Lawrence Bishnoi: ਕੇਂਦਰੀ ਜੇਲ੍ਹ ਬਠਿੰਡਾ ਵਿੱਚ ਬੰਦ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜਿਸ਼ੀ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬੁੱਧਵਾਰ ਗੁਜਰਾਤ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ। ਪੁਲਿਸ ਵੱਲੋਂ ਭਾਰੀ ਸੁਰੱਖਿਆ ਹੇਠ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਤੋਂ ਮੁਹਾਲੀ ਲਿਜਾਇਆ ਗਿਆ, ਜਿੱਥੋਂ ਅੱਗੇ ਹਵਾਈ ਜਹਾਜ਼ ਰਾਹੀਂ ਉਸ ਨੂੰ ਗੁਜਰਾਤ ਲਿਜਾਇਆ ਗਿਆ। 


ਉਧਰ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਬੁੱਧਵਾਰ ਨੂੰ ਹੀ ਮਾਨਸਾ ਦੀ ਅਦਾਲਤ ਵਿੱਚ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ 21 ਮੁਲਜ਼ਮਾਂ ਨੇ ਵੀਡੀਓ ਕਾਨਫਰੰਸ (ਵੀਸੀ) ਰਾਹੀਂ ਤੇ ਦੋ ਗੈਂਗਸਟਰਾਂ ਪਵਨ ਬਿਸ਼ਨੋਈ ਤੇ ਨਸੀਬ ਖਾਨ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਦੀ ਅਦਾਲਤ ਵਿੱਚ ਪੇਸ਼ ਹੋ ਕੇ ਪੇਸ਼ੀ ਭੁਗਤੀ। 


ਹਾਸਲ ਜਾਣਕਾਰੀ ਮੁਤਾਬਕ ਇਸ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਮਨਪ੍ਰੀਤ ਸਿੰਘ ਮੰਨਾ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ ਕਿਉਂਕਿ ਦੋਵੇਂ ਪੁਲਿਸ ਰਿਮਾਂਡ ’ਤੇ ਹਨ। ਗੁਜਰਾਤ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਡਰੱਗ ਮਾਮਲੇ ਵਿੱਚ ਬਠਿੰਡਾ ਤੋਂ ਗੁਜਰਾਤ ਲੈ ਕੇ ਗਈ ਹੈ।


ਦੱਸ ਦਈਏ ਕਿ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰਨ ਸਬੰਧੀ ਅਗਲੀ ਸੁਣਵਾਈ ਛੇ ਸਤੰਬਰ ਨੂੰ ਰੱਖੀ ਗਈ ਹੈ। ਪਿਛਲੇ ਮਹੀਨੇ, ਮਾਨਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸੁਰਭੀ ਪਰਾਸ਼ਰ ਦੀ ਅਦਾਲਤ ਨੇ ਸੈਸ਼ਨ ਅਦਾਲਤ ਨੂੰ ਚਾਰਜਸ਼ੀਟ ਸੌਂਪੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਆਈਪੀਸੀ ਦੀ ਧਾਰਾ 302 (ਕਤਲ) ਦੇ ਅਧੀਨ ਅਪਰਾਧ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਸੈਸ਼ਨ ਕੋਰਟ ਦੁਆਰਾ ਸੁਣਵਾਈ ਯੋਗ ਹਨ।


ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੀ ਐਸਆਈਟੀ ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਜੱਗੂ ਭਗਵਾਨਪੁਰੀਆ ਸਣੇ 31 ਮੁਲਜ਼ਮਾਂ ਵਿਰੁੱਧ ਦੋ ਚਾਰਜਸ਼ੀਟਾਂ ਦਾਇਰ ਕੀਤੀਆਂ ਹਨ ਤੇ ਦਾਅਵਾ ਕੀਤਾ ਹੈ ਕਿ ਇਹ ਕਤਲ ਬਿਸ਼ਨੋਈ ਤੇ ਬੰਬੀਹਾ ਗੈਂਗ ਵਿਚਾਲੇ ਬਦਲੇ ਦੀ ਲੜੀ ਦਾ ਹਿੱਸਾ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ । ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ ।