ਅੰਮ੍ਰਿਤਸਰ :   ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਵਰਗੀ ਗਿਆਨੀ ਪ੍ਰਤਾਪ ਸਿੰਘ ਦੇ ਘਰ 'ਤੇ ਗੋਲੀਆਂ ਚਲਾਉਣ ਵਾਲੇ ਗੈਂਗਸਟਰ ਸੋਹੀ ਬੋਪਾਰਾਏ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗੈਂਗਸਟਰ ਸੋਹੀ ਬੋਪਾਰਾਏ ਨੇ 29 ਦਸੰਬਰ 2021 ਦੀ ਰਾਤ ਨੂੰ ਸੁਲਤਾਨਵਿੰਡ ਰੋਡ 'ਤੇ ਰਹਿ ਰਹੇ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਦੇ ਘਰ 'ਤੇ ਗੋਲੀਬਾਰੀ ਹੋਈ ਸੀ।

ਜਾਣਕਾਰੀ ਅਨੁਸਾਰ ਸੋਹੀ ਬੋਪਾਰਾਏ ਜੱਗੂ ਭਗਵਾਨਪੁਰੀਆ ਅਤੇ ਬੌਬੀ ਮਲਹੋਤਰਾ ਦੇ ਗੈਂਗ ਨਾਲ ਸਬੰਧਤ ਹੈ। ਸੋਹੀ ਬੋਪਾਰਾਏ ਦੇ ਦੋ ਸਾਥੀ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਹੁਣ ਪਤਾ ਲੱਗੇਗਾ ਕਿ ਸਾਬਕਾ ਜਥੇਦਾਰ ਦੇ ਘਰ ਗੈਂਗਸਟਰ ਸੋਹੀ ਬੋਪਾਰਾਏ ਨੇ ਕਿਸ ਦੇ ਇਸ਼ਾਰੇ 'ਤੇ ਗੋਲੀਆਂ ਚਲਾਈਆਂ ਸਨ। ਇਸ ਸਬੰਧੀ ਪੁਲਿਸ ਅੱਜ ਪ੍ਰੈਸ ਕਾਨਫਰੰਸ ਕਰ ਸਕਦੀ ਹੈ। 


 


ਜਾਣਕਾਰੀ ਅਨੁਸਾਰ ਇਹ ਘਟਨਾ ਸੁਲਤਾਨਵਿੰਡ ਰੋਡ ਇਲਾਕੇ ਵਿਚ ਵਾਪਰੀ, ਜਿੱਥੇ ਸਵਰਗੀ ਜਥੇਦਾਰ ਦਾ ਪਰਿਵਾਰ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਅੱਧੀ ਰਾਤ 2 ਨਕਾਬਪੋਸ਼ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਆਏ, ਜਿਨ੍ਹਾਂ ਨੇ ਘਰ ਦੇ ਬਾਹਰ ਖੜ੍ਹ ਕੇ ਗੋਲੀਆਂ ਵਰ੍ਹਾਈਆਂ, ਜਿਸ ਤੋਂ ਬਾਅਦ ਉਹ ਫ਼ਰਾਰ ਹੋ ਗਏ। ਇਸ ਘਟਨਾ ਵਿਚ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਪੁੱਜਣ ਦੀ ਖ਼ਬਰ ਨਹੀਂ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

 

ਇਸ ਸਮੇਂ ਇਹ ਸਾਰੀ ਘਟਨਾ ਸੀਸੀਟੀਵੀ ਵਿਚ ਵੀ ਕੈਦ ਹੋ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ 2 ਅਣਪਛਾਤੇ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਘਰ ’ਤੇ 12 ਗੋਲੀਆਂ ਚਲਾਈਆਂ ਗਈਆਂ ਸਨ, ਜਿਨ੍ਹਾਂ ਦੇ ਰੌਂਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਬਰਾਮਦ ਕਰ ਲਏ ਸਨ। ਇਸ ਹਮਲੇ ਦੀ ਇਹ ਸਾਰੀ ਘਟਨਾ ਉਨ੍ਹਾਂ ਦੇ ਗੁਆਂਢੀ ਦੇ ਘਰ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਸੀ।