ਗੁਰਦਾਸਪੁਰ:  ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਜਾਰੀ ਹਨ, ਓਥੇ ਹੀ ਕਈ ਥਾਈਂ ਛੋਟੇ ਮੋਟੇ ਝਗੜੇ ਵੀ ਹੋ ਰਹੇ ਹਨ। ਇਲਜ਼ਾਮ ਹੈ ਕਿ ਪਿੰਡ ਪਾਹੜਾ ਦੇ ਬੂਥ ਨੰ. 51 'ਤੇ ਹੋਏ ਵਿਵਾਦ ਵਿਚ ਸਾਬਕਾ ਅਕਾਲੀ ਸਰਪੰਚ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੀੜਤ ਧਿਰ ਨੇ ਪੁਲੀਸ ਸ਼ਿਕਾਇਤ ਵੀ ਕੀਤੀ ਹੈ।


ਗੁਰਦਾਸਪੁਰ ਚੋਣ ਨੂੰ ਸ਼ਾਂਤੀਪੂਰਨ ਕਰਵਾਉਣ ਲਈ ਚੋਣ ਕਮਿਸ਼ਨ ਵੱਲੋਂ ਵੱਡੇ ਪੱਧਰ 'ਤੇ ਪੁਲੀਸ ਤੇ ਪੈਰਾ ਮਿਲਟਰੀ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਕਮਿਸ਼ਨ ਨੇ ਅਤੀ ਸੰਵੇਦਨਸ਼ੀਲ ਬੂਥਾਂ ਨੂੰ ਸੁਰੱਖਿਆ ਦੀ ਜ਼ਿਆਦਾ ਤਰਜ਼ੀਹ ਦਿੱਤੀ ਹੈ। ਕਮਿਸ਼ਨ ਦੇ ਮੁਖੀ ਵੇਕੇ ਸਿੰਘ ਨੇ ਕਿਹਾ ਸੀ ਕਿ ਚੋਣ 'ਚ ਹਿੰਸਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਇਸ ਲਈ ਸਾਡੇ ਵੱਲੋਂ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਦੱਸਣਯੋਗ ਹੈ ਕਿ ਮਾਝੇ ਇਲਾਕੇ 'ਚ ਚੋਣ ਸਮੇਂ ਪਹਿਲਾਂ ਵੀ ਹਿੰਸਾ ਦੀਆਂ ਘਟਨਾਵਾਂ ਜ਼ਿਆਦਾ ਸਾਹਮਣੇ ਆਉਂਦੀਆਂ ਹਨ ਤੇ ਇਸੇ ਨੂੰ ਧਿਆਨ 'ਚ ਰੱਖਦਿਆਂ ਹੀ ਕਮਿਸ਼ਨ ਪੂਰੀ ਤਰ੍ਹਾਂ ਸਰਗਰਮ ਹੈ। ਕਮਿਸ਼ਨ ਦੀ ਸ਼ਖ਼ਤੀ ਦਾ ਹੀ ਨਤੀਜਾ ਹੈ ਕਿ ਕੋਈ ਵੀ ਵੱਡੀ ਰੌਲੇ ਰੱਪੇ ਵਾਲੀ ਘਟਨਾ ਸਾਹਮਣੇ ਨਹੀਂ ਆਈ ਹੈ।