Lawrence Bishnoi: NCP ਦੇ ਨੇਤਾ ਅਤੇ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ (Baba Siddique) ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਹੈ। ਇਸ ਜ਼ਿੰਮੇਵਾਰੀ ਤੋਂ ਬਾਅਦ ਦੇਸ਼ ਦੀ ਸਿਆਸਤ ਵਿੱਚ ਹਲਚਲ ਮਚ ਗਈ ਹੈ। ਵਿਰੋਧੀ ਧਿਰਾਂ ਭਾਰਤੀ ਜਨਤਾ ਪਾਰਟੀ ਨੂੰ ਇਸ ਮਾਮਲੇ ਵਿੱਚ ਕੋਸ ਰਹੀਆਂ ਹਨ।
ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਹਨ ਗੁਜਰਾਤ ਤੇ ਰਾਜਸਥਾਨ ਦੀ ਜੇਲ੍ਹ ਵਿੱਚ ਹਨ ਤੇ ਦੋਵੇਂ ਜੇਲ੍ਹਾਂ ਭਾਰਤੀ ਜਨਤਾ ਪਾਰਟੀ ਦੇ ਰਾਜ ਵਾਲੇ ਸੂਬਿਆਂ ਵਿੱਚ ਹਨ। ਇਹ ਦੋਵੇਂ ਦੇਸ਼ ਦੇ ਮਸ਼ਹੂਰ ਕਲਾਕਾਰਾਂ, ਕਾਰੋਬਾਰੀਆਂ, ਰਾਜਨੇਤਾਵਾਂ ਤੋਂ ਪੈਸੇ ਮੰਗਦੇ ਹਨ, ਜੇ ਕੋਈ ਉਨ੍ਹਾਂ ਨੂੰ ਪੈਸਾ ਨਹੀਂ ਦਿੰਦਾ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ।
ਇਸ ਗੱਲ ਦੀ ਜਾਂਚ ਦੇ ਹੁਕਮ ਦਿੱਤੇ ਜਾਣ ਕਿ ਭਾਜਪਾ ਦੇ ਕਿਹੜੇ ਆਗੂ ਨੂੰ ਫਿਰੌਤੀ ਦੇ ਪੈਸੇ ਮਿਲ ਰਹੇ ਹਨ ? ਇਨ੍ਹਾਂ ਗੈਂਗਸਟਰਾਂ ਨੂੰ ਕੌਣ ਬਚਾ ਰਿਹਾ ਹੈ ? ਤੇ ਦੇਸ਼ ਦਾ ਗ੍ਰਹਿ ਮੰਤਰੀ ਇਹ ਸਭ ਕਿਉਂ ਨਹੀਂ ਦੇਖ ਰਿਹਾ
ਮੰਨਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਬਾਬਾ ਸਿੱਦੀਕੀ ਦੇ ਕਤਲ ਰਾਹੀਂ ਬਾਲੀਵੁੱਡ ਅਤੇ ਬਿਲਡਰ ਲਾਬੀ ਵਿੱਚ ਆਪਣਾ ਪ੍ਰਭਾਵ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੂੰ ਧਮਕੀਆਂ ਦੇਣਾ ਤੇ ਫਿਰ ਸਲਮਾਨ ਦੇ ਘਰ 'ਤੇ ਗੋਲੀਬਾਰੀ ਕਰਨਾ ਵੀ ਇਸੇ ਕੋਸ਼ਿਸ਼ ਦਾ ਹਿੱਸਾ ਹੈ। ਉਸ ਦਾ ਕੰਮ ਕਰਨ ਦਾ ਅੰਦਾਜ਼ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਵਰਗਾ ਹੈ।
ਲਾਰੈਂਸ ਬਿਸ਼ਨੋਈ ਗੈਂਗ ਦਾ ਨੈੱਟਵਰਕ 12 ਰਾਜਾਂ ਵਿੱਚ ਫੈਲਿਆ ਹੋਇਆ ਹੈ। ਲਾਰੈਂਸ ਗੈਂਗ ਨੇ ਬਾਬਾ ਸਿੱਦੀਕੀ ਨੂੰ ਕਿਉਂ ਨਿਸ਼ਾਨਾ ਬਣਾਇਆ, ਕੀ ਇਹ ਅਸਲ ਵਿੱਚ ਸਲਮਾਨ ਨਾਲ ਉਸਦੀ ਦੋਸਤੀ ਹੈ ਜਾਂ ਇਹ ਡੀ ਕੰਪਨੀ ਵਾਂਗ ਮੁੰਬਈ ਨੂੰ ਆਪਣਾ ਗੜ੍ਹ ਬਣਾਉਣ ਦੀ ਕੋਸ਼ਿਸ਼ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹਨ।