ਸ਼ੰਕਰ ਦਾਸ ਦੀ ਰਿਪੋਰਟ


 Mohali News: ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਜਿਥੇ ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਦੱਸ ਦੇਈਏ ਕਿ ਬੀਤੇ ਕੱਲ੍ਹ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।


ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਸੀ ਕਿ ਵਿਜੀਲੈਂਸ ਜਾਂਚ ਦੀ ਤਫਤੀਸ਼ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਬੀ), 13(2) ਤਹਿਤ ਵਿਜੀਲੈਂਸ ਬਿਊਰੋ ਰੇਂਜ ਦੇ ਪੁਲਿਸ ਥਾਣਾ ਮੋਹਾਲੀ ਵਿਖੇ ਮੁਕੱਦਮਾ ਦਰਜ ਕਰਕੇ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।
 
ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 1 ਮਾਰਚ 2016 ਤੋਂ 21 ਮਾਰਚ 2022 ਤੱਕ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 2 ਕਰੋੜ 37 ਲੱਖ 12 ਹਜ਼ਾਰ 594.48 ਰੁਪਏ ਸੀ ਜਦਕਿ ਖਰਚਾ 8 ਕਰੋੜ 76 ਲੱਖ 30 ਹਜ਼ਾਰ 888.86 ਰੁਪਏ ਸੀ  ਜੋ ਕਿ 6,39,18, 292.39 ਰੁਪਏ ਵੱਧ ਸੀ। ਸਾਧੂ ਸਿੰਘ ਦੀ ਆਮਦਨ ਸਰੋਤਾਂ ਤੋਂ 269 ਵੱਧ ਸੀ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਦੀ ਹੋਰ ਜਾਇਦਾਦ ਬਾਰੇ ਪਤਾ ਲਗਾਉਣ ਲਈ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

 

 ਇਹ ਵੀ ਪੜ੍ਹੋ : ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਚੱਲੀ ਗੋਲੀ, ਗੈਂਗਵਾਰ ਦਾ ਸ਼ੱਕ

ਦੱਸ ਦੇਈਏ ਕਿ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੋਮਵਾਰ ਨੂੰ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਉਸ ਨੂੰ ਮੁਹਾਲੀ ਥਾਣੇ ਵਿੱਚ ਦਰਜ ਨਵੀਂ ਐਫਆਈਆਰ ਭ੍ਰਿਸ਼ਟਾਚਾਰ ਐਕਟ ਦੀ ਧਾਰਾ 13 (ਬੀ), 13 (ਏ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

 

 ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀਆਂ 1746 ਅਸਾਮੀਆਂ ਲਈ ਭਰਤੀ, ਇੰਝ ਕਰੋ ਅਪਲਾਈ

ਜ਼ਿਕਰਯੋਗ ਹੈ ਕਿ 2017 ਤੋਂ 2021 ਤੱਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਮੰਤਰੀ ਰਹੇ ਧਰਮਸੋਤ ਨੂੰ ਵਜ਼ੀਫ਼ਾ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਰ 89 ਦਿਨਾਂ ਬਾਅਦ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਮੰਤਰੀ ਹੁੰਦਿਆਂ ਧਰਮਸੋਤ 'ਤੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਦੇਣ, ਅਧਿਕਾਰੀਆਂ ਦੇ ਤਬਾਦਲੇ ਤੇ ਐਨਓਸੀ ਜਾਰੀ ਕਰਨ ਵਿੱਚ ਬੇਨਿਯਮੀਆਂ ਦੇ ਦੋਸ਼ ਵੀ ਲੱਗੇ ਹਨ।