ਅੰਮ੍ਰਿਤਸਰ: ਭਾਰਤ-ਪਾਕਿਸਤਾਨ ਦੀ ਅਟਾਰੀ ਸਰਹੱਦ 'ਤੇ ਦੋਹਾਂ ਮੁਲਕਾਂ ਵਿਚਾਲੇ ਹੋਣ ਵਾਲੇ ਵਪਾਰ ਲਈ ਵਰਤੇ ਜਾਣ ਵਾਲੇ ਟਰੱਕਾਂ ਨੂੰ ਸਕੈਨ ਕਰਨ ਲਈ ਆਈ.ਸੀ.ਪੀ. 'ਤੇ ਜਲਦ ਹੀ ਫੁੱਲਬਾਡੀ ਸਕੈਨਰ ਲਾਏ ਜਾਣਗੇ। ਇਸ ਗੱਲ ਦਾ ਖੁਲਾਸਾ ਕਰਦਿਆਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਸਕੈਨਰਾਂ ਨੂੰ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਸ਼ਵੇਤ ਮਲਿਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੇਂਦਰੀ ਰਾਜ ਮੰਤਰੀ ਕਿਰਨ ਰਜ਼ੀਜ਼ੂ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਵਪਾਰ ਲਈ ਬਣਾਈ ਗਈ ਆਈ.ਸੀ.ਪੀ. 'ਤੇ ਫੁੱਲ ਬਾਡੀ ਟਰੱਕ ਸਕੈਨਰ ਲਾਉਣ ਦੀ ਮੰਗ ਨੂੰ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ। ਵਪਾਰੀਆਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਮੰਤਰੀ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਉਨ੍ਹਾਂ ਇਸ ਕੰਮ ਲਈ 40 ਕਰੋੜ ਦੀ ਰਕਮ ਜਾਰੀ ਕਰਦਿਆਂ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਠੇਕਾ ਵੀ ਦੇ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉੱਥੇ 5 ਕਰੋੜ ਦੀ ਲਾਗਤ ਵਾਲੇ ਉੱਚ ਪੱਧਰੀ ਸੀਸੀਟੀਵੀ ਕੈਮਰੇ ਵੀ ਲਾਏ ਜਾ ਚੁੱਕੇ ਹਨ।
ਦਰਅਸਲ ਭਾਰਤੀ ਵਪਾਰੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਹ ਸਕੈਨਰ ਲਾਉਣ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਸਰਹੱਦ ਪਾਰੋਂ ਆਉਣ ਵਾਲੇ ਟਰੱਕਾਂ ਦੀ ਚੈਕਿੰਗ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਣ ਕਰਕੇ ਉਨ੍ਹਾਂ ਦਾ ਮਾਲ ਕਈ ਕਈ ਦਿਨ ਟਰੱਕਾਂ ਵਿੱਚ ਹੀ ਪਿਆ ਰਹਿੰਦਾ ਸੀ ਤੇ ਉਨ੍ਹਾਂ ਨੂੰ ਕਾਫੀ ਘਾਟਾ ਝੱਲਣਾ ਪੈਂਦਾ ਸੀ। ਕੇਂਦਰ ਸਰਕਾਰ ਵੱਲੋਂ ਜਲਦ ਸਕੈਨਰ ਲਾਉਣ ਬਾਰੇ ਦਿੱਤੀ ਗਈ ਮਨਜ਼ੂਰੀ ਦੇ ਬਾਅਦ ਭਾਰਤੀ ਵਪਾਰੀਆਂ ਦੇ ਚਿਹਰੇ ਤੇ ਰੌਣਕ ਆ ਗਈ ਹੈ।