ਚੰਡੀਗੜ੍ਹ : ਤਿਉਹਾਰਾਂ ਦੇ ਸੀਜ਼ਨ 'ਚ ਨਕਲੀ ਦੁੱਧ ਨੂੰ ਦੇਖਦਿਆਂ ਫੂਡ ਸੇਫਟੀ ਵਿਭਾਗ ਸਰਗਰਮ ਹੋ ਗਿਆ ਹੈ। ਪੰਜਾਬ ਵਿੱਚ ਜਿੱਥੇ ਇੱਕ ਪਾਸੇ ਪਸ਼ੂਆਂ ਵਿੱਚ ਲੰਪੀ ਸਕਿਨ ਬਿਮਾਰੀ ਕਾਰਨ ਦੁੱਧ ਦਾ ਸੰਕਟ ਬਣਿਆ ਹੋਇਆ ਹੈ, ਉੱਥੇ ਹੀ ਨਕਲੀ ਦੁੱਧ ਵੀ ਬਹੁਤ ਵਿਕ ਰਿਹਾ ਹੈ। ਫੂਡ ਸੇਫਟੀ ਵਿੰਗ ਵੱਲੋਂ ਲਏ ਗਏ ਦੁੱਧ ਦੇ ਸੈਂਪਲਾਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ। ਅਗਸਤ ਵਿਚ ਦੁੱਧ ਦੇ 278 ਸੈਂਪਲ ਮਾਨਤਾ 'ਤੇ ਪੂਰੇ ਨਹੀਂ ਉਤਰੇ। ਯਾਨੀ ਕਿ ਇਹ ਮਿਲਾਵਟੀ ਦੁੱਧ ਸੀ। ਵਿਭਾਗ ਨੇ ਕੁੱਲ ਦੁੱਧ ਦੇ 676 ਸੈਂਪਲ ਲਏ ਸਨ।
ਇਹ ਰਿਪੋਰਟ ਆਉਂਦੇ ਹੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਖ਼ਤ ਐਕਸ਼ਨ ਲਿਆ ਹੈ। ਉਨ੍ਹਾਂ ਨੇ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੇ ਵਿਕਰੇਤਾਵਾਂ 'ਤੇ ਤਿੱਖੀ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਹਨ। ਸਿਹਤ ਵਿਭਾਗ ਅਨੁਸਾਰ ਅਗਸਤ 2022 ਦੌਰਾਨ ਵਿਭਾਗ ਵੱਲੋਂ ਕੁੱਲ 1016 ਸੈਂਪਲ ਭਰੇ ਗਏ ਹਨ। ਦੁੱਧ ਦੇ ਕੁੱਲ 676 ਸੈਂਪਲ ਲਏ ਗਏ। ਇਨ੍ਹਾਂ ਸੈਂਪਲਾਂ ਦੀ ਰਿਪੋਰਟ ਆਈ ਅਤੇ ਦੁੱਧ ਦੇ 278 ਸੈਂਪਲ ਮਾਨਤਾ 'ਤੇ ਪੂਰੇ ਨਹੀਂ ਉਤਰੇ।
ਸਿਹਤ ਮੰਤਰੀ ਨੇ ਦੱਸਿਆ ਕਿ ਫੂਡ ਸੇਫਟੀ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਉਹ ਹੋਰਨਾਂ ਜ਼ਿਲ੍ਹਿਆਂ ਵਿੱਚ ਜਾ ਕੇ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੇ ਵਿਕਰੇਤਾਵਾਂ ਦੀ ਚੈਕਿੰਗ ਕਰ ਸਕਣ। ਜੇਕਰ ਕੋਈ ਖਾਣ ਪੀਣ ਦੀਆਂ ਵਸਤੂਆਂ ਮਿਆਰ ਤੋਂ ਘੱਟ ਵੇਚਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੁਰਮਾਨੇ ਅਤੇ ਕੇਸ ਵੀ ਜੁਡੀਸ਼ੀਅਲ ਕੋਰਟ ਵਿੱਚ ਦਾਇਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਤਿਉਹਾਰਾਂ ਦਾ ਸੀਜ਼ਨ ਆਉਂਦਿਆਂ ਹੀ ਨਕਲੀ ਮਿਠਾਈਆਂ ਵੇਚਣ ਵਾਲੇ ਵੀ ਸਰਗਰਮ ਹੋ ਜਾਂਦੇ ਹਨ ਅਤੇ ਉਨ੍ਹਾਂ ਨੇ ਨਕਲੀ ਮਿਠਾਈਆਂ 'ਤੇ ਹੋਰ ਖਾਣ-ਪੀਣ ਦਾ ਸਾਜੋ ਸਮਾਨ ਵੇਚਣ ਦੀ ਤਿਆਰੀ ਕਰ ਲਈ ਹੈ। ਸ਼ਹਿਰ ਵਿੱਚ ਸ਼ਰੇਆਮ ਨਕਲੀ ਮਿਠਾਈਆਂ, ਦੁੱਧ ਅਤੇ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਜਾਂਦਾ ਹੈ , ਜਿਸ ਨੂੰ ਲੈ ਕੇ ਹੁਣ ਫੂਡ ਸੇਫਟੀ ਵਿਭਾਗ ਨੇ ਵੀ ਕਮਰ ਕੱਸ ਲਈ ਹੈ।