Gun Culture in Punjab : ਗੰਨ ਕਲਚਰ 'ਤੇ ਨਕੇਲ ਕੱਸਦਿਆਂ ਪੰਜਾਬ ਪੁਲਿਸ ਨੇ ਸੂਬੇ 'ਚ 5000 ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਰੱਦ ਕੀਤੇ ਲਾਇਸੈਂਸ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਬਣਾਏ ਗਏ ਸੀ। ਇਸ 'ਚ ਕੁਝ ਲੋਕਾਂ ਨੇ ਫਰਜ਼ੀ ਰਿਹਾਇਸ਼ ਦਾ ਪਤਾ ਦਿੱਤਾ ਸੀ ਜਦਕਿ ਕੁਝ ਨੇ ਆਪਣੇ ਖਿਲਾਫ ਦਰਜ ਅਪਰਾਧਿਕ ਮਾਮਲੇ ਵੀ ਛੁਪਾ ਲਏ ਸਨ। ਅਸਲਾ ਲਾਇਸੈਂਸ ਦੀ ਵੈਰੀਫਿਕੇਸ਼ਨ ਦਾ ਕੰਮ ਸਾਰੇ ਜ਼ਿਲ੍ਹਿਆਂ ਵਿੱਚ ਚੱਲ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਇਸ ਤੋਂ ਬਾਅਦ ਵੀ ਸੂਚਨਾ ਛੁਪਾਉਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।


 


ਦੱਸ ਦਈਏ ਕਿ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਤੇ ਡੇਰਾ ਸੱਚਾ ਸੌਦਾ ਦੇ ਸਮਰਥਕ ਪ੍ਰਦੀਪ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਅਸਲਾ ਲਾਇਸੈਂਸ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਗਿਆ। ਅੰਕੜਿਆਂ ਮੁਤਾਬਕ ਪੂਰੇ ਪੰਜਾਬ ਵਿੱਚ ਇਸ ਸਮੇਂ ਕੁੱਲ 369191 ਬੰਦੂਕਾਂ ਦੇ ਲਾਇਸੈਂਸ ਹਨ। ਇਨ੍ਹਾਂ ਵਿੱਚੋਂ 4850 ਲਾਇਸੈਂਸ ਬਿਲਕੁਲ ਰੱਦ ਕਰ ਦਿੱਤੇ ਗਏ ਹਨ।


 


ਦਰਅਸਲ ਸੂਬਾ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ 23 ਜ਼ਿਲ੍ਹਿਆਂ ਵਿੱਚ ਡੀਸੀ ਅਤੇ ਐਸਐਸਪੀ ਪੱਧਰ ਦੀਆਂ ਕਮੇਟੀਆਂ ਬਣਾਈਆਂ ਗਈਆਂ ਹਨ, ਜੋ ਇਸ ਕੰਮ ਨੂੰ ਨੇਪਰੇ ਚਾੜ੍ਹ ਰਹੀਆਂ ਹਨ। ਹੁਣ ਤੱਕ ਪੂਰੇ ਪੰਜਾਬ ਵਿੱਚ 30 ਫੀਸਦੀ ਲਾਇਸੈਂਸ ਵੈਰੀਫਿਕੇਸ਼ਨ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹੁਣ ਅਸਲਾ ਗੋਦਾਮਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ।


 


ਇਸ ਤੋਂ ਇਲਾਵਾ ਜਿਨ੍ਹਾਂ ਦੇ ਲਾਇਸੈਂਸ ਵਿੱਚ ਖਾਮੀਆਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜ਼ਿਲ੍ਹਾ ਪੱਧਰ 'ਤੇ ਆਪਣੇ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਸੁਰੱਖਿਆ ਲੈਣ ਵਾਲਿਆਂ ਦੀ ਸੁਰੱਖਿਆ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮਾਂ ਨੂੰ ਸਿਖਲਾਈ ਵੀ ਦਿੱਤੀ ਜਾ ਰਹੀ ਹੈ।


 


ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਗੰਨ ਕਲਚਰ ਤੇਜ਼ੀ ਨਾਲ ਵਧਿਆ ਹੈ। ਦੇਸ਼ ਦੀ ਦੋ ਫੀਸਦੀ ਆਬਾਦੀ ਪੰਜਾਬ ਵਿੱਚ ਰਹਿੰਦੀ ਹੈ, ਪਰ ਇਸ ਕੋਲ ਦੇਸ਼ ਦੀਆਂ 10 ਫੀਸਦੀ ਬੰਦੂਕਾਂ ਹਨ। ਗ੍ਰਹਿ ਮੰਤਰਾਲੇ ਦੀ ਰਿਪੋਰਟ ਅਨੁਸਾਰ ਜਨਵਰੀ 2022 ਤੱਕ ਪੰਜਾਬ ਵਿੱਚ 3.90 ਲੱਖ ਤੋਂ ਵੱਧ ਲਾਇਸੈਂਸੀ ਬੰਦੂਕਾਂ ਹਨ। ਪੰਜਾਬ ਵਿੱਚ ਕਰੀਬ 55 ਲੱਖ ਪਰਿਵਾਰ ਹਨ ਤੇ 3 ਲੱਖ 90 ਹਜ਼ਾਰ ਤੋਂ ਵੱਧ ਅਸਲਾ ਲਾਇਸੈਂਸ ਹਨ। ਦੂਜੇ ਪਾਸੇ ਪੰਜਾਬ ਵਿੱਚ 70 ਤੋਂ ਵੱਧ ਗੈਂਗ ਸਰਗਰਮ ਹਨ ਤੇ ਇੱਥੇ 500 ਤੋਂ ਵੱਧ ਗੈਂਗਸਟਰ ਹਨ। ਗਿਰੋਹ ਦੇ ਬਹੁਤੇ ਆਗੂ ਵਿਦੇਸ਼ ਜਾਂ ਜੇਲ੍ਹ ਵਿੱਚ ਹਨ। ਇਹ ਦੋਵੇਂ ਥਾਵਾਂ ਤੋਂ ਆਪਣਾ ਅਪਰਾਧ ਨੈੱਟਵਰਕ (Crime Network) ਚਲਾਉਂਦੇ ਹਨ।