ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਰਹੇ ਕੁਲਵੰਤ ਸਿੰਘ ਰੰਧਾਵਾ ਨੇ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਬਾਦਲ ਪਰਿਵਾਰ ’ਤੇ ਸ਼੍ਰੋਮਣੀ ਕਮੇਟੀ ਵਿੱਚ ਖੁੱਲ੍ਹ ਕੇ ਦਖਲਅੰਦਾਜ਼ੀ ਕਰਨ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਪਰਿਵਾਰ ਸ਼੍ਰੋਮਣੀ ਕਮੇਟੀ ਵਿੱਚ ਦਖ਼ਲ ਦੇਣਾ ਬੰਦ ਕਰ ਦੇਵੇ ਤਾਂ ਇਸ ਨਾਲ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ, ਦੋਵਾਂ ਦਾ ਭਲਾ ਹੋਏਗਾ। ਰੰਧਾਵਾ ਨੇ ਹਾਲ ਹੀ ਵਿੱਚ ਆਪਣੀ ਕਿਤਾਬ 'ਸਚੁ ਸੁਣਾਇਸੀ ਸੱਚ ਕੀ ਬੇਲਾ' ਰਿਲੀਜ਼ ਕੀਤੀ ਹੈ ਜਿਸ ਵਿੱਚ ਉਨ੍ਹਾਂ ਬਾਦਲ ਪਰਿਵਾਰ ਬਾਰੇ ਕਈ ਖ਼ੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬਾਦਲ ਨੇ ਆਪਣੀ ਕੋਠੀ 'ਚ ਜਥੇਦਾਰਾਂ ਨੂੰ ਸੱਦ ਕੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਈ ਸੀ।
ਕੁਲਵੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਬਾਦਲਾਂ ਨੇ ਸਿਆਸੀ ਮਕਸਦ ਲਈ ਅਰਬਾਂ ਰੁਪਏ ਵਰਤੇ। ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਵੱਡੇ ਪੱਧਰ 'ਤੇ ਸਿਆਸੀ ਵਰਤੋਂ ਹੋ ਰਹੀ ਹੈ। ਇਸ ਸਬੰਧੀ ਉਨ੍ਹਾਂ ਪੁਖਤਾ ਸਬੂਤ ਹੋਣ ਦਾ ਦਾਅਵਾ ਵੀ ਕੀਤਾ। ਸ਼੍ਰੋਮਣੀ ਕਮੇਟੀ 'ਚ ਵੀ ਬਾਦਲ ਪਰਿਵਾਰ ਦੀ ਸਿੱਧੀ ਦਖ਼ਲਅੰਦਾਜ਼ੀ ਹੈ। ਸੁਖਬੀਰ ਬਾਦਲ ਦੀ ਮਰਜ਼ੀ ਬਗੈਰ ਸ਼੍ਰੋਮਣੀ ਕਮੇਟੀ 'ਚ ਪੱਤਾ ਵੀ ਨਹੀਂ ਹਿੱਲਦਾ। ਉਨ੍ਹਾਂ ਕਿਹਾ ਕਿ ਗੁਰਚਰਨ ਸਿੰਘ ਟੌਹੜਾ ਦੇ ਪ੍ਰਧਾਨ ਹੁੰਦਿਆਂ ਬਾਦਲਾਂ ਨੇ ਕਦੇ ਦਖ਼ਲ ਨਹੀਂ ਦਿੱਤਾ ਪਰ ਹੁਣ ਸਮੁੱਚੀ ਸ਼੍ਰੋਮਣੀ ਕਮੇਟੀ ਬਾਦਲਾਂ ਦੀ ਅਗਵਾਈ ਹੇਠ ਚੱਲਦੀ ਹੈ। ਇੱਥੋਂ ਤਕ ਕਿ ਕਿਸੇ ਸੇਵਾਦਾਰ ਦੀ ਬਦਲੀ ਵੀ ਸੁਖਬੀਰ ਬਾਦਲ ਨੂੰ ਪੁੱਛੇ ਬਿਨਾਂ ਨਹੀਂ ਹੁੰਦੀ।
ਉਨ੍ਹਾਂ ਦੱਸਿਆ ਕਿ ਆਰਐਸਐਸ ਤੇ ਬੀਜੇਪੀ ਦਾ ਸ਼੍ਰੋਮਣੀ ਕਮੇਟੀ 'ਚ ਸਿੱਧਾ ਦਖ਼ਲ ਹੈ। 2011 'ਚ ਸ਼੍ਰੋਮਣੀ ਕਮੇਟੀ ਚੋਣਾਂ 'ਚ ਬਾਦਲਾਂ ਨੇ ਧੱਕੇ ਨਾਲ ਆਪਣੇ ਮੈਂਬਰ ਜਿਤਾਏ। ਬਾਦਲਾਂ ਨੇ 2017 'ਚ ਹੋਣ ਵਾਲੀ ਸ਼੍ਰੋਮਣੀ ਕਮੇਟੀ ਚੋਣ 'ਤੇ ਵੀ ਰੋਕ ਲਵਾਈ। ਆਰਐਸਐਸ ਦੇ ਇਸ਼ਾਰੇ 'ਤੇ ਬਾਦਲਾਂ ਨੇ ਨਾਨਕਸ਼ਾਹੀ ਕੈਲੰਡਰ ਤਬਦੀਲ ਕੀਤਾ ਤੇ ਸਿੱਖ ਕੌਮ ਨੂੰ ਦੋ ਹਿੱਸਿਆ 'ਚ ਵੰਡਿਆ ਗਿਆ। ਸ਼੍ਰੋਮਣੀ ਕਮੇਟੀ 'ਚ ਬੇਲੋੜੇ ਮੁਲਾਜ਼ਮਾਂ ਦੀ ਭਰਤੀ ਕੀਤੀ ਹੈ। ਕਰੋੜਾਂ ਰੁਪਏ ਟਰੱਸਟਾਂ ਲਈ ਜਾਰੀ ਕੀਤੇ ਜਾ ਰਹੇ ਹਨ। ਵਿਰੋਧੀ ਧਿਰ ਦੀ ਸ਼੍ਰੋਮਣੀ ਕਮੇਟੀ 'ਚ ਕੋਈ ਸੁਣਵਾਈ ਨਹੀਂ ਹੁੰਦੀ। 'ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ' ਦਾ ਵੀ ਸਿਆਸੀਕਰਨ ਹੋਇਆ ਹੈ।
ਇਸ ਤੋਂ ਇਲਾਵਾ ਡੇਰਾ ਮੁਖ਼ੀ ਰਾਮ ਰਹੀਮ ਨੂੰ ਦਿੱਤੀ ਮੁਆਫ਼ੀ ਬਾਰੇ ਉਨ੍ਹਾਂ ਖ਼ੁਲਾਸਾ ਕੀਤਾ ਕਿ ਮਾਫੀ 'ਚ ਬਾਦਲਾਂ ਦੀ ਵੱਡੀ ਭੂਮਿਕਾ ਰਹੀ। ਬਾਦਲ ਨੇ ਆਪਣੀ ਕੋਠੀ 'ਚ ਜਥੇਦਾਰਾਂ ਨੂੰ ਸੱਦ ਕੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਈ। ਸ਼੍ਰੋਮਣੀ ਕਮੇਟੀ 'ਚ ਬਾਦਲ ਤੇ ਟੌਹੜਾ ਦੇ ਦੋ ਵੱਖ-ਵੱਖ ਗਰੁੱਪ ਸਨ। ਬਾਦਲ ਤੇ ਟੌਹੜਾ ਗਰੁੱਪ 'ਚ ਕਾਫੀ ਖਿੱਚੋਤਾਣ ਚੱਲ ਰਹੀ ਸੀ। ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਟੌਹੜਾ ਤੇ ਬਾਦਲ ਦੀ ਸੁਲ੍ਹਾ-ਸਫ਼ਾਈ ਕਰਵਾਈ। ਉਨ੍ਹਾਂ ਦੱਸਿਆ ਕਿ ਬਾਦਲ ਨੇ ਤਾਕਤ ਦੀ ਵਰਤੋਂ ਕਰਕੇ ਜਥੇਦਾਰ ਰਣਜੀਤ ਸਿੰਘ ਨੂੰ ਮੁਅੱਤਲ ਕਰਾਇਆ ਤੇ ਰਣਜੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਸਿਕਿਓਰਟੀ ਵੀ ਵਾਪਸ ਲਈ।