ਅੰਮ੍ਰਿਤਸਰ: ਸੋਸ਼ਲ ਮੀਡੀਆ 'ਤੇ ਦੋਸਤੀ ਤੋਂ ਬਾਅਦ ਆਪਣੇ ਪ੍ਰੇਮੀ ਨੂੰ ਮਿਲਣ ਪਾਕਿਸਤਾਨ ਜਾ ਰਹੀ ਇਕ ਲੜਕੀ ਨੂੰ ਪੰਜਾਬ ਪੁਲਿਸ ਨੇ ਅਟਾਰੀ ਬਾਰਡਰ 'ਤੇ ਕਾਬੂ ਕੀਤਾ ਹੈ। 24 ਸਾਲਾ ਲੜਕੀ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਲੜਕੀ ਕੋਲ ਪਾਕਿਸਤਾਨ ਜਾਣ ਦਾ ਵੀਜ਼ਾ ਵੀ ਸੀ ਪਰ ਉਸ ਦੇ ਪਾਕਿਸਤਾਨ ਜਾਣ ਤੋਂ ਪਹਿਲਾਂ ਹੀ ਉਸ ਦੇ ਨਾਂ 'ਤੇ ਲੁੱਕ ਆਊਟ ਸਰਕੂਲਰ ਜਾਰੀ ਹੋ ਗਿਆ। ਕਸਟਮ ਵਿਭਾਗ ਅਤੇ ਬੀਐਸਐਫ ਅਧਿਕਾਰੀਆਂ ਨੇ ਅਟਾਰੀ ਬਾਰਡਰ 'ਤੇ ਲੜਕੀ ਨੂੰ ਕਾਬੂ ਕਰ ਲਇਆ ਗਿਆ ਅਤੇ ਪੁਲੀਸ ਹਵਾਲੇ ਕਰ ਦਿੱਤਾ। ਰੀਵਾ ਪੁਲਿਸ ਲੜਕੀ ਨੂੰ ਵਾਪਸ ਲੈਣ ਅੰਮ੍ਰਿਤਸਰ ਪਹੁੰਚ ਗਈ ਹੈ।


ਲੜਕੀ ਦੀ ਕਹਾਣੀ 14 ਜੂਨ ਤੋਂ ਸ਼ੁਰੂ ਹੁੰਦੀ ਹੈ, ਜਦੋਂ ਉਹ ਦਸਤਾਵੇਜ਼ ਅਤੇ ਪਾਸਪੋਰਟ ਲੈ ਕੇ ਘਰੋਂ ਭੱਜੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਰੀਵਾ ਕੋਤਵਾਲੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਲੜਕੀ ਦਾ ਪਾਸਪੋਰਟ ਵੀ ਗਾਇਬ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਤੁਰੰਤ ਪੁਲਿਸ ਰਾਹੀਂ ਲੜਕੀ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਕਰਵਾਇਆ, ਤਾਂ ਜੋ ਉਹ ਵਿਦੇਸ਼ ਭੱਜ ਨਾ ਸਕੇ।


ਪਾਕਿਸਤਾਨੀ ਨੌਜਵਾਨ ਦੇ ਪਿਆਰ 'ਚ ਫਸੀ ਫਿਜ਼ਾ
ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਮਾਮਲਾ ਪ੍ਰੇਮ ਸਬੰਧਾਂ ਦਾ ਹੈ। ਸੋਸ਼ਲ ਮੀਡੀਆ 'ਤੇ ਲੜਕੀ ਨੂੰ ਪਾਕਿਸਤਾਨੀ ਨੌਜਵਾਨ ਦਿਲਸ਼ਾਦ ਨਾਲ ਪਿਆਰ ਹੋ ਗਿਆ। ਦਿਲਸ਼ਾਦ ਦੇ ਕਹਿਣ 'ਤੇ ਲੜਕੀ ਨੇ ਪਾਸਪੋਰਟ ਵੀ ਬਣਵਾ ਲਿਆ। ਕਈ ਵਾਰ ਉਸ ਨੇ ਆਪਣੇ ਪਰਿਵਾਰ ਨੂੰ ਪਾਕਿਸਤਾਨ ਜਾਣ ਬਾਰੇ ਵੀ ਦੱਸਿਆ ਸੀ। ਇੰਨਾ ਹੀ ਨਹੀਂ ਦਿਲਸ਼ਾਦ ਦੇ ਨਾਲ-ਨਾਲ ਫਿਜ਼ਾ ਦਾ ਵੀ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਪਰ ਜਦੋਂ ਉਹ ਘਰੋਂ ਭੱਜ ਗਈ ਤਾਂ ਮਾਮਲਾ ਪਰਿਵਾਰ ਵਾਲਿਆਂ ਦੇ ਸਮਝ ਵਿਚ ਆਇਆ।


14 ਜੂਨ ਨੂੰ ਪਰਿਵਾਰ ਨੇ ਸ਼ਿਕਾਇਤ ਲਿਖਵਾਈ
ਪਰਿਵਾਰ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਲੜਕੀ ਵਿਦੇਸ਼ ਭੱਜ ਗਈ ਹੈ। ਘਰ 'ਚੋਂ ਲੜਕੀ ਦਾ ਪਾਸਪੋਰਟ ਨਾ ਮਿਲਣ 'ਤੇ ਪਰਿਵਾਰਕ ਮੈਂਬਰਾਂ ਨੇ ਉਸਦੇ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਕਰਵਾ ਦਿੱਤਾ। ਇਸ ਦੌਰਾਨ ਜਦੋਂ ਲ਼ੜਕੀ ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ 'ਤੇ ਪਹੁੰਚੀ ਤਾਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਫੜ ਲਿਆ। ਉਸ ਦੇ ਪਾਕਿਸਤਾਨ ਜਾਣ ਬਾਰੇ ਪੁਲਿਸ ਦੇ ਨਾਲ-ਨਾਲ ਉਸਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਗਿਆ।


ਸ਼ਨੀਵਾਰ ਸਵੇਰੇ ਰੀਵਾ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧੀਨ ਪੈਂਦੇ ਥਾਣਾ ਘਰਿੰਡਾ ਪਹੁੰਚੀ, ਜਿੱਥੇ ਲੜਕੀ ਨੂੰ ਰੀਵਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।ਲੜਕੀ ਨੂੰ ਰੀਵਾ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ। ਹੁਣ ਉਹ ਉਸ ਦਾ ਟਰਾਂਜ਼ਿਟ ਰਿਮਾਂਡ ਲੈਣ ਲਈ ਐੱਸ.ਡੀ.ਐੱਮ.-2 ਕੋਲ ਜਾਣਗੇ। ਜਿੱਥੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਹ ਲੜਕੀ ਨਾਲ ਰੀਵਾ ਲਈ ਰਵਾਨਾ ਹੋਣਗੇ। ਲੜਕੀ ਰੀਵਾ ਦੇ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਹੈ। ਉਸ ਨੇ 2 ਮਹੀਨੇ ਪਹਿਲਾਂ ਆਪਣਾ ਪਾਸਪੋਰਟ ਬਣਵਾਇਆ ਸੀ। ਇਸ ਤੋਂ ਬਾਅਦ ਉਸ ਨੇ ਪਾਕਿਸਤਾਨ ਦਾ ਵੀਜ਼ਾ ਵੀ ਲੈ ਲਿਆ।