ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿੱਚ ਐਲਾਨ ਕੀਤਾ ਕਿ ਉਹ ਸੂਬੇ ਵਿੱਚੋਂ ਗੈਂਗਸਟਰਾਂ ਦਾ ਖਾਤਮਾ ਕਰਨਗੇ। ਮਾਨ ਨੇ ਇੱਥੇ ਲੋਕ ਸਭਾ ਉਪ ਚੋਣਾਂ ਲਈ ਰੋਡ ਸ਼ੋਅ ਕੀਤਾ। ਭਗਵੰਤ ਮਾਨ ਨੇ ਸਵਾਲ ਪੁੱਛਿਆ ਕਿ ਕੀ ਗੈਂਗਸਟਰ ਮੈਂ ਲੈ ਕੇ ਆਇਆ ਹਾਂ? ਮੈਨੂੰ ਆਏ ਨੂੰ 3 ਮਹੀਨੇ ਹੀ ਹੋਏ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਕਾਬੂ ਕੀਤਾ ਜਾਵੇਗਾ। ਇਹ ਗੈਂਗਸਟਰ ਕਾਂਗਰਸ ਤੇ ਅਕਾਲੀਆਂ ਦੇ ਹਨ ਪਰ ਮੈਂ ਉਨ੍ਹਾਂ ਦਾ ਸਫਾਇਆ ਕਰਾਂਗਾ। ਮਾਨ ਨੇ ਇੱਥੇ ਉਪ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਦੀ ਜਿੱਤ ਦੀ ਅਪੀਲ ਕੀਤੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਸੂਤੀ ਘਿਰੀ ਹੋਈ ਹੈ। 'ਆਪ' ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਦੇ ਅਗਲੇ ਦਿਨ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕਰੀਬ ਢਾਈ ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਕਾਤਲ ਨੂੰ ਫੜ ਨਹੀਂ ਸਕੀ। ਨੌਜਵਾਨ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਾਰਾਜ਼ ਹਨ।
ਚਰਚਾ ਹੈ ਕਿ ਚੋਣਾਂ ਵਿੱਚ ਉਹ ‘ਆਪ’ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਮਾਨ ਦਾ ਸਮਰਥਨ ਕਰ ਰਹੇ ਹਨ। ਇਸ ਕਾਰਨ ਸੀਐਮ ਭਗਵੰਤ ਮਾਨ ਨੂੰ ਗੈਂਗਸਟਰ ਨੂੰ ਲੈ ਕੇ ਸਪੱਸ਼ਟੀਕਰਨ ਦੇਣਾ ਪਿਆ ਹੈ। ਇਹ ਲਗਾਤਾਰ ਦੂਜੇ ਦਿਨ ਸੰਗਰੂਰ ਵਿੱਚ ਉਨ੍ਹਾਂ ਦਾ ਰੋਡ ਸ਼ੋਅ ਹੈ। ਹੁਣ ਮਾਨ 23 ਜੂਨ ਨੂੰ ਵੋਟਾਂ ਪੈਣ ਤੱਕ ਸੰਗਰੂਰ ਵਿੱਚ ਹੀ ਰਹਿਣਗੇ।
ਮੁੱਖ ਮੰਤਰੀ ਮਾਨ ਸ਼ੁੱਕਰਵਾਰ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਵਿਧਾਨ ਸਭਾ ਹਲਕਾ ਦਿੜ੍ਹਬਾ ਅਤੇ ਸੁਨਾਮ ’ਚ ਆਏ ਸਨ ਅਤੇ ਉਨ੍ਹਾਂ ਨੇ ਦਿੜ੍ਹਬਾ, ਖਨੌਰੀ, ਲਹਿਰਾ, ਝਾਂਜਲੀ, ਜਖੇਪਾਲ, ਚੀਮਾ, ਲੌਗੋਂਵਾਲ ਅਤੇ ਸੁਨਾਮ ਵਿੱਚ ‘ਰੋਡ ਸ਼ੋਅ’ ਕਰਕੇ ਵੋਟਰਾਂ ਨੂੰ ਗੁਰਮੇਲ ਸਿੰਘ ਘਰਾਚੋਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।