ਰੂਪਨਗਰ : ਪੰਜਾਬ ਪੁਲਿਸ ਵੱਲੋਂ ਹਥਿਆਰਾਂ ਦੀ ਸਪਲਾਈ ਅਤੇ ਨਸ਼ਾ ਤਸਕਰੀ ਕਰਨ ਵਾਲਾ ਗੈਂਗਸਟਰ ਪਵਿੱਤਰ ਸਿੰਘ ਦਾ ਸਾਥੀ ਭਾਰਤ ਭੂਸ਼ਨ ਪੰਮੀ ਨੂੰ 4 ਪਿਸਟਲ ਤੇ 34 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਸ਼੍ਰੀ ਵਿਵੇਕ ਐੱਸ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵਲੋਂ ਜਾਰੀ ਹਦਾਇਤਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਅਧੀਨ ਪੁਲਿਸ ਟੀਮਾਂ ਵਲੋਂ ਅਪਰਾਧਿਕ ਪਿਛੋਕੜ ਵਾਲੇ ਦੋਸ਼ੀਆਂ ਦੀ ਹਰ ਗਤੀਵਿਧੀ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ। 


ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ, ਕਪਤਾਨ ਪੁਲਿਸ (ਡਿਟੇਕਟਿਵ) ਮਨਵਿੰਦਰਬੀਰ ਸਿੰਘ ਅਤੇ ਉਪ ਕਪਤਾਨ ਪੁਲਿਸ (ਡਿਟੈਕਟਿਵ) ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੰਸਪੈਕਟਰ ਇੰਚਾਰਜ ਸੀਆਈਏ ਸਤਨਾਮ ਸਿੰਘ ਰੂਪਨਗਰ ਦੀ ਟੀਮ ਨੇ ਭਾਰਤ ਭੂਸ਼ਨ ਪੰਮੀ ਵਾਸੀ ਵਾਰਡ ਨੰਬਰ 6 ਮੰਡੀ ਅਹਿਮਦਗੜ੍ਹ ਥਾਣਾ ਸਿਟੀ ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ ਨੂੰ ਗ੍ਰਿਫਤਾਰ ਕੀਤਾ ਜੋ ਦੋਸ਼ੀ ਭਗੌੜੇ ਗੈਂਗਸਟਰ ਪਵਿੱਤਰ ਸਿੰਘ ਵਾਸੀ ਪਿੰਡ ਚੌੜਾ ਜ਼ਿਲ੍ਹਾ ਗੁਰਦਾਸਪੁਰ, ਵਾਸੀ ਕੈਲੋਫੋਰਨੀਆ (ਯੂਐਸਏ) ਦਾ ਸਾਥੀ ਹੈ। 


ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਭਾਰਤ ਭੂਸ਼ਨ ਪੰਮੀ ਕੋਲੋਂ 32 ਬੋਰ ਦੇ 3 ਪਿਸਟਲ, 1 ਇੰਪੋਰਟਡ ਪਿਸਟਲ (ਕੋਲਟ ਗੌਰਮਿੰਟ 1911 ਏ ਵਨ, ਕੋਲ 9 ਐਮ.ਐਮ ਪੀ.ਏ.ਕੇ) ਅਤੇ 34 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਜ਼ਲਮ ਨੂੰ ਗ੍ਰਿਫਤਾਰ ਕਰਕੇ ਮੁਕੱਦਮਾਂ ਦਰਜ ਕਰ ਕੇ ਥਾਣਾ ਸਿਟੀ ਰੂਪਨਗਰ ਪੁਲਿਸ ਵੱਲੋਂ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


ਉਨ੍ਹਾਂ ਦੱਸਿਆ ਕਿ ਦੋਸ਼ੀ ਵਿਰੁੱਧ ਪਹਿਲਾ ਵੀ ਐਨ.ਡੀ.ਪੀ.ਐਸ. ਐਕਟ ਦੇ ਮਾਮਲੇ ਅਹਿਮਦਗੜ੍ਹ ਅਤੇ ਲੁਧਿਆਣਾ ਵਿਖੇ ਦਰਜ ਹਨ ਜਿਸ ਉਪਰੰਤ ਨਸ਼ਿਆਂ ਦੀ ਤਸਕਰੀ ਸਮੇਤ ਭਾਰਤ ਭੂਸ਼ਨ ਪੰਮੀ ਨੇ ਹਥਿਆਰਾਂ ਦੀ ਸਪਲਾਈ ਵੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਵਿਵੇਕ ਐੱਸ ਸੋਨੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਪਾਸੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ। ਮੁਕਦਮਾਂ ਦੀ ਤਫਤੀਸ਼ ਜਾਰੀ ਹੈ।