ਬਠਿੰਡਾ : ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ 12 ਦਿਨਾਂ ਦੇ ਬਠਿੰਡਾ ਪੁਲਿਸ ਰਿਮਾਂਡ 'ਤੇ ਹੈ ਅਤੇ 24 ਸਤੰਬਰ ਨੂੰ ਰਿਮਾਂਡ ਖਤਮ ਹੋਣ 'ਤੇ ਉਸ ਨੂੰ ਬਠਿੰਡਾ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਬਠਿੰਡਾ ਵਿਖੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮੁੜ ਤੋਂ ਪੇਸ਼ੀ ਕਰਕੇ ਸੁਰੱਖਿਆ ਦੇ ਸਖ਼ਤ ਇਤਜ਼ਾਮ ਕੀਤੇ ਗਏ ਹਨ। ਬਠਿੰਡਾ ਕੋਰਟ ਕੰਪਲੈਕਸ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕੀਤੇ ਗਏ ਹਨ ਅਤੇ ਨਾ ਹੀ ਮੀਡੀਆ ਦੀ ਐਂਟਰੀ ਹੈ।




ਮਾਮਲਾ ਬਠਿੰਡਾ ਦੇ ਇੱਕ ਵਪਾਰੀ ਕੋਲ ਫਿਰੌਤੀ ਮੰਗਣ ਦਾ ਹੈ , ਜਿੱਥੇ ਗੈਂਗਸਟਰ ਗੋਲਡੀ ਬਰਾੜ ਅਤੇ ਚਿੱਕੀ ਨਾਮ ਦੇ ਉਪਰ ਪਰਚਾ ਦਰਜ ਕੀਤਾ ਗਿਆ ਸੀ। ਇਸ ਪੂਰੇ ਮਾਮਲੇ 'ਚ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਆਈ ਸੀ ਅਤੇ ਮਾਣਯੋਗ ਅਦਾਲਤ ਵੱਲੋ 12 ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਜੋ ਕਿ ਅੱਜ ਖ਼ਤਮ ਹੋਣ ਮਗਰੋਂ ਮੁੜ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ।

 

ਦੱਸ ਦੇਈਏ ਕਿ ਬੀਤੇ ਕੱਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ‘ਤੇ ਜਾਨਲੇਵਾ ਹਮਲਾ ਹੋ ਸਕਦਾ ਹੈ। ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਅਜਿਹੇ ਇਨਪੁਟ ਮਿਲੇ ਹਨ ਕਿ 24 ਤਰੀਖ ਨੂੰ ਪੇਸ਼ੀ ਦੌਰਾਨ ਲਾਰੈਂਸ ‘ਤੇ ਹਮਲਾ ਹੋ ਸਕਦਾ ਹੈ। ਜਿਸਦੇ ਚੱਲਦੇ ਜਿੱਥੇ ਅੱਜ ਮੀਡੀਆ 'ਤੇ ਪਾਬੰਦੀ ਲਾਈ ਹੈ, ਉਥੇ ਹੀ ਆਉਣ ਜਾਣ ਵਾਲੇ ਲੋਕਾਂ 'ਤੇ ਵੀ ਪਾਬੰਦੀ ਲਾਈ ਹੈ। 


 

ਲਾਰੈਂਸ ਦੇ ਵਕੀਲ ਨੇ ਵੱਡਾ ਦਾਅਵਾ ਕੀਤਾ ਕਿ ਪੁਲਿਸ ਆਪਣੀਆਂ ਏਜੰਸੀਆਂ ਰਾਹੀਂ ਪੇਸ਼ੀ ਦੌਰਾਨ ਇਹ ਵਿਖਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਕਿ ਲਾਰੈਂਸ ਬਿਸ਼ਨੋਈ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਤੋਂ ਬਾਅਦ ਉਸਦਾ ਐਨਕਾਊਂਟਰ ਕੀਤਾ ਗਿਆ। ਇਸਦੇ ਨਾਲ ਹੀ ਵਕੀਲ ਨੇ ਇਹ ਵੀ ਦਾਅਵਾ ਕੀਤਾ ਕਿ ਲਾਰੈਂਸ ਦੇ ਵਿਰੋਧੀ ਗੈਂਗ ਨੂੰ ਲਾਰੈਂਸ ‘ਤੇ ਹਮਲਾ ਦਾ ਵੀ ਮੌਕਾ ਦਿੱਤਾ ਜਾ ਸਕਦਾ ਹੈ।

 

ਜ਼ਿਕਰਯੋਗ ਹੈ ਕਿ ਨਵੰਬਰ 2021 'ਚ ਇਕ ਕਾਰੋਬਾਰੀ ਤੋਂ ਉਸ ਦੇ ਘਰ 'ਤੇ ਪੈਟਰੋਲ ਬੰਬ ਸੁੱਟ ਕੇ ਅਤੇ ਗੋਲੀਬਾਰੀ ਕਰਕੇ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਵਿੱਚ ਬਠਿੰਡਾ ਪੁਲੀਸ ਨੇ ਲਾਰੈਂਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਬਠਿੰਡਾ ਅਦਾਲਤ ਵਿੱਚ ਪੇਸ਼ ਕਰਕੇ ਖਰੜ ਤੋਂ 12 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ। ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ 12 ਸਤੰਬਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਅਦਾਲਤ ਦੇ ਆਲੇ-ਦੁਆਲੇ ਪੁਲੀਸ ਦੀ ਭਾਰੀ ਸੁਰੱਖਿਆ ਸੀ।