ਚੰਡੀਗੜ੍ਹ: ਪੰਜਾਬ ਸਰਕਾਰ ਵਿੱਤੀ ਸਾਲ ਲਈ ਬਜਟ ਤਿਆਰ ਕਰਨ ਲਈ ਜਨਤਾ ਤੋਂ ਸੁਝਾਅ ਮੰਗ ਰਹੀ ਹੈ। ਹੁਣ ਸਰਕਾਰ ਨੇ ਸੂਬੇ ਦੇ ਕਾਰੋਬਾਰੀਆਂ ਤੋਂ ਸੁਝਾਅ ਮੰਗੇ ਹਨ। ਇਸ ਸੁਝਾਵਾਂ ਮੁਤਾਬਕ ਪੰਜਾਬ ਸਰਕਾਰ ਬਜਟ ਵਿੱਚ ਕਾਰੋਬਾਰੀਆਂ ਲਈ ਐਲਾਨ ਕਰੇਗੀ। ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਇਸ ਲਈ ਪੋਰਟਲ ਜਾਰੀ ਕੀਤਾ ਹੈ ਜਿਸ ਉੱਪਰ ਕੋਈ ਵੀ ਸੁਝਾਅ ਦੇ ਸਕਦੇ ਹੈ।


 


ਸਰਕਾਰ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਪੁੱਛਿਆ ਹੈ ਕਿ ਜੇਕਰ ਤੁਹਾਡਾ ਪੰਜਾਬ 'ਚ ਕਾਰੋਬਾਰ ਹੈ ਤਾਂ ਸਾਨੂੰ ਦੱਸੋ ਕਿ ਤੁਹਾਡੇ ਲਈ ਪੰਜਾਬ ਵਿੱਚ ਕਾਰੋਬਾਰ ਨੂੰ ਆਸਾਨ ਬਣਾਉਣ ਲਈ ਪੰਜਾਬ ਸਰਕਾਰ ਕੀ ਕਰ ਸਕਦੀ ਹੈ? ਸਰਕਾਰ ਨੇ ਇਸ਼ਤਿਹਾਰ ਵਿੱਚ ਕਿਹਾ ਹੈ ਕਿ ਭਾਵੇਂ ਤੁਸੀਂ ਛੋਟੇ ਦੁਕਾਨਦਾਰ ਹੋ ਜਾਂ ਕੋਈ ਵੱਡੇ ਉਦਯੋਗਪਤੀ, ਤੁਹਾਡੇ ਸੁਝਾਅ ਸਾਡੇ ਲਈ ਕੀਮਤੀ ਹਨ।


 




ਦੱਸ ਦਈਏ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚਲੰਤ ਮਾਲੀ ਸਾਲ ਦੇ ਬਜਟ ਸਬੰਧੀ ਲੋਕਾਂ ਦੇ ਸੁਝਾਅ ਲੈਣ ਖਾਤਰ ‘ਜਨਤਾ ਬਜਟ’ ਨਾਮੀ ਵੈੱਬ ਪੋਰਟਲ ਜਾਰੀ ਕੀਤਾ ਹੈ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਉਹ ਇਸ ਰਾਹੀਂ ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾਣ ਵਾਲੇ ਬਜਟ ਸਬੰਧੀ ਲੋਕਾਂ ਦੇ ਵਿਚਾਰ ਜਾਨਣਾ ਚਾਹੁੰਦੇ ਹਨ ਤਾਂ ਲੋਕਾਂ ਨੂੰ ਅਹਿਸਾਸ ਹੋਵੇ ਕਿ ਲੋਕਾਂ ਦੀ ਆਪਣੀ ਸਰਕਾਰ ਜਨਤਕ ਤੌਰ ’ਤੇ ਸੁਝਾਅ ਲੈ ਕੇ ਹੀ ਫ਼ੈਸਲੇ ਲੈਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਕਾਰੋਬਾਰੀਆਂ, ਵਪਾਰੀਆਂ, ਕਿਸਾਨਾਂ ਤੇ ਹੋਰ ਵਰਗਾਂ ਦੇ ਲੋਕਾਂ ਦੇ ਵਿਚਾਰ ਲੈਣ ਲਈ ਪਹਿਲਦਮੀ ਕੀਤੀ ਗਈ ਹੈ। 


ਚੀਮਾ ਨੇ ਦੱਸਿਆ ਕਿ ਇਸ ਪੋਰਟਲ ਵਿੱਚ 6 ਪੁਆਇੰਟ ਬਣਾਏ ਗਏ ਹਨ। ਇਨ੍ਹਾਂ ਵਿੱਚ ਕਾਰੋਬਾਰੀ ਭਾਈਚਾਰੇ ਨੂੰ ਕਾਰੋਬਾਰ ਵਧਾਉਣ ਵਿੱਚ ਸਹਿਯੋਗ ਦੇਣਾ, ਪੰਜਾਬ ਵਿੱਚ ਘਰੇਲੂ ਤੇ ਵਿਦੇਸ਼ੀ ਨਿਵੇਸ਼ ਲਿਆਉਣਾ, ਕਿਸਾਨਾਂ ਦੀ ਸ਼ੁੱਧ ਆਮਦਨ ਵਿੱਚ ਵਾਧਾ ਕਰਨਾ, ਪੰਜਾਬ ਵਿੱਚ ਨਵੀਂ ਨੌਕਰੀਆਂ ਪੈਦਾ ਕਰਨਾ, ਸਿਹਤ ਸੰਭਾਲ ਅਤੇ ਸਿੱਖਿਆ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣਾ, ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣਾ ਆਦਿ ਸਬੰਧੀ ਸੁਝਾਅ ਮੰਗੇ ਗਏ ਹਨ। 


ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਲੋਕ 10 ਮਈ ਤੱਕ ਵੈੱਬਸਾਈਟ ’ਤੇ ਆਪਣੇ ਸੁਝਾਅ ਦੇ ਸਕਦੇ ਹਨ। ਇਸ ਤੋਂ ਇਲਾਵਾ ਉਹ ਵਿੱਤ ਵਿਭਾਗ ਦੇ ਪਤੇ ’ਤੇ ਲਿਖਤੀ ਤੌਰ ’ਤੇ ਵੀ ਆਪਣੇ ਸੁਝਾਅ ਭੇਜ ਸਕਦੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ 15 ਵੱਡੇ ਸ਼ਹਿਰਾਂ ਵਿੱਚ ਵਿੱਤ ਵਿਭਾਗ ਦੀ ਟੀਮ ਲੋਕਾਂ ਵਿੱਚ ਜਾ ਕੇ ਵਪਾਰੀਆਂ, ਡਾਕਟਰਾਂ ਤੇ ਕਿਸਾਨਾਂ ਦੇ ਸੁਝਾਅ ਲਵੇਗੀ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਦਾ ਇਹ ਪਹਿਲਾ ਬਜਟ ਹੋਵੇਗਾ ਜਦਕਿ ਬਜਟ ਸੈਸ਼ਨ ਜੂਨ ਮਹੀਨੇ ਵਿੱਚ ਸੱਦਿਆ ਜਾ ਰਿਹਾ ਹੈ।