Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਵੱਲੋਂ ਖਰੀਦੇ ਥਰਮਲ ਪਲਾਂਟ 'ਤੇ ਸਵਾਲ ਖੜ੍ਹੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਬਾੜ ਦੇ ਵਪਾਰੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਥਰਮਲ ਪਲਾਂਟ ਤੋਂ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਸਰਕਾਰ ਖ਼ਰੀਦਦੀ ਸੀ। ਚੰਨੀ ਨੇ ਕਿਹਾ ਕਿ ਇਸ ਤੋਂ ਸਸਤਾ ਤਾਂ ਸੋਲਰ ਥਰਪਲ ਪਲਾਂਟ ਲਾਇਆ ਜਾ ਸਕਦਾ ਸੀ ਜਿਸ ਤੋਂ ਸਸਤੀ ਬਿਜਲੀ ਪੈਦਾ ਕੀਤੀ ਜਾ ਸਕਦੀ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਥਰਮਲ ਪਲਾਂਟ ਦੇ ਸਮਝੌਤਿਆ ਨੂੰ ਉਨ੍ਹਾਂ ਦੀ ਸਰਕਾਰ ਦੇ ਸਮੇਂ ਵਿਧਾਨ ਸਭਾ ਵਿੱਚ ਰੱਦ ਕੀਤਾ ਗਿਆ ਸੀ ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਥਰਮਲ ਪਲਾਂਟ ਹੀ ਖਰੀਦ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਮਰਿਆ ਹੋਇਆ ਸੱਪ ਆਪਣੇ ਗਲੇ ਪਾ ਲਿਆ ਤੇ ਇਸ ਦੇ ਨਾਲ ਪੰਜਾਬ ਨੂੰ ਆਰਥਿਕ ਤੌਰ 'ਤੇ ਨੁਕਸਾਨ ਹੋਵੇਗਾ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਗੋਇੰਦਵਾਲ ਥਰਮਲ ਪਲਾਂਟ 1080 ਕਰੋੜ ਰੁਪਏ ਵਿੱਚ ਖਰੀਦਿਆ ਹੈ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਇਸ ਥਰਮਲ ਪਲਾਂਟ ਦੀ ਪੂਰੀ ਸਮਰੱਥਾ 540 ਮੈਗਾਵਾਟ ਹੈ ਪਰ ਹੁਣ ਤੱਕ ਇਹ ਕੋਲੇ ਦੀ ਸੀਮਤ ਮਾਤਰਾ ਹੋਣ ਕਾਰਨ ਅੱਧੀ ਸਮਰੱਥਾ 'ਤੇ ਹੀ ਚੱਲ ਰਿਹਾ ਸੀ। ਸਰਕਾਰ ਦਾ ਕਹਿਣਾ ਹੈ ਕਿ ਝਾਰਖੰਡ ਵਿੱਚ ਪੰਜਾਬ ਸਰਕਾਰ ਦੀ ਖਾਣ ਵਿੱਚ ਵਾਧੂ ਕੋਲਾ ਹੈ, ਜਿੱਥੋਂ ਕੋਲਾ ਲਿਆ ਕੇ ਇਸ ਪਲਾਂਟ ਨੂੰ ਪੂਰੀ ਤਰ੍ਹਾਂ ਚਲਾਇਆ ਜਾਵੇਗਾ।
ਸਰਕਾਰ ਦਾ ਦਾਅਵਾ ਹੈ ਕਿ ਗੋਇੰਦਵਾਲ ਸਾਹਿਬ ਦਾ ਇਹ ਤਾਪ ਬਿਜਲੀ ਘਰ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੀ ਜਾਇਦਾਦ ਹੈ। ਇਸ ਕਰਕੇ ਤੀਸਰੇ ਗੁਰੂ ਅਮਰਦਾਸ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਗੋਇੰਦਵਾਲ ਸਾਹਿਬ ਵਿਚ ਸਥਾਪਤ ਇਸ ਥਰਮਲ ਪਲਾਂਟ ਦਾ ਨਾਮ ਵੀ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਗਿਆ ਹੈ। ਇਸ ਪ੍ਰਕਿਰਿਆ ਨਾਲ ਜੀਵੀਕੇ ਪਾਵਰ (ਗੋਇੰਦਵਾਲ ਸਾਹਿਬ) ਲਿਮਟਿਡ ਵੱਲੋਂ ਕੀਤੇ ਗਏ 3000 ਕਰੋੜ ਰੁਪਏ ਦੀ ਦੇਣਦਾਰੀ ਵਾਲੇ ਕੇਸ ਖਤਮ ਹੋ ਜਾਣਗੇ।
ਦੱਸ ਦਈਏ ਕਿ ਸਰਕਾਰ ਨੇ ਥਰਮਲ ਪਲਾਂਟ ਦੀ ਨਿਗਰਾਨੀ ਲਈ ਇੱਕ ਕਮੇਟੀ ਵੀ ਬਣਾਈ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚੀਫ਼ ਇੰਜਨੀਅਰ ਐਮਆਰ ਬਾਂਸਲ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਮੇਟੀ ਵਿੱਚ ਲਹਿਰਾ ਥਰਮਲ ਦੇ ਡਿਪਟੀ ਚੀਫ ਇੰਜਨੀਅਰ ਇੰਦਰਜੀਤ ਸਿੰਘ ਸੰਧੂ, ਡਿਪਟੀ ਚੀਫ ਇੰਜਨੀਅਰ ਫਿਊਲ ਕੇਕੇ ਬਾਂਸਲ, ਰੋਪੜ ਥਰਮਲ ਪਲਾਂਟ ਦੇ ਨਿਗਰਾਨ ਇੰਜਨੀਅਰ ਰਣਜੀਤ ਸਿੰਘ, ਚੀਫ ਆਡੀਟਰ ਰਾਜਨ ਗੁਪਤਾ, ਲਹਿਰਾ ਥਰਮਲ ਪਲਾਂਟ ਦੇ ਇੰਜਨੀਅਰ ਬਲਜਿੰਦਰ ਸਿੰਘ ਤੇ ਇੰਜਨੀਅਰ ਗੁਰਿੰਦਰ ਸਿੰਘ ਸ਼ਾਮਲ ਹਨ।