Flood in Punjab: ਪੰਜਾਬ ਵਿੱਚ ਬਾਰਸ਼ ਦਾ ਕਹਿਰ ਹੈ। ਪੰਜਾਬ ਤੇ ਹਿਮਾਚਲ ਵਿੱਚ ਪੈ ਰਹੀ ਬਾਰਸ਼ ਕਰਕੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ। ਇਸ ਲਈ ਦਰਿਆਵਾਂ ਨੇੜਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਪਰ ਜਾਣ ਲਈ ਕਿਹਾ ਗਿਆ ਹੈ। ਸੱਤਲੁਜ ਦਰਿਆ ਦਾ ਪਾਣੀ ਕੱਲ੍ਹ ਤੱਕ ਫਾਜ਼ਿਲਕਾ ਪਹੁੰਚ ਸਕਦਾ ਹੈ। ਇਸ ਲਈ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ। 


ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈਏਐਸ ਨੇ ਦੱਸਿਆ ਹੈ ਕਿ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਕਈ ਖੇਤਰਾਂ ਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਸ਼ ਹੋਣ ਕਾਰਨ ਡੈਮਾਂ ਤੋਂ ਕਾਫੀ ਮਾਤਰਾ ਵਿੱਚ ਪਾਣੀ ਛੱਡਿਆ ਗਿਆ ਹੈ। ਅੱਜ ਵੀ ਰੋਪੜ ਹੈੱਡਵਰਕਸ ਤੋਂ ਕਾਫੀ ਪਾਣੀ ਛੱਡਿਆ ਗਿਆ ਹੈ। ਉਹ ਪਾਣੀ ਆਉਣ ਵਾਲੇ ਸਮੇਂ ਵਿੱਚ ਸਤਲੁਜ ਦਰਿਆ ਰਾਹੀਂ ਫਾਜ਼ਿਲਕਾ ਦੇ ਦਰਿਆ ਨਾਲ ਲੱਗਦੇ ਇਲਾਕਿਆਂ ਵਿੱਚ ਪੁੱਜੇਗਾ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਹੁਸੈਨੀਵਾਲਾ ਹੈੱਡਵਰਕਸ ਤੋਂ 20 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਨੂੰ ਹੋਰ ਵਧਾ ਕੇ ਡਿਸਚਾਰਜ 25 ਹਜ਼ਾਰ ਕਿਊਸਿਕ ਕੀਤਾ ਜਾ ਰਿਹਾ ਹੈ। ਕੱਲ੍ਹ ਸਵੇਰ ਤੱਕ ਇਹ ਪਾਣੀ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਤਲੁਜ਼ ਦਰਿਆ ਰਾਹੀਂ ਪੁੱਜੇਗਾ। ਇਸ ਨਾਲ ਫਾਜ਼ਿਲਕਾ ਦੇ ਮਹਾਤਮ ਨਗਰ, ਤੇਜਾ ਰੁਹੇਲਾ, ਹਸਤਾਂ ਕਲਾਂ, ਵੱਲੇ ਸ਼ਾਹ ਹਿਠਾੜ, ਚੱਕ ਰੁਹੇਲਾ, ਝੰਗੜ ਭੈਣੀ, ਮੁਹਾਰ ਜਮਸ਼ੇਰ ਆਦਿ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਆ ਸਕਦਾ ਹੈ। 


ਡੀਸੀ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣਾ ਮਾਲ ਡੰਗਰ ਤੇ ਕੀਮਤੀ ਸਾਮਾਨ ਲੈ ਕੇ ਸਤਲੁਜ ਦੇ ਚੜ੍ਹਦੇ ਪਾਸੇ ਵਾਲੇ ਬਣੇ ਰਾਹਤ ਕੇਂਦਰਾਂ ਵਿੱਚ ਪੁੱਜਣ। ਉਨ੍ਹਾਂ ਦੱਸਿਆ ਕਿ ਜ਼ਿਲ਼੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਰਾਹਤ ਕੈਂਪ ਪਿੰਡ ਮੌਜਮ, ਹਸਤਾਂਕਲਾਂ, ਆਸਫਵਾਲਾ, ਸੰਤ ਕਬੀਰ ਪੋਲੀਟੈਕਨਿਕ ਕਾਲਜ ਫਾਜਿਲਕਾ, ਸਲੇਮਸ਼ਾਹ ਵਿੱਚ ਬਣਾਏ ਗਏ ਹਨ। ਇਸ ਲਈ ਇਨ੍ਹਾਂ ਪਿੰਡਾਂ ਦੇ ਲੋਕ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਦੇ ਨੰਬਰ 01638-262153 ਤੇ ਕਾਲ ਕਰਕੇ ਵੀ ਹੋਰ ਜਾਣਕਾਰੀ ਲੈ ਸਕਦੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।