ਚੰਡੀਗੜ੍ਹ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੂੰ ਵਾਧੂ ਮੈਨਪਾਵਰ ਮਿਲੇਗਾ ਕਿਉਂਕਿ ਉਹ ਸੂਬੇ ਵਿੱਚ ਰੇਂਜ ਪੱਧਰ 'ਤੇ ਆਪਣੀਆਂ ਯੂਨਿਟਾਂ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਏਜੀਟੀਐਫ ਦੇ ਮੁਖੀ ਪ੍ਰਮੋਦ ਬਾਨ ਨੇ ਕਿਹਾ ਕਿ ਸੂਬੇ ਵਿੱਚੋਂ ਗੈਂਗਸਟਰਾਂ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਬਣਾਈ ਗਈ ਏਜੀਟੀਐਫ ਨੂੰ 250 ਹੋਰ ਮੁਲਾਜ਼ਮ ਮਿਲਣਗੇ।
ਬਾਨ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, "ਅਸੀਂ ਹਰੇਕ ਰੇਂਜ ਪੱਧਰ 'ਤੇ ਆਪਣੀਆਂ ਇਕਾਈਆਂ ਸਥਾਪਤ ਕਰਾਂਗੇ ਜੋ ਕਾਰਜਸ਼ੀਲ ਇਕਾਈਆਂ ਹੋਣਗੀਆਂ।" ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ADGP) ਰੈਂਕ ਦੇ ਅਧਿਕਾਰੀ ਬਾਨ ਨੇ ਕਿਹਾ, "ਅਸੀਂ ਰਾਜ ਭਰ ਵਿੱਚ ਲੋਕਾਂ ਦੀ ਚੋਣ ਕਰਨ ਦੀ ਪ੍ਰਕਿਰਿਆ ਵਿੱਚ ਹਾਂ।"
ਰਾਜ ਨੂੰ ਅੱਠ ਰੇਂਜਾਂ ਵਿੱਚ ਵੰਡਿਆ ਗਿਆ ਹੈ, ਪਟਿਆਲਾ ਰੇਂਜ, ਬਠਿੰਡਾ ਰੇਂਜ, ਫਿਰੋਜ਼ਪੁਰ ਰੇਂਜ, ਲੁਧਿਆਣਾ ਰੇਂਜ, ਜਲੰਧਰ ਰੇਂਜ, ਬਾਰਡਰ ਰੇਂਜ, ਰੂਪਨਗਰ ਰੇਂਜ ਅਤੇ ਫਰੀਦਕੋਟ ਰੇਂਜ। ਇਨ੍ਹਾਂ ਰੇਂਜਾਂ ਦੀ ਅਗਵਾਈ ਇੰਸਪੈਕਟਰ ਜਨਰਲ ਰੈਂਕ ਦੇ ਅਧਿਕਾਰੀ ਕਰਦੇ ਹਨ। AGTF ਨੇ ਜ਼ਿਲ੍ਹਾ ਪੁਲਿਸ ਨਾਲ ਮਿਲ ਕੇ 20 ਜੁਲਾਈ ਨੂੰ ਅੰਮ੍ਰਿਤਸਰ 'ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਕ ਪਿੰਡ 'ਚ ਗੈਂਗਸਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਉਰਫ ਮੰਨੂ ਕੁੱਸਾ ਨੂੰ 5 ਘੰਟੇ ਤੱਕ ਚੱਲੇ ਆਪ੍ਰੇਸ਼ਨ 'ਚ ਢੇਰ ਕਰ ਦਿੱਤਾ ਸੀ।ਰੂਪਾ ਅਤੇ ਕੁੱਸਾ ਦੋਵੇਂ ਕਥਿਤ ਤੌਰ 'ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸਨ।
ਜਦੋਂ ਕਿ ਦੋ ਗੈਂਗਸਟਰ ਮਾਰੇ ਗਏ ਅਤੇ ਤਿੰਨ ਹੋਰਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ, ਸਿੱਧੂ ਮੂਸੇਵਾਲਾ ਕਤਲ ਕੇਸ ਦਾ ਛੇਵਾਂ ਸ਼ੂਟਰ ਦੀਪਕ ਮੁੰਡੀ ਅਜੇ ਫਰਾਰ ਹੈ। ਬਾਨ ਨੇ ਕਿਹਾ ਕਿ ਮੁੰਡੀ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ, “ਅਸੀਂ ਉਸਦੇ ਪਿੱਛੇ ਹਾਂ।”
29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੈਂਗਸਟਰਾਂ ਦੇ ਨੈੱਟਵਰਕ ਦਾ ਸਫਾਇਆ ਕਰਨ ਲਈ, ਅਪ੍ਰੈਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਇੱਕ ਸਮਰਪਿਤ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਸਥਾਪਨਾ ਕੀਤੀ ਗਈ ਸੀ।AGTF ਨੂੰ ਰਾਜ ਭਰ ਦੇ 361 ਪੁਲਿਸ ਥਾਣਿਆਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਸੇਵਾਵਾਂ ਤੋਂ ਇਲਾਵਾ ਮੁਹਾਲੀ, ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿੱਚ ਸਥਾਪਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOCs) ਦੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਅਧਿਕਾਰਤ ਕੀਤਾ ਗਿਆ ਸੀ।