ਚੰਡੀਗੜ੍ਹ, 11 ਨਵੰਬਰ: ਪੰਜਾਬ ਸਰਕਾਰ ਵਲੋਂ ਗੰਨੇ ਦੇ ਵਧੇ ਹੋਏ ਰੇਟ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।ਅੱਜ ਇੱਥੋ ਜਾਰੀ ਬਿਆਨ ਵਿਚ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿੜ੍ਹਾਈ ਸਾਲ 2022-23 ਦੌਰਾਨ ਫੇਅਰ ਐਂਡ ਡੈਮੋਨਿਊਰੇਟਿਵ ਪ੍ਰਾਈਸ (ਐਫ.ਆਰ.ਪੀ) ਅਤੇ ਸਟੇਟ ਐਗਰੀਡ ਪ੍ਰਾਈਸ (ਐਸ.ਏ.ਪੀ) ਦੇ ਮੁੱਲ ਦਾ ਅੰਤਰ ਪੰਜਾਬ ਸਰਕਾਰ ਅਤੇ ਪ੍ਰਾਈਵੇਟ ਖੰਡ ਮਿੱਲਾਂ 2:1 ਅਨੁਸਾਰ ਵਿੱਚ  ਨਿਸ਼ਚਿਤ ਹਨ।


ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਗੰਨੇ ਦੀਆਂ ਸਾਰੀਆਂ ਕਿਸਮਾ ਦਾ ਭਾਅ 305 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਸੀ।ਜਿਸ ਵਿਚ ਵਾਧਾ ਕਰਦਿਆਂ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਅਗਤੀ ਕਿਸਮ ਦੇ ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ, ਦਰਮਿਆਨੀ ਕਿਸਮ ਦਾ 370 ਅਤੇ ਪਛੇਤੀ ਕਿਸਮ ਦਾ 365 ਰੁਪਏ ਨਿਰਧਾਰਤ ਕੀਤਾ ਹੈ।


ਖੇਤੀਬਾੜੀ ਮੰਤਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਸਰਕਾਰ ਦਾ ਬਣਦਾ 50 ਰੁਪਏ ਪ੍ਰਤੀ ਕੁਇੰਟਲ ਹਿੱਸਾ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ਤੇ ਜਮ੍ਹਾਂ ਕਰਵਾਇਆ ਜਾਵੇਗਾ ਅਤੇ ਸਾਰੀਆਂ ਖੰਡ ਮਿੱਲਾਂ 20 ਨਵੰਬਰ 2022 ਤੋਂ ਗੰਨੇ ਦੀ ਪਿੜ੍ਹਾਈ ਸ਼ੁਰੂ ਕਰ ਦੇਣਗੀਆਂ।


ਮਾਨ ਸਰਕਾਰ ਨੇ ਲੰਪੀ ਸਕਿਨ ਬੀਮਾਰੀ ਦੇ ਟਾਕਰੇ ਲਈ ਉਲੀਕੀ ਯੋਜਨਾ


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲੰਪੀ ਸਕਿਨ ਬੀਮਾਰੀ ਦੀ ਕਿਸੇ ਹੋਰ ਸੰਭਾਵੀ ਲਹਿਰ ਤੋਂ ਪਸ਼ੂਆਂ ਦੇ ਅਗਾਊਂ ਬਚਾਅ ਲਈ ਕਾਰਵਾਈ ਯੋਜਨਾ ਤਿਆਰ ਕੀਤੀ ਹੈ। ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਸਬੰਧੀ ਸਥਿਤੀ ’ਤੇ ਨਜ਼ਰ ਰੱਖ ਰਹੇ ਮੰਤਰੀ ਸਮੂਹ ਵੱਲੋਂ ਅੱਜ ਫ਼ੈਸਲਾ ਲਿਆ ਗਿਆ ਕਿ ਪਸ਼ੂਆਂ ਦੇ ਇਸ ਬੀਮਾਰੀ ਤੋਂ ਬਚਾਅ ਲਈ 15 ਫ਼ਰਵਰੀ, 2023 ਤੋਂ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਵੇਗੀ।


ਪੰਜਾਬ ਭਵਨ ਵਿਖੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਮੀਖਿਆ ਮੀਟਿੰਗ ਦੌਰਾਨ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਕਰੀਬ 25 ਲੱਖ ਗਾਵਾਂ ਹਨ, ਇਸ ਲਈ ਗਾਵਾਂ ਦੀ 100 ਫ਼ੀਸਦੀ ਆਬਾਦੀ ਨੂੰ ਕਵਰ ਕਰਨ ਲਈ ਟੀਕਾਕਰਨ ਮੁਹਿੰਮ 15 ਫ਼ਰਵਰੀ 2023 ਤੋਂ ਸ਼ੁਰੂ ਕਰਕੇ 30 ਅ੍ਰਪੈਲ 2023 ਤੱਕ ਮੁਕੰਮਲ ਕੀਤੀ ਜਾਵੇ ਅਤੇ ਇਸ ਨੂੰ ਸਮਾਂਬੱਧ ਤਰੀਕੇ ਨਾਲ ਖ਼ਤਮ ਕਰਨ ਲਈ ਵਿਉਂਤਬੰਦੀ ਉਲੀਕੀ ਜਾਵੇ