Kangana Ranaut slapping: ਖਾਲਿਸਤਾਨ ਪੱਖੀ ਸਿੱਖ ਲੀਡਰ ਗੁਰਪਤਵੰਤ ਸਿੰਘ ਪੰਨੂ (Gurpatwant Singh Pannun)ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦਾ ਸਮਰਥਨ ਕੀਤਾ ਹੈ। ਪੰਨੂ ਨੇ CISF ਕਾਂਸਟੇਬਲ ਦੀ ਤਾਰੀਫ ਕਰਦੇ ਹੋਏ ਵੀਡੀਓ ਜਾਰੀ ਕੀਤਾ ਹੈ। ਉਸ ਨੇ ਕਿਹਾ ਕਿ ਉਹ ਕੰਗਨਾ ਨੂੰ ਥੱਪੜ ਮਾਰਨ ਤੋਂ ਖੁਸ਼ ਹੈ ਤੇ ਇਸ ਲਈ ਉਹ ਮਹਿਲਾ ਕਾਂਸਟੇਬਲ ਨੂੰ 10,000 ਡਾਲਰ (8 ਲੱਖ ਭਾਰਤੀ ਰੁਪਏ) ਦੇ ਇਨਾਮ ਦਾ ਐਲਾਨ ਕਰਦਾ ਹੈ। ਪੰਨੂ ਨੇ ਇੱਕ ਵਾਰ ਫਿਰ ਵੀਡੀਓ ਵਿੱਚ ਪੀਐਮ ਮੋਦੀ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ।



ਦਰਅਸਲ, ਫਿਲਮ ਅਭਿਨੇਤਰੀ ਤੇ ਭਾਜਪਾ ਸੰਸਦ ਮੈਂਬਰ ਕਗਨਾ ਰਣੌਤ ਨਾਲ ਚੰਡੀਗੜ੍ਹ ਏਅਰਪੋਰਟ 'ਤੇ ਉਸ ਸਮੇਂ ਥੱਪੜ ਜੜਿਆ ਗਿਆ ਜਦੋਂ ਉਹ ਦਿੱਲੀ ਲਈ ਰਵਾਨਾ ਹੋ ਰਹੀ ਸੀ। ਇਸ ਦੌਰਾਨ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਥੱਪੜ ਜੜ ਦਿੱਤਾ। ਇਸ 'ਤੇ ਕੰਗਨਾ ਨੇ ਕਿਹਾ ਕਿ ਕਾਂਸਟੇਬਲ ਖਾਲਿਸਤਾਨੀ ਅੰਦਾਜ਼ 'ਚ ਪਿੱਛੇ ਤੋਂ ਆਈ ਤੇ ਉਸ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ।


ਮੇਜਰ ਗੌਰਵ ਆਰੀਆ ਨੇ ਕੀ ਕਿਹਾ?



ਥੱਪੜ ਦੀ ਘਟਨਾ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਚ ਸਾਬਕਾ ਮੇਜਰ ਗੌਰਵ ਆਰੀਆ ਦਾ ਟਵੀਟ ਸਾਂਝਾ ਕੀਤਾ। ਇਸ ਟਵੀਟ 'ਚ ਗੌਰਵ ਆਰੀਆ ਨੇ ਲਿਖਿਆ, 'ਕੰਗਨਾ ਰਣੌਤ 'ਤੇ ਹਮਲਾ ਕਰਨ ਵਾਲੀ CISF ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸਜ਼ਾ ਮਿਲੇਗੀ। ਅਜਿਹੇ 'ਚ ਕਾਂਸਟੇਬਲ ਦੀ ਨੌਕਰੀ ਖੁੱਸ ਸਕਦੀ ਹੈ। ਉਸ ਨੇ ਹਮਲੇ ਦੀ ਯੋਜਨਾ ਬਣਾਈ। ਕਿਸਾਨ ਅੰਦੋਲਨ ਦਾ ਸਮਰਥਨ ਕਰਨ ਦੀ ਗੱਲ ਪੂਰੀ ਤਰ੍ਹਾਂ ਬਕਵਾਸ ਹੈ।


ਕੰਗਨਾ ਨੇ ਖਾਲਿਸਤਾਨੀ ਹਮਾਇਤ ਵੱਲ ਇਸ਼ਾਰਾ ਕੀਤਾ



ਇਸ ਘਟਨਾ ਤੋਂ ਬਾਅਦ ਕੰਗਨਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਉਸ ਨੇ ਨਜ਼ਰਾਂ ਫੇਰ ਲਈਆਂ।' ਕੰਗਨਾ ਨੇ ਅੱਗੇ ਲਿਖਿਆ, 'ਕਿਸਾਨ ਕਾਨੂੰਨ ਰੱਦ ਕਰ ਦਿੱਤੇ ਗਏ ਹਨ, ਹੁਣ ਇਸ ਨਾਲ ਕਿਸੇ ਦਾ ਕੋਈ ਲੈਣਾ-ਦੇਣਾ ਨਹੀਂ। ਸ਼ਾਇਦ ਇਹ ਉਸ ਦਾ ਖਾਲਿਸਤਾਨ ਵਿੱਚ ਸ਼ਾਮਲ ਹੋਣ ਦਾ ਤਰੀਕਾ ਸੀ, ਜੋ ਪੰਜਾਬ ਵਿੱਚ ਅਹਿਮ ਸਿਆਸੀ ਸੀਟਾਂ ਜਿੱਤ ਰਹੇ ਹਨ। ਕੰਗਨਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਮਹਿਲਾ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।