ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਅਰਸ਼ਦੀਪ ਕਲਰ ਨੇ ਕਿਹਾ ਕਿ ਕਾਂਗਰਸ ਨੇ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਅਤੇ ਉਹ ਧਰਮ ਨਿਰਪੱਖ ਹੋਣ ਦੀ ਗੱਲ ਕਰਦੇ ਹਨ।

 

ਕਾਂਗਰਸ ਨੂੰ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਅੱਜ ਦੀ ਮੰਗ ਇਹ ਹੈ ਕਿ ਗੁਰਬਾਣੀ ਦੀਆ ਤੁਕਾਂ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਸਰਬੱਤ ਦਾ ਭਲਾ ਮੰਗਦੇ ਹਨ  ਅਤੇ ਕਾਂਗਰਸ ਨੇ ਇਸ ਨੂੰ ਤੋੜ ਮਰੋੜ ਕੇ ਕਾਂਗਰਸ ਦੇ ਇਸ਼ਤਿਹਾਰ ਜਾਰੀ ਕੀਤੇ ਹਨ।

 

ਜਿਸ ਸਬੰਧੀ ਸ਼ਿਕਾਇਤ ਕੀਤੀ ਗਈ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ, ਜਿਸ 'ਚ ਜੇਕਰ ਕਾਂਗਰਸ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਹਮੇਸ਼ਾ ਹੀ ਧਰਮਾਂ ਨੂੰ ਆਪਣੇ ਲਈ ਵਰਤਿਆ ਹੈ ਅਤੇ ਜੋ ਸਿਆਸੀ ਗੀਤ ਵੋਟਾਂ ਬਟੋਰਨ ਲਈ ਵਰਤਿਆ ਜਾਂਦਾ ਹੈ, ਉਸ ਨੂੰ ਤੁਰੰਤ ਬੰਦ ਕੀਤਾ ਜਾਵੇ। ਇਸ ਲਈ ਕਾਂਗਰਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

 

ਇਸ ਤੋਂ ਪਹਿਲਾਂ ਬੀਤੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਪਾਰਟੀ ਵੱਲੋਂ ਆਪਣੇ ਨਿੱਜੀ ਅਤੇ ਰਾਜਸੀ ਹਿੱਤਾਂ ਲਈ ਸਿੱਖ ਅਰਦਾਸ ਦੀਆਂ ਆਖ਼ਰੀ ਸਤਰਾਂ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਨੂੰ ਤੋੜ-ਮਰੋੜ ਕੇ ‘ਪੰਜਾਬ ਦੀ ਚੜ੍ਹਦੀ ਕਲਾ, ਕਾਂਗਰਸ ਮੰਗੇ ਸਰਬੱਤ ਦਾ ਭਲਾ’ ਵਜੋਂ ਵਰਤਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਸੀ।

 

ਦੱਸਣਯੋਗ ਹੈ ਕਿ ਕਾਂਗਰਸ ਨੇ ਸਿੱਖ ਸ਼ਬਦਾਵਲੀ ਨੂੰ ਤੋੜ-ਮਰੋੜ ਕੇ ਥਾਂ-ਥਾਂ ਲਗਾਏ ਆਪਣੇ ਹੋਰਡਿੰਗ ਬੋਰਡਾਂ ’ਤੇ ਛਪਵਾਇਆ ਹੈ ਅਤੇ ਆਪਣੇ ਟਵਿੱਟਰ ’ਤੇ ਵੀ ਪੋਸਟ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਾਂਗਰਸ ਦੀ ਇਸ ਹਰਕਤ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੰਦਿਆਂ ਕਿਹਾ ਕਿ ਸਿੱਖ ਅਰਦਾਸ ਦੇ ਇਹ ਸ਼ਬਦ ਹਰ ਸਿੱਖ ਦੇ ਹਿਰਦੇ ਵਿਚ ਵਸੇ ਹੋਏ ਹਨ, ਜਦਕਿ ਕਾਂਗਰਸ ਨੇ ਇਨ੍ਹਾਂ ਨੂੰ ਬਦਲ ਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਿੱਖ ਸ਼ਬਦਾਵਲੀ ਨੂੰ ਤੋੜ-ਮਰੋੜ ਕੇ ਵਰਤਣ ਨਾਲ ਸਿੱਖ ਸਮਾਜ ਅੰਦਰ ਭਾਰੀ ਰੋਸ ਪੈਦਾ ਹੋਇਆ ਹੈ ਅਤੇ ਇਸ ਨੂੰ ਲੈ ਕੇ ਸਿੱਖਾਂ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਹੁੰਦਿਆਂ ਸ਼੍ਰੋਮਣੀ ਕਮੇਟੀ ਨੂੰ ਸੰਗਤ ਦੇ ਇਤਰਾਜ਼ ਮਿਲ ਰਹੇ ਹਨ।