ਬਾਬਾ ਬਕਾਲਾ : ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਅੱਜ ਬਾਬਾ ਬਕਾਲਾ ਅਦਾਲਤ 'ਚ ਲੈ ਕੇ ਪੁੱਜੀ, ਜਿੱਥੇ ਪੁਲਿਸ ਨੇ ਥਾਣਾ ਬਿਆਸ 'ਚ ਦਰਜ ਇਰਾਦਾ ਕਤਲ ਤੇ ਪੁਲਸ ਪਾਰਟੀ 'ਤੇ ਹਮਲਾ ਕਰਕੇ ਗੈਂਗਸਟਰ ਸ਼ੁਭਮ ਨੂੰ ਪੁਲਿਸ ਹਿਰਾਸਤ 'ਚ ਰਈਆ ਸ਼ਹਿਰ 'ਚੋਂ ਰਿਹਾ ਕਰਵਾਉਣ ਦੇ ਮਾਮਲੇ 'ਚ ਜੱਗੂ ਦੀ ਗ੍ਰਿਫਤਾਰੀ ਪਾ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। 

ਅੱਜ ਹੀ ਮਾਨਸਾ ਦੀ ਅਦਾਲਤ ਨੇ ਜੱਗੂ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਟਰਾਂਜਿਟ ਰਿਮਾਂਡ 'ਤੇ ਭੇਜਿਆ ਸੀ। ਜੱਗੂ ਕੋਲੋਂ ਵੀ ਖਰੜ 'ਚ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅੇੈਸਅੇੈਸਪੀ ਸਵਰਨਦੀਪ ਸਿੰਘ ਦਾ ਕਹਿਣਾ ਹੈ ਕਿ ਜੱਗੂ ਦਾ 17 ਜੁਲਾਈ ਤਕ ਦਾ ਪੁਲਿਸ ਰਿਮਾਂਡ ਮਿਲ ਗਿਆ ਹੈ ਪਰ ਪੁੱਛਗਿੱਛ ਕਿੱਥੇ ਹੋਵੇਗੀ ਇਹ ਅਸੀਂ ਨਹੀਂ ਦੱਸ ਸਕਦੇ ,ਜਦਕਿ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਨਾਮਜਦ ਹੋਣ ਤੋਂ ਬਾਅਦ ਮਾਨਸਾ ਪੁਲਿਸ ਨੇ ਜੱਗੂ ਨੂੰ ਦਿੱਲੀ ਤੋਂ ਟਰਾਂਜਿਟ ਰਿਮਾਂਡ 'ਤੇ ਲਿਆਂਦਾ ਸੀ। 


ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਸ਼ਾਹਰੁਖ ਨੂੰ ਫੜਿਆ ਸੀ। ਉਸ ਨੇ ਕਿਹਾ ਸੀ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਵਿੱਚ ਗੈਂਗਸਟਰ ਲਾਰੈਂਸ ਨਾਲ ਜੱਗੂ ਭਗਵਾਨਪੁਰੀਆ ਵੀ ਸ਼ਾਮਲ ਹੈ। ਪੁਲਿਸ ਜੱਗੂ ਭਗਵਾਨਪੁਰੀਆ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਹੈ।


ਅਹਿਮ ਗੱਲ਼ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜੱਗੂ ਭਗਵਾਨਪੁਰੀਆ ਦੀ ਮਾਂ ਨੇ ਪੁੱਤ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਭਗਵਾਨਪੁਰੀਆ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਸਮੇਂ ਬੁਲੇਟ ਪਰੂਫ ਜੈਕਟ ਤੇ ਗੱਡੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ। ਅਦਾਲਤ ਨੇ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਸੀ ਕਿ ਉਸ ਨੂੰ ਦਿੱਲੀ ਅਦਾਲਤ 'ਚ ਪਟੀਸ਼ਨ ਪਾਉਣੀ ਚਾਹੀਦੀ ਹੈ।