khanna News : ਖੰਨਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਪਰ ਗੰਭੀਰ ਇਲਜਾਮ ਲਾਏ ਹਨ। ਖੰਨਾ ਤੋਂ ਆਪ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਉਪਰ ਡੀਐਸਪੀ ਰਾਹੀਂ ਕਾਂਗਰਸੀਆਂ ਨੂੰ ਡਰਾਉਣ ਦੇ ਦੋਸ਼ ਲਾਏ ਗਏ। ਕੋਟਲੀ ਨੇ ਕਿਹਾ ਕਿ ਕਾਂਗਰਸ ਦੇ ਪੰਚਾਂ, ਸਰਪੰਚਾਂ, ਕੌਂਸਲਰਾਂ ਨੂੰ ਡਰਾਇਆ ਜਾ ਰਿਹਾ ਹੈ ਅਤੇ ਆਪ 'ਚ ਸ਼ਾਮਲ ਹੋਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸੇ ਰੰਜਿਸ਼ ਕਾਰਨ ਨਗਰ ਕੌਂਸਲ ਪ੍ਰਧਾਨ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ। 


 

ਖੰਨਾ ਦੇ ਡੀਐਸਪੀ ਵਿਲੀਅਮ ਜੇਜੀ ਆਪ ਦੇ ਨੁਮਾਇੰਦੇ ਬਣ ਕੇ ਕੰਮ ਕਰ ਰਹੇ ਹਨ। ਕਾਂਗਰਸ ਦਾ ਵਫ਼ਦ ਖੰਨਾ ਪੁਲਿਸ ਦੀ ਸਿਆਸਤ ਤੋਂ ਪ੍ਰੇਰਿਤ ਕਾਰਜਸ਼ੈਲੀ ਖਿਲਾਫ ਡੀਜੀਪੀ ਨੂੰ ਵੀ ਮਿਲੇਗਾ। ਇਸਦੇ ਨਾਲ ਹੀ ਨਕਲੀ ਸ਼ਰਾਬ ਫੈਕਟਰੀ ਨੂੰ ਲੈ ਕੇ ਕੋਟਲੀ ਉਪਰ ਲੱਗ ਰਹੇ ਦੋਸ਼ਾਂ ਦਾ ਜਵਾਬ ਦਿੰਦੇ ਓਹਨਾਂ ਕਿਹਾ ਕਿ ਉਹ ਲਿਖਤੀ ਤੌਰ 'ਤੇ ਆਪ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਇਸਦੀ ਜਾਂਚ ਕਰਾਈ ਜਾਵੇ। ਆਪ ਵਿਧਾਇਕ ਸੌਂਦ ਵੱਲੋਂ ਕੋਟਲੀ ਉਪਰ ਅਰਬਾਂ ਦੀ ਜਾਇਦਾਦ ਬਣਾਉਣ ਦੇ ਇਲਜਾਮ ਦਾ ਜਵਾਬ ਦਿੰਦੇ ਓਹਨਾਂ ਕਿਹਾ ਕਿ ਜੇਕਰ ਇੱਕ ਇੰਚ ਵੀ ਬੇਨਾਮੀ ਜਾਇਦਾਦ ਆਪ ਦੇ ਵਿਧਾਇਕ ਦਿਖਾ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ।

ਇਸ ਦੌਰਾਨ ਗੁਰਕੀਰਤ ਕੋਟਲੀ ਨੇ  ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਭਾਜਪਾ ਰਾਸ਼ਟਰੀ ਕਾਰਜਕਾਰਨੀ ਮੈਂਬਰ ਬਣਾਉਣ 'ਤੇ ਕਿਹਾ ਕਿ ਇਹ ਲੋਕ ਮੌਕਾਪ੍ਰਸਤ ਹਨ। ਕਾਂਗਰਸ ਜਿੰਨਾ ਇਹਨਾਂ ਨੂੰ ਕੋਈ ਨਹੀਂ ਦੇ ਸਕਦਾ। ਜਦੋਂ ਕਾਂਗਰਸ ਦੇ ਬਰਾਬਰ ਅਹੁਦੇ ਭਾਜਪਾ ਇਹਨਾਂ ਨੂੰ ਦੇਵੇਗੀ ਓਦੋਂ ਗੱਲ ਕੀਤੀ ਜਾਵੇ। ਗੋਲਡੀ ਬਰਾੜ ਨੂੰ ਅਮਰੀਕਾ 'ਚ ਫੜਨ ਦੀ ਖ਼ਬਰ ਉਪਰ ਕੋਟਲੀ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਪੰਜਾਬ ਲਈ ਚੰਗੀ ਗੱਲ ਹੈ। ਅਜਿਹੇ ਅਨਸਰ ਫੜੇ ਜਾਣੇ ਚਾਹੀਦੇ ਹਨ। 

 

ਆਪ ਵੱਲੋਂ ਕਾਂਗਰਸ ਅਤੇ ਅਕਾਲੀ ਭਾਜਪਾ ਉਪਰ ਗੈਂਗਸਟਰ ਪੈਦਾ ਕਰਨ ਦੇ ਇਲਜਾਮ ਉਪਰ ਕੋਟਲੀ ਨੇ ਕਿਹਾ ਕਿ ਕਾਂਗਰਸ ਨੇ ਵੱਡੇ ਵੱਡੇ ਗੈਂਗਸਟਰ ਫੜ੍ਹਕੇ ਜੇਲਾਂ 'ਚ ਡੱਕੇ। ਹੁਣ ਆਪ ਕੋਲੋਂ ਸਰਕਾਰ ਹੀ ਨਹੀਂ ਚੱਲ ਰਹੀ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਉਪਰ ਚਿੰਤਾ ਬਾਰੇ ਕੋਟਲੀ ਨੇ ਕਿਹਾ ਕਿ ਇਸ ਵੱਲ ਆਪ ਦੇ ਕਿਸੇ ਮੰਤਰੀ ਜਾਂ ਵਿਧਾਇਕ ਦਾ ਕੋਈ ਧਿਆਨ ਨਹੀਂ ਹੈ। ਇਹ ਗੰਭੀਰ ਮਸਲਾ ਹੈ।