ਖਰੜ : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਜਿੱਥੇ ਉਸ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਗੈਂਗਸਟਰ ਬਿਸ਼ਨੋਈ ਨੂੰ ਪੂਰੀ ਪੁਲਿਸ ਫੋਰਸ ਨਾਲ ਅਦਾਲਤ ਵਿੱਚ ਪੇਸ਼ ਕੀਤਾ ਗਿਆ।  ਲਾਰੈਂਸ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਹੇਠ ਖਰੜ ਸਥਿਤ ਸੀਆਈਏ ਸਟਾਫ਼ ਵਿੱਚ ਰੱਖਿਆ ਗਿਆ ਹੈ।


ਇਸ ਤੋਂ ਪਹਿਲਾਂ ਸਟੇਟ ਅਪਰਾਧ ਸੈੱਲ ਮੋਹਾਲੀ ਨੇ ਫਿਰੌਤੀ ਮੰਗਣ ਅਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਪਾਸਪੋਰਟ ਬਣਾਉਣ ਦੇ ਮਾਮਲੇ 'ਚ ਗੈਂਗਸਟਰ ਲਾਰੈਂਸ ਨੂੰ ਗਿ੍ਫ਼ਤਾਰ ਕੀਤਾ ਸੀ ਤੇ 29 ਅਗਸਤ ਨੂੰ ਉਸ ਦਾ ਰਿਮਾਂਡ ਖ਼ਤਮ ਹੋਣ ਉਪਰੰਤ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ ਪਰ ਖਰੜ ਪੁਲਿਸ ਨੇ ਉਸ ਨੂੰ ਨਵੇਂ ਕੇਸ ਵਿਚ ਗਿ੍ਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਫ਼ਰਜ਼ੀ ਪਾਸਪੋਰਟ ਮਾਮਲੇ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।

ਐੱਨਡੀਪੀਐੱਸ ਤੇ ਆਰਮਜ਼ ਐਕਟ 'ਚ ਲਾਰੈਂਸ ਗਿ੍ਫ਼ਤਾਰ

ਸੀਆਈਏ ਸਟਾਫ ਪੁਲਿਸ ਨੇ ਖਰੜ-ਲਾਂਡਰਾ ਰੋਡ 'ਤੇ ਗੋਲਡ ਹੋਮ ਸੁਸਾਇਟੀ ਦੇ ਸਾਹਮਣੇ 7 ਜੂਨ 2022 ਨੂੰ ਸਪੈਸ਼ਲ ਨਾਕੇਬੰਦੀ ਦੌਰਾਨ ਨਿਖਿਲ ਕਾਂਤ ਸ਼ਰਮਾ ਵਾਸੀ ਮੁਹੱਲਾ ਰੂਪ ਚੰਦ ਕੋਤਵਾਲੀ ਪਟਿਆਲਾ ਨੂੰ ਗਿ੍ਫ਼ਤਾਰ ਕੀਤਾ ਸੀ। ਕਾਬੂ ਕੀਤੇ ਮੁਲਜ਼ਮ ਨਿਖਿਲ ਕਾਂਤ ਕੋਲੋਂ ਸੀਆਈਏ ਪੁਲਿਸ ਨੇ 32 ਬੋਰ ਦਾ ਪਿਸਤੌਲ, ਪੰਜ ਰੌਂਦ, ਦੋ ਮੋਬਾਈਲ ਫੋਨ, ਇਕ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਨਿਖਿਲ ਕਾਂਤ ਨੇ ਦੱਸਿਆ ਸੀ ਕਿ ਉਹ ਲਾਰੈਂਸ ਗੈਂਗ ਲਈ ਕੰਮ ਕਰਦਾ ਹੈ। ਇਸ ਮਾਮਲੇ 'ਚ ਥਾਣਾ ਸਦਰ ਖਰੜ 'ਚ ਐੱਫਆਈਆਰ ਨੰਬਰ-115 ਦਰਜ ਕੀਤੀ ਗਈ ਸੀ ,ਜਿਸ 'ਚ ਮੁਲਜ਼ਮ ਨਿਖਿਲਕਾਂਤ ਖ਼ਿਲਾਫ਼ ਆਰਮਜ਼ ਐਕਟ ਅਤੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ 'ਤੇ ਲਿਆ ਹੈ।

ਫ਼ਰਜ਼ੀ ਪਾਸਪੋਰਟ ਮਾਮਲੇ 'ਚ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਇਸ ਮਾਮਲੇ 'ਚ ਸਟੇਟ ਕਰਾਇਮ ਸੈੱਲ ਮੋਹਾਲੀ ਥਾਣੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ, ਕਰਮਵੀਰ ਸਿੰਘ, ਪਤਵੀਰ ਬੜਿੰਗ, ਰਾਜਵੀਰ ਸਿੰਘ, ਯਾਦਵਿੰਦਰ ਸਿੰਘ, ਬਲਦੇਵ ਚੌਧਰੀ, ਗੁਰਵਿੰਦਰ ਪਾਲ ਖ਼ਿਲਾਫ਼ ਧਾਰਾ 366, 467, 466, 467 ਆਈ ਅਤੇ ਪਾਸਪੋਰਟ ਐਕਟ ਦੀ ਧਾਰਾ 12 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਲਾਰੈਂਸ ਬਿਸ਼ਨੋਈ ਨੇ ਆਪਣੇ ਰਸੂਖ ਦਾ ਇਸਤੇਮਾਲ ਕਰਕੇ ਫ਼ਰਜ਼ੀ ਪਾਸਪੋਰਟ ਬਣਾ ਕੇ ਆਪਣੇ ਛੋਟੇ ਭਰਾ ਨੂੰ ਵਿਦੇਸ਼ ਭੇਜਿਆ ਹੈ। ਲਾਰੈਂਸ ਬਿਸ਼ਨੋਈ 'ਤੇ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਭਰਾ ਨੂੰ ਫ਼ਰਜ਼ੀ ਪਾਸਪੋਰਟ 'ਤੇ ਵਿਦੇਸ਼ ਭੇਜਣ ਦਾ ਦੋਸ਼ ਹੈ। ਪੁਲਿਸ ਸੂਤਰਾਂ ਅਨੁਸਾਰ ਇਸ ਕੇਸ 'ਚ ਪਾਸਪੋਰਟ ਬਣਾਉਣ 'ਚ ਜਿਸ ਟਰੈਵਲ ਏਜੰਟ ਨੇ ਪਾਸਪੋਰਟ ਬਣਾਉਣ 'ਚ ਮਦਦ ਕੀਤੀ ਹੈ, ਉਸ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।