Punjab News: ਪੰਜਾਬ ਦੇ ਵਿੱਤ, ਯੋਜਨਾ, ਪ੍ਰੋਗਰਾਮ ਲਾਗੂ ਕਰਨ ਅਤੇ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਵਿਖੇ ਬਹੁ ਮੰਤਵੀ ਇੰਨਡੋਰ ਖੇਡ ਸਟੇਡੀਅਮ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਵੱਡੇ ਪੱਧਰ ਤੇ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ ਅਤੇ ਇਸ ਦਿਸ਼ਾ 'ਚ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਹੋਣਹਾਰ ਖਿਡਾਰੀਆਂ ਦਾ ਨਾਮ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਹੋਰ ਵੀ ਚਮਕਾਉਣ ਲਈ ਚਮਕਾਉਣ ਲਈ ਅੱਜ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ ਮੰਤਵੀ ਇੰਨਡੋਰ ਖੇਡ ਸਟੇਡੀਅਮ ਦਾ ਨੀਹ ਪੱਥਰ ਰੱਖ ਦਿੱਤਾ ਗਿਆ ਹੈ।
ਹੋਰ ਪੜ੍ਹੋ : ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ! ਕੀ ਬਦਲ ਜਾਏਗਾ DA/DR ਕੁਲੈਕਸ਼ਨ ਫਾਰਮੂਲਾ?
ਸ਼ਹੀਦ ਬਚਨ ਸਿੰਘ ਯਾਦਗਾਰੀ ਖੇਡ ਸਟੇਡੀਅਮ ਵਿਖੇ ਹੀ ਬਣਾਏ ਜਾਣ ਵਾਲੇ ਇਸ ਬਹੁਮੰਤਵੀ ਇੰਡੋਰ ਖੇਡ ਸਟੇਡੀਅਮ ਦਾ ਨੀਹ ਪੱਥਰ ਉਹਨਾਂ ਨੇ ਮਹਾਨ ਮੁੱਕੇਬਾਜ ਪਦਮਸ਼੍ਰੀ ਕੌਰ ਸਿੰਘ ਦੀ ਧਰਮ ਪਤਨੀ ਰਣਜੀਤ ਕੌਰ ਅਤੇ ਕਬੱਡੀ ਖਿਡਾਰੀ ਸਵਰਗਵਾਸੀ ਗੁਰਮੇਲ ਸਿੰਘ ਦੀ ਧਰਮ ਪਤਨੀ ਪਰਮਜੀਤ ਕੌਰ ਦੀ ਮੌਜੂਦਗੀ ਵਿੱਚ ਰੱਖਿਆ।
ਖੇਡ ਪ੍ਰੇਮੀਆਂ ਲਈ ਚੰਗੀ ਖਬਰ
ਉਹਨਾਂ ਕਿਹਾ ਕਿ ਖੇਡ ਪ੍ਰੇਮੀਆਂ ਦੀ ਚਿਰਾਂ ਤੋਂ ਲਟਕ ਰਹੀ ਮੰਗ ਛੇਤੀ ਹੀ ਪੂਰੀ ਹੋਣ ਜਾ ਰਹੀ ਹੈ ਅਤੇ ਸਾਡੇ ਹੋਣਹਾਰ ਖਿਡਾਰੀ ਕਬੱਡੀ ਅਤੇ ਮੁੱਕੇਬਾਜ਼ੀ ਦੇ ਨਾਲ ਨਾਲ ਵਾਲੀਬਾਲ, ਬਾਸਕਟਬਾਲ, ਬੈਡਮਿੰਟਨ, ਟੇਬਲ ਟੈਨਿਸ, ਜੂਡੋ, ਜਿਮਨਾਸਟਿਕ, ਰੈਸਲਿੰਗ ਸਮੇਤ 11 ਵੱਖ-ਵੱਖ ਖੇਡਾਂ ਵਿੱਚ ਆਪਣੇ ਖੇਡ ਹੁਨਰ ਨੂੰ ਤਰਾਸ਼ ਕੇ ਭਵਿੱਖ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਦਿੜ੍ਹਬਾ ਦਾ ਨਾਮ ਰੋਸ਼ਨ ਕਰਨਗੇ।
ਖੇਡ ਜਗਤ ਦੇ ਇਨ੍ਹਾਂ ਦੋ ਮਹਾਨ ਖਿਡਾਰੀਆਂ ਦੀ ਯਾਦ ਵਿੱਚ ਬਣਿਆ ਜਾ ਰਿਹਾ ਸਟੇਡੀਅਮ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਵ. ਕੌਰ ਸਿੰਘ ਅਤੇ ਸਵ. ਗੁਰਮੇਲ ਸਿੰਘ ਨੇ ਗਰੀਬ ਪਰਿਵਾਰਾਂ ਵਿੱਚ ਜਨਮ ਲੈਣ ਦੇ ਬਾਵਜੂਦ ਆਪਣੀ ਹਿੰਮਤ ਸਦਕਾ ਖੇਡਾਂ ਦੇ ਖੇਤਰ ਵਿੱਚ ਜਿਹੜੀਆਂ ਬੁਲੰਦੀਆਂ ਨੂੰ ਹਾਸਲ ਕੀਤਾ, ਉਹ ਬੇਮਿਸਾਲ ਹਨ ਅਤੇ ਇਹਨਾਂ ਦੋਵਾਂ ਹੀ ਖੇਡ ਜਗਤ ਦੇ ਹੀਰਿਆਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਦਿੜ੍ਹਬਾ ਵਿੱਚ ਇਹ ਇੰਨਡੋਰ ਖੇਡ ਸਟੇਡੀਅਮ ਬਣਵਾਇਆ ਜਾ ਰਿਹਾ ਹੈ।
ਇੰਨਡੋਰ ਖੇਡ ਸਟੇਡੀਅਮ ਖਿਡਾਰੀਆਂ ਲਈ ਇੱਕ ਵਰਦਾਨ
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਕਿਹਾ ਕਿ ਇਹ ਇੰਨਡੋਰ ਖੇਡ ਸਟੇਡੀਅਮ ਖਿਡਾਰੀਆਂ ਲਈ ਇੱਕ ਵਰਦਾਨ ਸਾਬਿਤ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਦਿੜਬਾ ਵਿਕਾਸ ਪੱਖੋਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਹਨਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਸਥਾਪਿਤ ਕਰਨ ਵਾਲੀਆਂ ਸ਼ਖਸੀਅਤਾਂ ਦੀ ਯਾਦ ਨੂੰ ਅਮਰ ਕਰਨ ਲਈ ਕੀਤਾ ਗਿਆ ਇਹ ਉਪਰਾਲਾ ਸ਼ਲਾਘਾ ਯੋਗ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਡੀਐਮ ਰਾਜੇਸ਼ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਕੈਬਨਿਟ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ, ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਅਜੇ ਗਰਗ ਸਮੇਤ ਹੋਰ ਸ਼ਖਸ਼ੀਅਤਾਂ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।