Punjab Politics: ਪੰਜਾਬ ਦੀਆਂ ਚੋਣਾਂ ਲਈ ਪਾਰਟੀਆਂ ਦੇ ਉਮੀਦਵਾਰ ਮੈਦਾਨ ਵਿੱਚ ਹਨ ਤੇ ਇਸ ਮੌਕੇ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨ ਤੇ ਮੁਖ਼ਾਲਫ਼ਤ ਕਰਨ ਤੋਂ ਇਲਾਵਾ ਇੱਕ ਸਿਆਸੀ ਜੰਗ ਸੋਸ਼ਲ ਮੀਡੀਆ ਉੱਤੇ ਵੀ ਚੱਲ ਰਹੀ ਹੈ ਜਿਸ ਵਿੱਚ ਹਰ ਪਾਰਟੀ ਬਾਖ਼ੂਬੀ ਆਪਣਾ ਰੋਲ ਨਿਭਾ ਰਹੀ ਹੈ। ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਇੱਕ ਵੀਡੀਓ ਸਾਂਝੀ ਕਰਕੇ ਚੋਣ ਕਮਿਸ਼ਨ ਤੋਂ ਵਿਧਾਇਕ ਹਰਮੀਤ ਪਠਾਨਮਾਜਰਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਆਪ ਪਾਰਟੀ ਚੋਣ ਪ੍ਰਚਾਰ ਲਈ ਸਰਕਾਰੀ ਮਸ਼ੀਨਰੀ ਦੀ ਵਰਤੋ ਕਰ ਰਹੀ ਹੈ, ਵਿਧਾਇਕ ਹਰਮੀਤ ਪਠਾਨਮਾਜਰਾ ਦੀ ਪਾਇਲਟ ਗੱਡੀ ਆਪ ਪਾਰਟੀ ਦੇ ਝੰਡੇ ਅਤੇ ਪੋਸਟਰ ਲਿਜਾਣ ਲਈ ਵਰਤੀ ਜਾ ਰਹੀ। ਮਜੀਠੀਆ ਨੇ ਕਿਹਾ ਕਿ ਮੈਂ ਚੋਣ ਕਮਿਸ਼ਨ ਨੂੰ ਅਪੀਲ ਕਰਦਾ ਹਾਂ ਕਿ ਇਸ ਉਲੰਘਣਾ ਲਈ ਪਠਾਨਮਾਜਰਾ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏ।
ਜ਼ਿਕਰ ਕਰ ਦਈਏ ਕਿ ਮਜੀਠੀਆ ਆਮ ਆਦਮੀ ਪਾਰਟੀ ਨੂੰ ਘੇਰਨ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੇ, ਉਨ੍ਹਾਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਉਸ ਦਾ ਪੂਰਾ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ ਜੋ ਕਿ ਸਿਆਸਤ ਦੇ ਨਜ਼ਰੀਏ ਤੋਂ ਸਹੀ ਵੀ ਹੈ। ਇਸ ਤੋਂ ਪਹਿਲਾਂ ਮਜੀਠੀਆ ਨੇ ਲਿਖਿਆ, ਵੇਖ ਲਓ ਬਦਲਾਅ ਵਾਲਿਆਂ ਵੱਲੋਂ ਪੰਜਾਬ ’ਚ ਲਿਆਂਦਾ ਅਸਲ ਬਦਲਾਅ, ਸਾਰੀ ਜਨਤਾ ਕੁਰਲਾ ਰਹੀ ਐ, ਅਰਵਿੰਦ ਕੇਜਰੀਵਾਲ ਨੂੰ ਦੇਸ਼ ਭਰ ’ਚ ਸਥਾਪਿਤ ਕਰਨ ਲਈ ਪੰਜਾਬ ਉਜਾੜਿਆ ਜਾ ਰਿਹੈ..ਭਗਵੰਤ ਮਾਨ ਕਠਪੁਤਲੀ ਬਣ ਪੰਜਾਬ ਤੇ ਪੰਜਾਬੀਆਂ ਦਾ ਘਾਣ ਕਰ ਰਿਹੈ