੈਕ ਵਿੱਚ 60 ਫੀਸਦੀ ਦੀ ਕਮੀ ਆਈ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ। ਪਲਾਂਟਾਂ ਵਿੱਚ ਕੋਲੇ ਦੀ ਪਹਿਲਾਂ ਹੀ ਘਾਟ ਹੈ। ਸਥਿਤੀ ਇਹ ਹੈ ਕਿ ਐਤਵਾਰ ਨੂੰ ਗੋਇੰਦਵਾਲ ਵਿੱਚ ਡੇਢ ਦਿਨ, ਤਲਵੰਡੀ ਸਾਬੋ ਵਿੱਚ ਪੰਜ, ਰੋਪੜ ਥਰਮਲ ਪਲਾਂਟ ਵਿੱਚ 16, ਲਹਿਰਾ ਮੁਹੱਬਤ ਵਿੱਚ 14 ਅਤੇ ਰਾਜਪੁਰਾ ਥਰਮਲ ਪਲਾਂਟ 'ਚ 21 ਦਿਨ ਦਾ ਹੀ ਕੋਲਾ ਬਚਿਆ ਹੈ।


ਟਰੇਨਾਂ ਦੇ ਰੱਦ ਹੋਣ ਨਾਲ ਪੰਜਾਬ ਵਿੱਚ ਕੋਲੇ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਪਾਵਰਕੌਮ ਦਾ ਦਾਅਵਾ ਹੈ ਕਿ ਉਹ ਇਸ ਸੰਕਟ ਨਾਲ ਨਜਿੱਠਣ ਲਈ ਤਿਆਰ ਹੈ। ਬਾਹਰੋਂ ਰੋਜ਼ਾਨਾ 8500 ਮੈਗਾਵਾਟ ਤੱਕ ਬਿਜਲੀ ਲਈ ਜਾ ਸਕਦੀ ਹੈ।


ਰੋਜ਼ਾਨਾ 20 ਰੈਕ ਕੋਲੇ ਦੀ ਲੋੜ ਹੁੰਦੀ
ਪੰਜਾਬ ਦੇ ਥਰਮਲ ਪਲਾਂਟਾਂ ਨੂੰ ਰੋਜ਼ਾਨਾ 20 ਰੈਕ ਕੋਲੇ ਦੀ ਲੋੜ ਪੈਂਦੀ ਹੈ। ਪਹਿਲੀ ਰੂਸ-ਯੂਕਰੇਨ ਜੰਗ ਕਾਰਨ ਪੰਜਾਬ 'ਚ ਕੋਲੇ ਦੀ ਸਪਲਾਈ ਪ੍ਰਭਾਵਿਤ ਹੋਈ ਸੀ, ਹੁਣ ਅਗਨੀਪਥ ਯੋਜਨਾ ਦੇ ਵਿਰੋਧ 'ਚ ਟਰੇਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਟਰੇਨਾਂ ਦੇ ਰੱਦ ਹੋਣ ਕਾਰਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਝਾਰਖੰਡ ਤੋਂ ਪੰਜਾਬ ਨੂੰ ਬਹੁਤ ਘੱਟ ਕੋਲਾ ਭੇਜਿਆ ਗਿਆ ਹੈ। ਇਹ ਕੋਲਾ ਤਿੰਨ-ਚਾਰ ਦਿਨਾਂ ਵਿੱਚ ਪੰਜਾਬ ਪਹੁੰਚ ਜਾਵੇਗਾ। ਹੁਣ ਅਜਿਹੀ ਸਥਿਤੀ 'ਚ ਕੋਲੇ ਦੀ ਸਪਲਾਈ ਦੀ ਸਮੱਸਿਆ ਪ੍ਰਭਾਵਿਤ ਹੋਵੇਗੀ। ਪਾਵਰਕੌਮ ਨੇ ਝੋਨੇ ਦੇ ਸੀਜ਼ਨ ਲਈ ਬਿਜਲੀ ਲਈ ਥੋੜ੍ਹੇ ਸਮੇਂ ਦੇ ਖਰੀਦ ਸਮਝੌਤੇ ਤੋਂ ਇਲਾਵਾ ਬੈਂਕਿੰਗ ਪ੍ਰਣਾਲੀ ਤਹਿਤ 3000 ਮੈਗਾਵਾਟ ਬਿਜਲੀ ਦਾ ਪ੍ਰਬੰਧ ਵੀ ਕੀਤਾ ਹੈ।


ਪੰਜਾਬ ਵਿੱਚ ਐਤਵਾਰ ਨੂੰ ਵੀ ਬਿਜਲੀ ਦੀ ਮੰਗ ਵਿੱਚ ਕਮੀ ਦਰਜ ਕੀਤੀ ਗਈ। ਵੱਧ ਤੋਂ ਵੱਧ ਮੰਗ 10,981 ਮੈਗਾਵਾਟ ਰਹੀ। ਐਤਵਾਰ ਨੂੰ ਰੋਪੜ ਵਿੱਚ ਇੱਕ, ਲਹਿਰਾ ਮੁਹੱਬਤ ਵਿੱਚ ਦੋ ਅਤੇ ਗੋਇੰਦਵਾਲ ਵਿੱਚ ਇੱਕ ਯੂਨਿਟ ਬੰਦ ਰਿਹਾ। ਪਾਵਰਕੌਮ ਨੇ ਆਪਣੇ ਥਰਮਲ ਪਲਾਂਟਾਂ ਤੋਂ 793 ਮੈਗਾਵਾਟ, ਪ੍ਰਾਈਵੇਟ ਥਰਮਲਾਂ ਤੋਂ 2576 ਮੈਗਾਵਾਟ ਅਤੇ ਹੋਰ ਸਰੋਤਾਂ ਤੋਂ ਕੁੱਲ 4210 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ। ਐਕਸਚੇਂਜ ਵਿੱਚ ਬਿਜਲੀ ਸਸਤੀ ਹੋਣ ਕਾਰਨ ਪਾਵਰਕੌਮ ਨੇ ਐਤਵਾਰ ਨੂੰ 6500 ਮੈਗਾਵਾਟ ਲਿਆ। ਪਾਵਰਕੌਮ ਨੂੰ ਇਹ ਬਿਜਲੀ ਕਰੀਬ 4.5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲਦੀ ਹੈ।