ਪੱਟੀ: ਜਗਰਾਓਂ ਦੀ ਦਾਣਾ ਮੰਡੀ 'ਚ ਸ਼ਨੀਵਾਰ ਨੂੰ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਦੋ ਪੁਲਿਸ ਮੁਲਾਜ਼ਮਾਂ 'ਤੇ ਗੋਲੀਆਂ ਚਲਾ ਕਤਲ ਕਰ ਦਿੱਤਾ ਗਿਆ ਸੀ।ਇਸ ਵਾਰਦਾਤ ਵਿੱਚ CIA ਸਟਾਫ ਦੇ ASI ਦਲਵਿੰਦਰਜੀਤ ਸਿੰਘ ਦੀ ਵੀ ਮੌਤ ਹੋ ਗਈ ਸੀ।ਉਹ ਪੱਟੀ ਨੇੜੇ ਪਿੰਡ ਸੰਗਵਾਂ ਦਾ ਵਸਨੀਕ ਸੀ ਅਤੇ ਜਗਰਾਓਂ 'ਚ CIA ਸਟਾਫ ਦੇ ASI ਵਜੋਂ ਤਾਇਨਾਤ ਸੀ।ਇਸ ਦੌਰਾਨ ਇੱਕ ਹੋਰ ਮੁਲਾਜ਼ਮ ਦੀ ਮਸਾਂ ਹੀ ਜਾਨ ਬਚੀ।ਦਰਅਸਲ ਇਹ ਤਿੰਨੇ ਪੁਲਿਸ ਮੁਲਾਜ਼ਮ ਕਿਸੇ ਕੇਸ ਦੀ ਤਫਤੀਸ਼ ਕਰਦੇ ਹੋਏ ਦਾਣਾ ਮੰਡੀ ਪਹੁੰਚੇ ਸੀ। ਹੁਣ ਇਸ ਕੇਸ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਦੀ ਸ਼ਨਾਖਤ ਵੀ ਕਰ ਲਈ ਹੈ।


ਮ੍ਰਿਤਕ ਥਾਣੇਦਾਰ ਦੇ ਭਰਾ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਬੰਟੀ ਨੇ ਗੱਲਬਾਤ ਕਰਦਿਆਂ ਦਲਵਿੰਦਰਜੀਤ ਸਿੰਘ ਦੀ ਮੌਤ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਪੁਲੀਸ ਮਹਿਕਮੇ ਵੱਲੋਂ  ਦਲਵਿੰਦਰਜੀਤ ਸਿੰਘ ਦੀ ਮੌਤ ਦੀ ਸੂਚਨਾ  ਮਿਲੀ ਸੀ। ਥਾਣੇਦਾਰ ਦਲਵਿੰਦਰਜੀਤ ਸਿੰਘ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

ਦੱਸ ਦੇਈਏ ਦਲਵਿੰਦਰਜੀਤ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਇਸ ਦੌਰਾਨ ਕਈ ਸਿਆਸਤਦਾਨ ਅਤੇ ਸੀਨੀਅਰ ਅਧਿਕਾਰੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ।ਇਸ ਦੌਰਾਨ ਡਿਪਟੀ ਕਮਿਸ਼ਨਰ ਤਰਨਤਾਰਨ ਕੁਲਵੰਤ ਸਿੰਘ, SP(Retd) ਰਘਬੀਰ ਸਿੰਘ ਸਰਹਾਲੀ , SSP ਤਰਨਤਾਰਨ ਧਰੁਮਨ ਨਿੰਬਾਲੇ, SDM ਪੱਟੀ, ਰਾਜੇਸ਼ ਸਰਮਾ ਆਦਿ ਅਫਸਰਾਨ ਮੌਜੂਦ ਸੀ।
 

ਇਸ ਮੌਕੇ ਏਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦਲਵਿੰਦਰ ਸਿੰਘ ਦੀ ਮੌਤ ਤੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ "ਪੰਜਾਬ ਪੁਲਿਸ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੈ ਅਤੇ ਪਰਿਵਾਰ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।"

ਉਧਰ ਲੁਧਿਆਣਾ ਦਿਹਾਤੀ ਪੁਲਿਸ ਨੇ ਇਨ੍ਹਾਂ ਕਤਲ ਕੇਸ ਦੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਇਨ੍ਹਾਂ ਦੀਆਂ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਹਨ।ਮੁਲਜ਼ਮਾਂ ਦੀ ਪਛਾਣ ਜੈਪਾਲ ਭੁੱਲਰ ਵਾਸੀ ਦਸ਼ਮੇਸ਼ ਨਗਰ, ਫਿਰੋਜ਼ਪੁਰ, ਬਲਜਿੰਦਰ ਸਿੰਘ ਉਰਫ ਬੱਬੀ ਵਾਸੀ ਵੀਪੀਓ ਮਹੱਲਾ ਖੁਰਦ ਮੋਗਾ, ਜਸਪ੍ਰੀਤ ਸਿੰਘ ਵਾਸੀ ਸੈਕਟਰ 14, ਸਿਵਲ ਹਸਪਤਾਲ ਰੋਡ, ਖਰੜ ਤੇ ਦਰਸ਼ਨ ਸਿੰਘ ਵਾਸੀ ਪਿੰਡ ਸਾਹੌਲੀ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮਾਂ ਖਿਲਾਫ IPC ਦੀ ਧਾਰਾ 302,307, 353, 186, 34 ਤੇ ਅਸਲਾ ਐਕਟ ਦੀ ਧਾਰਾ 25, 27 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।