ਨਵੀਂ ਦਿੱਲੀ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਿਤਾ ਨੇ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਿੱਲੀ ਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਦਿੱਤੇ ਟਰਾਂਜ਼ਿਟ ਰਿਮਾਂਡ ਸਣੇ ਹੋਰ ਕਈ ਫ਼ੈਸਲਿਆਂ ਨੂੰ ਚੁਣੌਤੀ ਦਿੱਤੀ ਹੈ। ਗੈਂਗਸਟਰ ਦੇ ਪਿਤਾ ਨੇ ਆਪਣੇ ਵਕੀਲ ਸੰਗਰਾਮ ਸਿੰਘ ਸਾਰੋਂ ਰਾਹੀਂ ਦਾਖ਼ਲ ਪਟੀਸ਼ਨ ਵਿੱਚ ਇਹ ਸ਼ਿਕਾਇਤ ਵੀ ਕੀਤੀ ਕਿ ਪੰਜਾਬ ਵਿੱਚ ਵਕੀਲਾਂ ਨੇ ਉਸ ਦੇ ਪੁੱਤਰ ਦਾ ਬਾਈਕਾਟ ਕੀਤਾ ਹੋਇਆ ਹੈ ਤੇ ਉਹ ਉਸ ਦੇ ਕੇਸ ਦੀ ਪੈਰਵੀ ਕਰਨ ਤੋਂ ਇਨਕਾਰੀ ਹਨ।



ਐਡਵੋਕੇਟ ਸਾਰੋਂ ਨੇ ਬੈਂਚ ਨੂੰ ਦੱਸਿਆ ਕਿ ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਦਿੱਲੀ ਕੋਰਟ ਦੇ ਟਰਾਂਜ਼ਿਟ ਰਿਮਾਂਡ ਦੇਣ ਸਬੰਧੀ ਹੁਕਮਾਂ ਨੂੰ ਚੁਣੌਤੀ ਦਿੱਤੀ ਹੋਈ ਹੈ, ਪਰ ਕਿਉਂਕਿ ਪੰਜਾਬ ਦੀ ਮਾਨਸਾ ਅਦਾਲਤ ਵਿੱਚ ਕੋਈ ਵੀ ਵਕੀਲ ਲਾਰੈਂਸ ਬਿਸ਼ਨੋਈ ਦੇ ਕੇਸ ਦੀ ਪੈਰਵੀ ਕਰਨ ਲਈ ਤਿਆਰ ਨਹੀਂ ਹੈ, ਇਸ ਕਰਕੇ ਉਸ ਨੂੰ ਸੁਪਰੀਮ ਕੋਰਟ ਦਾ ਰੁਖ਼ ਕਰਨਾ ਪਿਆ ਹੈ।

ਬੈਂਚ ਨੇ ਵਕੀਲਾਂ ਦੇ ਇਸ ਰਵੱਈਏ ਨੂੰ ‘ਪੂਰੀ ਤਰ੍ਹਾਂ ਗੈਰਵਾਜਬ’ ਕਰਾਰ ਦਿੰਦਿਆਂ ਕਿਹਾ ਕਿ ਪਟੀਸ਼ਨਰ ਬਿਸ਼ਨੋਈ ਲਈ ਕਾਨੂੰਨੀ ਸਹਾਇਤਾ ਹਾਸਲ ਕਰਨ ਵਾਸਤੇ ਹਾਈ ਕੋਰਟ ਦਾ ਰੁਖ਼ ਕਰ ਸਕਦਾ ਹੈ। ਬੈਂਚ ਨੇ ਕਿਹਾ, ‘ਕਿਉਂਕਿ ਪੰਜਾਬ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਹ ਬਹੁਤ ਹੀ ਮੁੱਢਲੇ ਦੌਰ ਵਿੱਚ ਹੈ। ਇਸ ਅਦਾਲਤ ਲਈ ਇਸ ਪੱਧਰ ’ਤੇ ਦਖਲ ਦੇਣਾ ਠੀਕ ਨਹੀਂ ਹੋਵੇਗਾ।’ ਬੈਂਚ ਨੇ ਬਿਸ਼ਨੋਈ ਦੇ ਪਿਤਾ ਦੀ ਅਪੀਲ ’ਤੇ ਸੁਣਵਾਈ 11 ਜੁਲਾਈ ਨੂੰ ਰੱਖ ਦਿੱਤੀ ਹੈ।


ਓਧਰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਵਿਚਕਾਰ ਰਾਤ 12.30 ਵਜੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਿਆਂਦਾ ਗਿਆ ਸੀ। ਅੱਜ ਸਵੇਰੇ ਹੀ   ਅੰਮ੍ਰਿਤਸਰ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਵਿਖੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 7 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ।


ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪੁਲਿਸ ਵੱਲੋਂ ਅੰਮ੍ਰਿਤਸਰ ਦੀ ਕਚਹਿਰੀ ਨੂੰ ਜਾਣ ਵਾਲੇ ਰਸਤਿਆਂ 'ਤੇ ਆਮ ਲੋਕਾਂ ਦੀ ਅੇੈਂਟਰੀ ਬੰਦ ਕੀਤੀ ਗਈ ਹੈ ਅਤੇ ਪੁਲਿਸ ਨੇ ਚੁਫੇਰਿਓਂ ਸੜਕਾਂ ਬਲੌਕ ਕੀਤੀਆਂ ਹਨ। ਸੋਮਵਾਰ ਸ਼ਾਮ ਮਾਨਸਾ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਪੁਲੀਸ ਨੇ 24 ਘੰਟੇ ਦੇ ਟਰਾਂਜ਼ਿਟ ਰਿਮਾਂਡ ’ਤੇ ਲਿਆ ਸੀ, ਜਿਸ ਤਹਿਤ ਬੀਤੀ ਰਾਤ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਅਤੇ ਮਾਲ ਮੰਡੀ ਸਥਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ  (SSOC) ਵਿੱਚ ਰੱਖਿਆ ਗਿਆ ਸੀ।