Punjab News: ਪੰਜਾਬ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ 'ਆਪ' ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਜਾ ਰਹੀ ਹੈ। ਇਸ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਯੋਜਨਾ 4 ਪੜਾਵਾਂ ਵਿੱਚ ਪੂਰੀ ਕੀਤੀ ਜਾਣੀ ਹੈ, ਜਿਸ ਵਿੱਚ ਲਗਭਗ 80 ਲੱਖ ਔਰਤਾਂ ਨੂੰ ਲਾਭ ਮਿਲੇਗਾ। ਇਸ ਦੇ ਲਈ ਸਰਕਾਰ ਨੇ ਵਿੱਤ ਵਿਭਾਗ ਨੂੰ ਫਾਈਲ ਵੀ ਭੇਜ ਦਿੱਤੀ ਹੈ।


ਔਰਤਾਂ ਦੀਆਂ ਲੋੜਾਂ ਅਨੁਸਾਰ ਇਸ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾਵੇਗਾ। ਸਭ ਤੋਂ ਪਹਿਲਾਂ, ਇਕੱਲੀਆਂ ਔਰਤਾਂ ਨੂੰ ਇਹ ਲਾਭ ਮਿਲਣ ਦੀ ਉਮੀਦ ਹੈ। ਇਨ੍ਹਾਂ ਵਿੱਚ ਵਿਧਵਾਵਾਂ ਜਾਂ ਤਲਾਕਸ਼ੁਦਾ ਔਰਤਾਂ ਆਦਿ ਸ਼ਾਮਲ ਹੋਣਗੀਆਂ। ਇਸ ਤੋਂ ਬਾਅਦ ਹੌਲੀ-ਹੌਲੀ ਇਸ ਯੋਜਨਾ ਦਾ ਲਾਭ ਹੋਰ ਔਰਤਾਂ ਤੱਕ ਪਹੁੰਚਾਇਆ ਜਾਵੇਗਾ।


ਇਸ ਪਹਿਲੇ ਪੜਾਅ ਵਿੱਚ 1.50 ਲੱਖ ਔਰਤਾਂ ਨੂੰ ਲਾਭ ਦਿੱਤਾ ਜਾਵੇਗਾ ਜਿਸ ਕਾਰਨ ਪੰਜਾਬ ਦਾ ਸਿੱਧਾ ਖਰਚ 15 ਕਰੋੜ ਰੁਪਏ ਪ੍ਰਤੀ ਮਹੀਨਾ ਵਧੇਗਾ। ਇਸ ਦੇ ਨਾਲ ਹੀ ਜੇ ਪੰਜਾਬ ਵਿੱਚ ਮਹਿਲਾ ਵੋਟਰਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ 1.02 ਕਰੋੜ ਮਹਿਲਾ ਵੋਟਰ ਹਨ, ਪਰ ਇਸ ਦਾ ਸਿੱਧਾ ਲਾਭ ਲਗਭਗ 80 ਲੱਖ ਔਰਤਾਂ ਨੂੰ ਹੋਣ ਵਾਲਾ ਹੈ।


ਦੂਜੇ ਪੜਾਅ ਵਿੱਚ ਉਨ੍ਹਾਂ ਔਰਤਾਂ ਨੂੰ ਲਾਭ ਦਿੱਤਾ ਜਾਵੇਗਾ ਜਿਨ੍ਹਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। ਇਨ੍ਹਾਂ ਵਿੱਚ ਗ੍ਰਹਿਣੀਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਉਹ ਵਿਦਿਆਰਥੀ ਸ਼ਾਮਲ ਹੋਣਗੇ ਜੋ ਪੜ੍ਹ ਰਹੇ ਹਨ। ਇਸ ਦੇ ਨਾਲ ਹੀ, ਤੀਜੇ ਪੜਾਅ ਵਿੱਚ, ਘੱਟ ਆਮਦਨੀ ਵਾਲੀਆਂ ਔਰਤਾਂ ਜਾਂ ਬੀਪੀਐਲ ਕਾਰਡ ਰੱਖਣ ਵਾਲੀਆਂ ਔਰਤਾਂ ਨੂੰ ਲਾਭ ਦੇਣ ਦਾ ਵਿਚਾਰ ਹੈ। ਚੌਥੇ ਪੜਾਅ ਵਿੱਚ ਹਰ ਔਰਤ ਨੂੰ ਇਸ ਯੋਜਨਾ ਨਾਲ ਜੋੜਿਆ ਜਾਵੇਗਾ। ਇੱਕ ਵਾਰ ਇਸ ਸਕੀਮ ਦੇ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਖਰਚੇ ਵਿੱਚ ਪ੍ਰਤੀ ਮਹੀਨਾ ਲਗਭਗ 900 ਕਰੋੜ ਰੁਪਏ ਦਾ ਵਾਧਾ ਹੋਵੇਗਾ।


ਇਸ ਸਕੀਮ ਦੀ ਰੂਪ-ਰੇਖਾ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ। ਜਿਸ ਦੀ ਰੂਪ-ਰੇਖਾ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਜਲਦੀ ਹੀ ਹਰ ਪਹਿਲੂ ਦੀ ਘੋਖ ਕਰਕੇ ਇਹ ਫਾਈਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਜਾਵੇਗੀ। ਉਨ੍ਹਾਂ ਦੇ ਦਸਤਖਤ ਨਾਲ ਇਹ ਸਕੀਮ ਪੰਜਾਬ ਵਿੱਚ ਲਾਗੂ ਕੀਤੀ ਜਾਵੇਗੀ।