ਚੰਡੀਗੜ੍ਹ: ਹੁਣ ਤਕ ਕੁੜੀਆਂ ਤੇ ਔਰਤਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਸੀ, ਪਰ ਹੁਣ ਹੈਲਮਟ ਪਾਉਣੇ ਲਾਜ਼ਮੀ ਹੋ ਸਕਦੇ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਇਹ ਮਾਮਲਾ ਪੁੱਜਾ ਹੈ। ਅੱਜ ਮਾਮਲੇ 'ਤੇ ਅਦਾਲਤ 'ਚ ਸੁਣਵਾਈ ਸੀ ਤੇ ਹੁਣ ਅੱਗੇ ਇਸ ਮਾਮਲੇ 'ਤੇ ਹਾਈਕੋਰਟ ਨੇ 'ਅਮਿਕਸ ਕਿਊਰੀ' ਤੋਂ ਰਾਇ ਮੰਗੀ ਹੈ।

ਦਰਅਸਲ ਬੀਤੇ ਦਿਨ ਚੰਡੀਗੜ੍ਹ ਦੇ ਅਰੋਮਾ ਹੋਟਲ ਕੋਲ ਇੱਕ ਕਾਫੀ ਭਿਆਨਕ ਹਾਦਸਾ ਵਾਪਰਿਆ ਸੀ। ਜਿਸ ਵਿੱਚ ਕੁੜੀ ਦੇ ਸਿਰ 'ਤੇ ਹੈਲਮਟ ਨਾ ਹੋਣ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸੇ ਮਸਲੇ ਦੀ ਸੀ.ਸੀ.ਟੀ.ਵੀ. ਫੁਟੇਜ ਨੂੰ ਆਧਾਰ ਬਣਾ ਕੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਹੈ।

ਦੱਸਣਯੋਗ ਹੈ ਕਿ ਮਰਦਾਂ ਨੂੰ ਹੈਲਮਟ ਪਾਉਣੇ ਕਾਫੀ ਸਮੇਂ ਤੋਂ ਲਾਜ਼ਮੀ ਹਨ ਪਰ ਅਜੇ ਵੀ ਜਿੱਥੇ ਪੁਲੀਸ ਦੀ ਸਖ਼ਤੀ ਨਹੀਂ ਹੁੰਦੀ ਉੱਥੇ ਲੋਕ ਹੈਲਮਟ ਨਹੀਂ ਪਾਉਂਦੇ। ਔਰਤਾਂ ਲਈ ਹੈਲਮਟ ਪਾਉਣ ਦੀ ਮੰਗ ਪਹਿਲਾਂ ਤੋਂ ਉੱਠਦੀ ਰਹੀ ਹੈ ਪਰ ਅਜੇ ਤੱਕ ਉਨ੍ਹਾਂ ਲਈ ਇਹ ਲਾਜ਼ਮੀ ਨਹੀਂ ਹੋਇਆ। ਹੁਣ ਹੋ ਸਕਦਾ ਹੈ ਕਿ ਹਾਈਕੋਰਟ ਇਸ ਮਾਮਲੇ ਤੇ ਕੋਈ ਵੱਡਾ ਫੈਸਲਾ ਲਵੇ ਤੇ ਕੁੜੀਆਂ ਨੂੰ ਵੀ ਹੈਲਮੇਟ ਪਾਉਣੇ ਪੈ ਸਕਦੇ ਹਨ।