ਸ਼ੰਕਰ ਦਾਸ ਦੀ ਰਿਪੋਰਟ



Tarn Taran News : ਬੀਤੇ ਦਿਨੀਂ ਤਰਨ ਤਾਰਨ ਦੀ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ 'ਚ ਗੈਂਗਵਾਰ ਦੌਰਾਨ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਜੇਲ੍ਹ ਪ੍ਰਸਾਸ਼ਨ 'ਤੇ ਲਗਾਤਾਰ ਸਵਾਲ ਉੱਠ ਰਹੇ ਸਨ ਪਰ ਹੁਣ ਇਸ ਮਾਮਲੇ ਵਿੱਚ ਡਿਪਟੀ ਜੇਲ੍ਹ ਸੁਪਰਡੈਂਟ 'ਤੇ ਗਜ ਡਿੱਗੀ ਹੈ। ਡਿਪਟੀ ਜੇਲ੍ਹ ਸੁਪਰਡੈਂਟ ਹਰੀਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਬਾਰੇ ਵੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ।

ਦਰਅਸਲ 'ਚ ਐਤਵਾਰ ਦੁਪਹਿਰ ਨੂੰ ਤਰਨ ਤਾਰਨ ਦੀ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ 'ਚ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਗੈਂਗ ਵਿਚਾਲੇ ਗੈਂਗ ਵਾਰ ਹੋਈ ਸੀ। ਇਸ ਗੈਂਗ ਵਾਰ ਵਿੱਚ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਨਾਮਜ਼ਦ ਗੈਂਗਸਟਰ ਮਨਦੀਪ ਤੂਫਾਨ ਤੇ ਮਨਮੋਹਨ ਮੋਹਨਾ ਦੀ ਮੌਤ ਹੋ ਗਈ ਸੀ ਤੇ 11 ਗੈਂਗਸਟਰ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਵਾਲ ਚੁੱਕ ਰਹੀਆਂ ਸਨ।


 

ਇਸ ਦੇ ਨਾਲ ਹੀ ਗ੍ਰਹਿ ਵਿਭਾਗ ਨੇ ਐਤਵਾਰ ਨੂੰ ਦੋ ਗੈਂਗਸਟਰਾਂ ਦੀ ਮੌਤ ਦੀ ਰਿਪੋਰਟ ਤਲਬ ਕਰ ਲਈ ਹੈ। ਸੀਐਮ ਭਗਵੰਤ ਮਾਨ ਕੋਲ ਹੀ ਗ੍ਰਹਿ ਵਿਭਾਗ ਹੈ। ਅਜਿਹੇ 'ਚ ਉਨ੍ਹਾਂ ਨੂੰ ਇਸ ਨਾਲ ਜੁੜੀ ਸਾਰੀ ਜਾਣਕਾਰੀ ਅਪਡੇਟ ਕੀਤੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਦੀਪਕ ਟੀਨੂੰ ਵੀ ਇਸ ਜੇਲ੍ਹ ਵਿੱਚ ਬੰਦ ਸੀ। ਜਨਵਰੀ 'ਚ ਉਸ ਨੇ ਆਪਣੇ ਸਾਥੀਆਂ ਸਮੇਤ ਤਿੰਨ ਕੈਦੀਆਂ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਸੀ। ਹਮਲੇ ਵਿੱਚ ਜ਼ਖ਼ਮੀ ਹੋਏ ਤਿੰਨੋਂ ਵਿਅਕਤੀਆਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

 

ਇਹ ਵੀ ਪੜ੍ਹੋ : ਨੂੰਹ ਹੀ ਨਿਕਲੀ ਸੱਸ ਦੀ ਕਾਤਲ, ਚਾਕੂ ਮਾਰ-ਮਾਰ ਬੇਰਹਿਮੀ ਨਾਲ ਕੀਤਾ ਕਤਲ, ਹੱਤਿਆ ਮਗਰੋਂ ਬਿਜਲੀ ਦਾ ਕਰੰਟ ਵੀ ਲਾਇਆ

ਦੱਸ ਦੇਈਏ ਕਿ ਇਸ ਜੇਲ੍ਹ ਵਿੱਚ ਗੈਂਗਸਟਰਾਂ ਦੇ ਆਪਸ ਵਿੱਚ ਭਿੜਨ ਦੀਆਂ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਅਕਤੂਬਰ 2022 ਵਿੱਚ ਐਸਟੀਐਫ ਨੇ ਇੱਕ ਸੀਨੀਅਰ ਜੇਲ੍ਹ ਅਧਿਕਾਰੀ ਦੀ ਮਿਲੀਭੁਗਤ ਨਾਲ ਜੇਲ੍ਹ ਦੇ ਅੰਦਰੋਂ ਕੰਮ ਕਰ ਰਹੇ ਗੈਂਗਸਟਰਾਂ ਦੇ ਇੱਕ ਗਠਜੋੜ ਦਾ ਪਰਦਾਫਾਸ਼ ਕੀਤਾ ਸੀ। ਐਸਟੀਐਫ ਨੇ ਕਿਹਾ ਸੀ ਕਿ ਗਿਰੋਹ ਦੇ ਮੈਂਬਰ ਜੇਲ੍ਹ ਤੋਂ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਕੰਮ ਕਰ ਰਹੇ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਜੇਲ੍ਹਾਂ ਵਿੱਚ ਹਾਲਾਤ ਸੁਧਾਰਨ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹਨ।