Chandigarh Blast Update: ਸਿੱਖ ਫਾਰ ਜਸਟਿਸ (SFJ) ਦੇ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਿਸ ਨੂੰ ਚੁਣੌਤੀ ਦਿੰਦਿਆਂ ਧਮਕੀ ਦਿੱਤੀ ਹੈ। ਪੰਨੂ ਨੇ ਆਪਣੀ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਹੈ ਜਿਸ ਵਿੱਚ ਉਸ ਨੇ ਚੰਡੀਗੜ੍ਹ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਭਵਿੱਖ ਵਿੱਚ ਵੀ ਅਜਿਹੇ ਹਮਲੇ ਕਰਨ ਦੀ ਚੁਣੌਤੀ ਦਿੱਤੀ ਗਈ ਹੈ।
ਪੰਨੂ ਨੇ ਆਪਣੀ ਵਾਇਰਲ ਵੀਡੀਓ 'ਚ ਕਿਹਾ- ਚੰਡੀਗੜ੍ਹ ਧਮਾਕਾ ਖਾਲਸਾਈ ਇਨਸਾਫ ਦੀ ਆਵਾਜ਼ ਬੁਲੰਦ ਕਰਦਾ ਹੈ। ਪੰਜਾਬ ਪੁਲਿਸ ਨੇ ਚੰਡੀਗੜ੍ਹ 'ਚ ਧਮਾਕੇ ਨੂੰ ਅੰਜਾਮ ਦੇਣ ਵਾਲਿਆਂ ਦੇ ਸਿਰ 'ਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਸਿੱਖ ਫਾਰ ਜਸਟਿਸ ਨੌਜਵਾਨਾਂ ਦੇ ਬਚਾਅ 'ਤੇ 5 ਲੱਖ ਰੁਪਏ ਖਰਚ ਕਰੇਗੀ।
SFJ ਦਾ ਸੁਨੇਹਾ ਜਸਕੀਰਤ ਸਿੰਘ ਚਾਹਲ ਵਰਗੇ ਪੁਲਿਸ ਅਫਸਰਾਂ ਨੂੰ ਹੈ। ਅੱਜ ਭਗਵੰਤ ਮਾਨ ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰਾਂ ਜਾਂ ਅੱਤਵਾਦੀਆਂ ਦੇ ਨਾਂਅ 'ਤੇ ਮਾਰਦਾ ਹੈ। ਖ਼ਾਲਸਾਈ ਇਨਸਾਫ਼ ਦੀ ਗੋਲੀ ਸਦਾ ਚੱਲੇਗੀ। SFJ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਵੋਟ ਮੁਹਿੰਮ ਚਲਾ ਰਹੀ ਹੈ। ਭਗਵੰਤ ਮਾਨ ਤੇ ਪੁਲਿਸ ਅਫਸਰ ਯਾਦ ਰੱਖਣ ਕਿ ਸੂਚੀਆਂ ਬਣ ਚੁੱਕੀਆਂ ਹਨ ਅਤੇ ਚੁਣ-ਚੁਣ ਕੇ ਇਨਸਾਫ਼ ਲਿਆ ਜਾਵੇਗਾ।
ਪੰਨੂ ਦੀ ਇਹ ਵੀਡੀਓ ਅੱਤਵਾਦੀ ਹਮਲੇ ਦੇ ਦੋਸ਼ੀ ਰੋਹਨ ਮਸੀਹ ਦੀ ਗ੍ਰਿਫਤਾਰੀ ਤੋਂ ਪਹਿਲਾਂ ਆਈ ਹੈ। ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਪੁਲਿਸ ਨੇ ਗ੍ਰਨੇਡ ਸੁੱਟਣ ਵਾਲੇ ਦੋਸ਼ੀ ਰੋਹਨ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮੁਲਜ਼ਮ ਅੰਮ੍ਰਿਤਸਰ ਦੇ ਪਿੰਡ ਪਸ਼ੀਆ ਦਾ ਰਹਿਣ ਵਾਲਾ ਹੈ। ਉਸ ਦੇ ਕਬਜ਼ੇ ਵਿੱਚੋਂ ਇੱਕ 9 ਐਮਐਮ ਦਾ ਗਲਾਕ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।